ਭੈਰਉ ਮਹਲਾ ੫ ॥
Bhairao, Fifth Mehl:
ਭੈਰਉ ਪੰਜਵੀਂ ਪਾਤਿਸ਼ਾਹੀ।
ਤਉ ਕੜੀਐ ਜੇ ਹੋਵੈ ਬਾਹਰਿ ॥
We should feel sad, if God were beyond us.
ਜੇ (ਜੀਵ ਨੂੰ ਇਹ ਖ਼ਿਆਲ ਬਣਿਆ ਰਹੇ ਕਿ ਪਰਮਾਤਮਾ ਮੈਥੋਂ ਵੱਖਰਾ) ਕਿਤੇ ਦੂਰ ਹੈ, ਤਦੋਂ (ਹਰ ਗੱਲੇ) ਚਿੰਤਾ ਕਰੀਦੀ ਹੈ। ਤਉ = ਤਦੋਂ, ਤਾਂ ਹੀ। ਕੜੀਐ = ਚਿੰਤਾ ਕਰੀਦੀ ਹੈ, ਖਿੱਝੀਦਾ ਹੈ।
ਤਉ ਕੜੀਐ ਜੇ ਵਿਸਰੈ ਨਰਹਰਿ ॥
We should feel sad, if we forget the Lord.
ਤਦੋਂ ਭੀ ਝੁਰਦੇ ਰਹੀਦਾ ਹੈ ਜੇ ਪਰਮਾਤਮਾ (ਸਾਡੇ ਮਨੋਂ) ਭੁੱਲ ਜਾਏ। ਵਿਸਰੈ = ਭੁੱਲ ਜਾਂਦਾ ਹੈ। ਨਰਹਰਿ = ਪਰਮਾਤਮਾ।
ਤਉ ਕੜੀਐ ਜੇ ਦੂਜਾ ਭਾਏ ॥
We should feel sad, if we are in love with duality.
ਜਦੋਂ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਪਦਾਰਥ (ਪਰਮਾਤਮਾ ਨਾਲੋਂ ਵਧੀਕ) ਪਿਆਰਾ ਲੱਗਣ ਲੱਗ ਪੈਂਦਾ ਹੈ, ਤਦੋਂ (ਭੀ) ਝੁਰਦੇ ਰਹੀਦਾ ਹੈ। ਭਾਏ = ਚੰਗਾ ਲੱਗਦਾ ਹੈ।
ਕਿਆ ਕੜੀਐ ਜਾਂ ਰਹਿਆ ਸਮਾਏ ॥੧॥
But why should we feel sad? The Lord is pervading everywhere. ||1||
ਪਰ ਜਦੋਂ (ਇਹ ਯਕੀਨ ਬਣਿਆ ਰਹੇ ਕਿ ਪਰਮਾਤਮਾ) ਹਰੇਕ ਥਾਂ ਵਿਆਪਕ ਹੈ, ਤਦੋਂ ਚਿੰਤਾ-ਝੋਰਾ ਮਿਟ ਜਾਂਦਾ ਹੈ ॥੧॥ ਕਿਆ ਕੜੀਐ = ਝੂਰਨ ਦੀ ਲੋੜ ਨਹੀਂ ਪੈਂਦੀ। ਜਾਂ = ਜਦੋਂ ॥੧॥
ਮਾਇਆ ਮੋਹਿ ਕੜੇ ਕੜਿ ਪਚਿਆ ॥
In love and attachment to Maya, the mortals are sad, and are consumed by sadness.
ਮਾਇਆ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ ਖਿੱਝ ਖਿੱਝ ਕੇ ਆਤਮਕ ਮੌਤ ਮਰਦਾ ਰਹਿੰਦਾ ਹੈ। ਮੋਹਿ = ਮੋਹ ਵਿਚ (ਫਸ ਕੇ)। ਕੜੇ ਕੜਿ = ਕੜਿ ਕੜਿ, ਖਿੱਝ ਖਿੱਝ ਕੇ। ਪਚਿਆ = ਸੜ ਮਰਦਾ ਹੈ।
ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
Without the Name, they wander and wander and wander, and waste away. ||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ (ਮਾਇਆ ਦੀ ਖ਼ਾਤਰ) ਭਟਕ ਕੇ ਭਟਕ ਕੇ ਭਟਕ ਕੇ ਖ਼ੁਆਰ ਹੁੰਦਾ ਰਹਿੰਦਾ ਹੈ ॥੧॥ ਰਹਾਉ ॥ ਭ੍ਰਮਿ = ਭਟਕ ਕੇ। ਖਪਿਆ = ਦੁਖੀ ਹੁੰਦਾ ਹੈ ॥੧॥ ਰਹਾਉ ॥
ਤਉ ਕੜੀਐ ਜੇ ਦੂਜਾ ਕਰਤਾ ॥
We should feel sad, if there were another Creator Lord.
