ਬਸੰਤੁ ਮਹਲਾ

Basant, Third Mehl:

ਬਸੰਤ ਤੀਜੀ ਪਾਤਿਸ਼ਾਹੀ।

ਬਿਨੁ ਕਰਮਾ ਸਭ ਭਰਮਿ ਭੁਲਾਈ

Without the grace of good karma, all are deluded by doubt.

ਪ੍ਰਭੂ ਦੀ ਬਖ਼ਸ਼ਸ਼ ਤੋਂ ਬਿਨਾ ਸਾਰੀ (ਲੋਕਾਈ) ਨੂੰ ਭਟਕਣਾ ਨੇ ਕੁਰਾਹੇ ਪਾ ਰੱਖਿਆ ਹੈ, ਕਰਮਾ = ਕਰਮ, ਬਖ਼ਸ਼ਸ਼, ਮਿਹਰ। ਸਭ = ਸਾਰੀ ਲੁਕਾਈ। ਭਰਮਿ = ਭਟਕਣਾ ਨੇ। ਭੁਲਾਈ = ਕੁਰਾਹੇ ਪਾ ਦਿੱਤਾ ਹੈ।

ਮਾਇਆ ਮੋਹਿ ਬਹੁਤੁ ਦੁਖੁ ਪਾਈ

In attachment to Maya, they suffer in terrible pain.

ਮਾਇਆ ਦੇ ਮੋਹ ਵਿਚ ਫਸ ਕੇ (ਲੋਕਾਈ) ਬਹੁਤ ਦੁਖ ਪਾਂਦੀ ਹੈ। ਮੋਹਿ = ਮੋਹ ਵਿਚ।

ਮਨਮੁਖ ਅੰਧੇ ਠਉਰ ਪਾਈ

The blind, self-willed manmukhs find no place of rest.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਰਹਿੰਦੇ ਹਨ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਅੰਧੇ = (ਆਤਮਕ ਜੀਵਨ ਵਲੋਂ) ਅੰਨ੍ਹੇ। ਠਉਰ = ਸ਼ਾਂਤੀ ਦਾ ਟਿਕਾਣਾ।

ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥੧॥

They are like maggots in manure, rotting away in manure. ||1||

(ਮੋਹ-ਗ੍ਰਸਿਆ ਮਨੁੱਖ) ਆਤਮਕ ਸ਼ਾਂਤੀ ਦਾ ਟਿਕਾਣਾ ਪ੍ਰਾਪਤ ਨਹੀਂ ਕਰ ਸਕਦਾ (ਵਿਕਾਰਾਂ ਵਿਚ ਹੀ ਫਸਿਆ ਰਹਿੰਦਾ ਹੈ, ਜਿਵੇਂ) ਗੰਦ ਦਾ ਕੀੜਾ ਗੰਦ ਵਿਚ ਹੀ ਮਸਤ ਰਹਿੰਦਾ ਹੈ ॥੧॥

ਹੁਕਮੁ ਮੰਨੇ ਸੋ ਜਨੁ ਪਰਵਾਣੁ

That humble being who obeys the Hukam of the Lord's Command is accepted.

ਜਿਹੜਾ ਮਨੁੱਖ (ਪਰਮਾਤਮਾ ਦੀ) ਰਜ਼ਾ ਨੂੰ (ਮਿੱਠਾ ਕਰ ਕੇ) ਮੰਨਦਾ ਹੈ, ਉਹ ਮਨੁੱਖ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ। ਪਰਵਾਣੁ = (ਪ੍ਰਭੂ ਦੇ ਦਰ ਤੇ) ਕਬੂਲ।

ਗੁਰ ਕੈ ਸਬਦਿ ਨਾਮਿ ਨੀਸਾਣੁ ॥੧॥ ਰਹਾਉ

Through the Word of the Guru's Shabad, he is blessed with the insignia and the banner of the Naam, the Name of the Lord. ||1||Pause||

