ਮਾਲੀ ਗਉੜਾ ਮਹਲਾ ੪ ॥
Maalee Gauraa, Fourth Mehl:
ਮਾਲੀ ਗਉੜਾ ਚੌਥੀ ਪਾਤਸ਼ਾਹੀ।
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥
All the Siddhas, seekers and silent sages, with their minds full of love, meditate on the Lord.
ਜਿਨ੍ਹਾਂ ਸਾਰੇ ਸਿੱਧਾਂ ਨੇ, ਸਾਧਿਕਾਂ ਨੇ, ਮੁਨੀਆਂ ਨੇ ਆਪਣੇ ਮਨ ਵਿਚ (ਗੁਰੂ-ਚਰਨਾਂ ਵਿਚ) ਸਰਧਾ ਬਣਾ ਕੇ ਪਰਮਾਤਮਾ ਦਾ ਧਿਆਨ ਧਾਰਿਆ, ਸਭਿ = ਸਾਰੇ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਸਾਧਿਕ = ਜੋਗ-ਸਾਧਨ ਕਰਨ ਵਾਲੇ। ਮਨਿ = ਮਨ ਵਿਚ। ਭਾਵਨੀ = ਸਰਧਾ, ਪਿਆਰ।
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥੧॥ ਰਹਾਉ ॥
The Supreme Lord God, my Lord and Master, is limitless; the Guru has inspired me to know the unknowable Lord. ||1||Pause||
ਗੁਰੂ ਨੇ ਉਹਨਾਂ ਨੂੰ ਉਹ ਅਲੱਖ ਹਰੀ ਉਸ ਅਪਰੰਪਰ ਪਾਰਬ੍ਰਹਮ ਸੁਆਮੀ (ਅੰਦਰ-ਵੱਸਦਾ) ਵਿਖਾ ਦਿੱਤਾ ॥੧॥ ਰਹਾਉ ॥ ਅਪਰੰਪਰੋ = ਬੇਅੰਤ ਪ੍ਰਭੂ। ਅਲਖੁ = ਅਦ੍ਰਿਸ਼ਟ। ਗੁਰੂ = ਗੁਰੂ ਨੇ। ਲਖਾਇਆ = ਵਿਖਾ ਦਿੱਤਾ ॥੧॥ ਰਹਾਉ ॥
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥
I am low, and I commit evil actions; I have not remembered my Sovereign Lord.
ਅਸੀਂ ਜੀਵ ਨੀਵੇਂ ਤੇ ਹੌਲੇ ਮੇਲ ਦੇ ਕੰਮ ਹੀ ਕਰਦੇ ਰਹਿੰਦੇ ਹਾਂ, ਕਦੇ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਨਹੀਂ ਕਰਦੇ। ਹਮ = ਅਸੀਂ ਜੀਵ। ਮਧਿਮ = ਹੌਲੇ ਮੇਲ ਦੇ। ਕਰਮ = ਕੰਮ। ਹਰਿ ਰਾਇਓ = ਪ੍ਰਭੂ ਪਾਤਿਸ਼ਾਹ।
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥੧॥
The Lord has led me to meet the True Guru; in an instant, He liberated me from bondage. ||1||
ਪਰਮਾਤਮਾ ਨੇ ਜਿਸ ਨੂੰ ਗੁਰੂ ਲਿਆ ਕੇ ਮਿਲਾ ਦਿੱਤਾ, ਗੁਰੂ ਨੇ ਉਸ ਨੂੰ ਇਕ ਖਿਨ ਵਿਚ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਦਿਵਾ ਦਿੱਤੀ ॥੧॥ ਆਨਿ = ਲਿਆ ਕੇ। ਬੰਧ ਮੁਕਤਿ = ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ॥੧॥
ਪ੍ਰਭਿ ਮਸਤਕੇ ਧੁਰਿ ਲੀਖਿਆ ਗੁਰਮਤੀ ਹਰਿ ਲਿਵ ਲਾਇਓ ॥
Such is the destiny God wrote on my forehead; following the Guru's Teachings, I enshrine love for the Lord.