ਜੇ (ਇਹ ਖ਼ਿਆਲ ਟਿਕਿਆ ਰਹੇ ਕਿ ਪਰਮਾਤਮਾ ਤੋਂ ਬਿਨਾ) ਕੋਈ ਹੋਰ ਕੁਝ ਕਰ ਸਕਣ ਵਾਲਾ ਹੈ, ਤਦੋਂ ਚਿੰਤਾ-ਫ਼ਿਕਰ ਵਿਚ ਫਸੇ ਰਹੀਦਾ ਹੈ।
ਤਉ ਕੜੀਐ ਜੇ ਅਨਿਆਇ ਕੋ ਮਰਤਾ ॥
We should feel sad, if someone dies by injustice.
ਤਦੋਂ ਭੀ ਝੂਰੀਦਾ ਹੈ ਜੇ ਇਹ ਖ਼ਿਆਲ ਬਣੇ ਕਿ ਕੋਈ ਪ੍ਰਾਣੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਮਰ ਸਕਦਾ ਹੈ। ਅਨਿਆਇ = ਅ-ਨਿਆਇ, ਨਿਆਂ ਦੇ ਉਲਟ, ਪਰਮਾਤਮਾ ਦੇ ਹੁਕਮ ਤੋਂ ਬਾਹਰਾ। ਕੋ = ਕੋਈ ਜੀਵ।
ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥
We should feel sad, if something were not known to the Lord.
ਜੇ ਇਹ ਯਕੀਨ ਟਿਕ ਜਾਏ ਕਿ ਪਰਮਾਤਮਾ ਸਾਡੀਆਂ ਲੋੜਾਂ ਜਾਣਦਾ ਨਹੀਂ ਹੈ, ਤਾਂ ਭੀ ਝੁਰਦੇ ਰਹੀਦਾ ਹੈ।
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥
But why should we feel sad? The Lord is totally permeating everywhere. ||2||
ਪਰ, ਹੇ ਪ੍ਰਭੂ! ਤੂੰ ਤਾਂ ਹਰ ਥਾਂ ਮੌਜੂਦ ਹੈਂ, ਫਿਰ ਅਸੀਂ ਚਿੰਤਾ-ਫ਼ਿਕਰ ਕਿਉਂ ਕਰੀਏ? ॥੨॥ ਭਰਪੂਰਿ = ਹਰ ਥਾਂ, ਨਕਾ-ਨਕ। ਸਮਾਹੀ = (ਹੇ ਪ੍ਰਭੂ!) ਤੂੰ ਵਿਆਪਕ ਹੈਂ ॥੨॥
ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥
We should feel sad, if God were a tyrant.
ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਕੁਝ ਭੀ ਪਰਮਾਤਮਾ ਦੇ ਹੁਕਮ ਤੋਂ ਬਾਹਰਾ ਨਹੀਂ ਹੁੰਦਾ, ਧਿਙਾਣੈ = ਬਦੋ ਬਦੀ, ਪਰਮਾਤਮਾ ਤੋਂ ਬੇ-ਵਸਾ।
ਤਉ ਕੜੀਐ ਜੇ ਭੂਲਿ ਰੰਞਾਣੈ ॥
We should feel sad, if He made us suffer by mistake.
ਕਿਸੇ ਨੂੰ ਭੀ ਉਹ ਭੁਲੇਖੇ ਨਾਲ ਦੁਖੀ ਨਹੀਂ ਕਰਦਾ, ਫਿਰ ਚਿੰਤਾ-ਫ਼ਿਕਰ ਕਿਉਂ ਕੀਤਾ ਜਾਏ? ਭੂਲਿ = ਭੁੱਲ ਕੇ, ਭੁਲੇਖੇ ਨਾਲ। ਰੰਞਾਣੈ = ਦੁਖੀ ਕਰਦਾ ਹੈ।
ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥
The Guru says that whatever happens is all by God's Will.
ਗੁਰੂ ਨੇ ਇਹ ਦੱਸਿਆ ਹੈ ਕਿ ਜੋ ਕੁਝ ਹੁੰਦਾ ਹੈ ਸਭ ਪ੍ਰਭੂ ਦੇ ਹੁਕਮ ਨਾਲ ਹੀ ਹੁੰਦਾ ਹੈ। ਗੁਰਿ = ਗੁਰੂ ਨੇ। ਪ੍ਰਭ ਤੇ = ਪ੍ਰਭੂ ਤੋਂ, ਪ੍ਰਭੂ ਦੇ ਹੁਕਮ ਨਾਲ।
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥
So I have abandoned sadness, and I now sleep without anxiety. ||3||
ਇਸ ਵਾਸਤੇ ਅਸੀਂ ਤਾਂ ਚਿੰਤਾ-ਫ਼ਿਕਰ ਛੱਡ ਕੇ (ਉਸ ਦੀ ਰਜ਼ਾ ਵਿਚ) ਬੇ-ਫ਼ਿਕਰ ਟਿਕੇ ਹੋਏ ਹਾਂ ॥੩॥ ਕਾੜਾ = ਖਿੱਝ, ਚਿੰਤਾ। ਛੋਡਿ = ਛੱਡ ਕੇ। ਅਚਿੰਤ = ਬੇ-ਫ਼ਿਕਰ। ਸੋਤੇ = ਸੌਂਦੇ ਹਾਂ, ਰਹਿੰਦੇ ਹਾਂ ॥੩॥
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥
O God, You alone are my Lord and Master; all belong to You.
ਹੇ ਪ੍ਰਭੂ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ) ਹੈ। ਪ੍ਰਭ = ਹੇ ਪ੍ਰਭੂ! ਠਾਕੁਰੁ = ਮਾਲਕ। ਸਭੁ ਕੋ = ਹਰੇਕ ਜੀਵ।
ਜਿਉ ਭਾਵੈ ਤਿਉ ਕਰਹਿ ਨਿਬੇਰਾ ॥
According to Your Will, You pass judgement.
ਜਿਵੇਂ ਤੇਰੀ ਰਜ਼ਾ ਹੁੰਦੀ ਹੈ, ਤੂੰ (ਜੀਵਾਂ ਦੀ ਕਿਸਮਤ ਦਾ) ਫ਼ੈਸਲਾ ਕਰਦਾ ਹੈਂ। ਕਰਹਿ = ਤੂੰ ਕਰਦਾ ਹੈਂ। ਨਿਬੇਰਾ = ਫ਼ੈਸਲਾ।
ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥
There is no other at all; the One Lord is permeating and pervading everywhere.
ਹੇ ਪ੍ਰਭੂ! ਤੈਥੋਂ ਬਿਨਾ (ਤੇਰੇ ਬਰਾਬਰ ਦਾ) ਹੋਰ ਕੋਈ ਨਹੀਂ ਹੈ, ਤੂੰ ਹੀ ਹਰ ਥਾਂ ਵਿਆਪਕ ਹੈਂ। ਦੁਤੀਆ = ਦੂਜਾ, ਤੈਥੋਂ ਬਿਨਾ ਕੋਈ ਹੋਰ। ਨਾਸਤਿ = ਨ ਅਸਤਿ, ਨਹੀਂ ਹੈ {अस्ति}।
ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥
Please save Nanak's honor; I have come to Your Sanctuary. ||4||5||18||
ਹੇ ਨਾਨਕ! (ਪ੍ਰਭੂ ਦੇ ਦਰ ਤੇ ਹੀ ਅਰਦਾਸ ਕਰਿਆ ਕਰ ਕਿ, ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ॥੪॥੫॥੧੮॥ ਪੈਜ = ਲਾਜ, ਇੱਜ਼ਤ ॥੪॥੫॥੧੮॥