ਪ੍ਰਭੂ ਨੇ ਜਿਸ ਮਨੁੱਖ ਦੇ ਮੱਥੇ ਉਤੇ (ਗੁਰੂ-ਮਿਲਾਪ ਦਾ) ਲੇਖ ਲਿਖ ਦਿੱਤਾ, ਉਸ ਨੇ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਵਿਚ ਸੁਰਤ ਜੋੜ ਲਈ; ਪ੍ਰਭਿ = ਪ੍ਰਭੂ ਨੇ। ਮਸਤਕੇ = (ਜਿਸ ਦੇ) ਮੱਥੇ ਉੱਤੇ। ਧੁਰਿ = ਧੁਰ-ਦਰਗਾਹ ਤੋਂ। ਗੁਰਮਤੀ = ਗੁਰੂ ਦੀ ਮੱਤ ਲੈ ਕੇ। ਲਿਵ = ਲਗਨ।
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥੨॥
The Panch Shabad, the five primal sounds, vibrate and resound in the Court of the Lord; meeting the Lord, I sing the songs of joy. ||2||
ਜਿਸ ਪਰਮਾਤਮਾ ਦੀ ਹਜ਼ੂਰੀ ਵਿਚ ਹਰ ਵੇਲੇ (ਮਾਨੋ) ਪੰਜਾਂ ਕਿਸਮਾਂ ਦੇ ਸਾਜ਼ਾਂ ਦਾ ਰਾਗ ਹੋ ਰਿਹਾ ਹੈ (ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਨੂੰ ਉਹ ਪਰਮਾਤਮਾ ਮਿਲ ਪਿਆ, ਉਹ ਮਨੁੱਖ ਸਦਾ ਸਿਫ਼ਤ-ਸਾਲਾਹ ਦਾ ਗੀਤ ਹੀ ਗਾਂਦਾ ਰਹਿੰਦਾ ਹੈ ॥੨॥ ਦਰਗਹ = ਜਿਸ ਪ੍ਰਭੂ ਦੀ ਹਜ਼ੂਰੀ ਵਿਚ। ਪੰਚ ਸਬਦਿ ਬਾਜਿਆ = ਪੰਜ ਕਿਸਮਾਂ ਦੇ ਸਾਜ਼ਾਂ ਦੇ ਰਾਗ ਹੁੰਦੇ ਰਹਿੰਦੇ ਹਨ (ਤਾਰ, ਚੰਮ, ਧਾਤ, ਘੜੇ, ਫੂਕ ਵਾਲੇ ਸਾਜ)। ਮੰਗਲੁ = ਖ਼ੁਸ਼ੀ ਦਾ ਗੀਤ, ਸਿਫ਼ਤ-ਸਾਲਾਹ ਦਾ ਗੀਤ ॥੨॥
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥
The Naam, the Name of the Lord, is the Purifier of sinners; the unfortunate wretches do not like this.
ਪਰਮਾਤਮਾ ਦਾ ਨਾਮ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ, ਪਰ ਬਦ-ਕਿਸਮਤ ਬੰਦਿਆਂ ਨੂੰ ਹਰਿ-ਨਾਮ ਪਿਆਰਾ ਨਹੀਂ ਲੱਗਦਾ। ਪਤਿਤ ਪਾਵਨੁ = ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ। ਨਰਹਰਿ = ਪਰਮਾਤਮਾ। ਭਾਇਓ = ਚੰਗਾ ਲੱਗਾ।
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥੩॥
They rot away in the womb of reincarnation; they fall apart like salt in water. ||3||
ਜਿਵੇਂ ਲੂਣ ਪਾਣੀ ਵਿਚ ਪਿਆ ਹੋਇਆ ਗਲ ਜਾਂਦਾ ਹੈ, ਤਿਵੇਂ ਉਹ (ਮੰਦ-ਭਾਗੀ) ਬੰਦੇ (ਨਾਮ-ਹੀਣ ਰਹਿ ਕੇ) ਅਨੇਕਾਂ ਜੂਨਾਂ ਵਿਚ ਗਾਲੇ ਜਾਂਦੇ ਹਨ ॥੩॥ ਤੇ = ਉਹ {ਬਹੁ-ਵਚਨ}। ਗਾਲੀਅਹਿ = ਗਾਲੇ ਜਾਂਦੇ ਹਨ। ਲੋਨੁ = ਲੂਣ। ਜਲਹਿ = ਪਾਣੀ ਵਿਚ ॥੩॥
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥
Please bless me with such understanding, O Inaccessible Lord God, my Lord and Master, that my mind may remain attached to the Guru's feet.
ਹੇ ਹਰੀ! ਹੇ ਅਪਹੁੰਚ ਪ੍ਰਭੂ! ਹੇ ਠਾਕੁਰ! ਮੈਨੂੰ ਅਜਿਹੀ ਮੱਤ ਦੇਹ ਕਿ ਮੈਂ ਗੁਰੂ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਾਂ, ਹਰਿ ਪ੍ਰਭ = ਹੇ ਹਰੀ! ਹੇ ਪ੍ਰਭੂ! ਦੇਹਿ = ਤੂੰ ਦੇਹ {ਹੁਕਮੀ ਭਵਿੱਖਤ, ਮੱਧਮ ਪੁਰਖ, ਇਕ-ਵਚਨ}। ਅਗਮ = ਹੇ ਅਗਮ! ਗੁਰ ਚਰਨ = ਗੁਰੂ ਦੇ ਚਰਨਾਂ ਵਿਚ।
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥੪॥੩॥
Servant Nanak remains attached to the Name of the Lord; he is merged in the Naam. ||4||3||
ਹੇ ਦਾਸ ਨਾਨਕ! (ਬੇਨਤੀ ਕਰ ਕਿ ਗੁਰੂ ਦੀ ਕਿਰਪਾ ਨਾਲ) ਮੈਂ ਹਰਿ-ਨਾਮ ਵਿਚ ਹੀ ਜੁੜਿਆ ਰਹਾਂ, ਮੈਂ ਹਰਿ-ਨਾਮ ਵਿਚ ਹੀ ਲੀਨ ਰਹਾਂ ॥੪॥੩॥ ਨਾਮੈ = ਨਾਮ ਵਿਚ ਹੀ। ਰਹਉ = ਰਹਉਂ, ਮੈਂ ਰਹਾਂ। ਨਾਮਿ ਸਮਾਇਓ = (ਮੈਂ) ਨਾਮ ਵਿਚ ਲੀਨ ਰਹਾਂ ॥੪॥੩॥