ਉਹ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ ਅਤੇ ਪਰਮਾਤਮਾ ਦੇ ਦਰ ਤੇ ਆਦਰ ਪ੍ਰਾਪਤ ਕਰਦਾ ਹੈ ॥੧॥ ਰਹਾਉ ॥ ਕੈ ਸਬਦਿ = ਦੇ ਸ਼ਬਦ ਵਿਚ। ਨਾਮਿ = ਨਾਮ ਵਿਚ। ਨੀਸਾਣੁ = ਪਰਵਾਨਾ, ਰਾਹਦਾਰੀ, ਆਦਰ ॥੧॥ ਰਹਾਉ ॥

ਸਾਚਿ ਰਤੇ ਜਿਨੑਾ ਧੁਰਿ ਲਿਖਿ ਪਾਇਆ

Those who have such pre-ordained destiny are imbued with the Naam.

ਜਿਨ੍ਹਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਭਗਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ। ਸਾਚਿ = ਸਦਾ-ਥਿਰ ਹਰਿ-ਨਾਮ ਵਿਚ। ਰਤੇ = ਰੰਗੇ ਹੋਏ। ਧੁਰਿ = ਧੁਰ ਦਰਗਾਹ ਤੋਂ। ਲਿਖਿ = ਲਿਖ ਕੇ।

ਹਰਿ ਕਾ ਨਾਮੁ ਸਦਾ ਮਨਿ ਭਾਇਆ

The Name of the Lord is forever pleasing to their minds.

ਪਰਮਾਤਮਾ ਦਾ ਨਾਮ ਸਦਾ ਉਹਨਾਂ ਨੂੰ ਆਪਣੇ ਮਨ ਵਿਚ ਪਿਆਰਾ ਲੱਗਦਾ ਹੈ। ਮਨਿ = ਮਨਿ ਵਿਚ। ਭਾਇਆ = ਪਿਆਰਾ ਲੱਗਾ।

ਸਤਿਗੁਰ ਕੀ ਬਾਣੀ ਸਦਾ ਸੁਖੁ ਹੋਇ

Through the Bani, the Word of the True Guru, eternal peace is found.

ਗੁਰੂ ਦੀ ਬਾਣੀ ਦੀ ਬਰਕਤਿ ਨਾਲ ਉਹਨਾਂ ਦੇ ਅੰਦਰ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,

ਜੋਤੀ ਜੋਤਿ ਮਿਲਾਏ ਸੋਇ ॥੨॥

Through it, one's light merges into the Light. ||2||

ਬਾਣੀ ਉਹਨਾਂ ਦੀ ਜਿੰਦ ਨੂੰ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦੀ ਹੈ ॥੨॥ ਜੋਤੀ = ਪ੍ਰਭੂ ਦੀ ਜੋਤਿ ਵਿਚ। ਜੋਤਿ = ਜੀਵਾਤਮਾ ॥੨॥

ਏਕੁ ਨਾਮੁ ਤਾਰੇ ਸੰਸਾਰੁ

Only the Naam, the Name of the Lord, can save the world.

ਪਰਮਾਤਮਾ ਦਾ ਨਾਮ ਹੀ ਜਗਤ ਨੂੰ (ਵਿਕਾਰਾਂ-ਭਰੇ ਸਮੁੰਦਰ ਤੋਂ) ਪਾਰ ਲੰਘਾਂਦਾ ਹੈ, ਤਾਰੇ = ਪਾਰ ਲੰਘਾਂਦਾ ਹੈ।

ਗੁਰ ਪਰਸਾਦੀ ਨਾਮ ਪਿਆਰੁ

By Guru's Grace, one comes to love the Naam.

ਪਰ ਨਾਮ ਦਾ ਪਿਆਰ ਗੁਰੂ ਦੀ ਕਿਰਪਾ ਨਾਲ ਬਣਦਾ ਹੈ। ਪਰਸਾਦੀ = ਕਿਰਪਾ ਨਾਲ। ਨਾਮ ਪਿਆਰੁ = ਨਾਮ ਦਾ ਪਿਆਰ।

ਬਿਨੁ ਨਾਮੈ ਮੁਕਤਿ ਕਿਨੈ ਪਾਈ

Without the Naam, no one obtains liberation.

ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਮਨੁੱਖ ਨੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਨਹੀਂ ਕੀਤੀ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ।

ਪੂਰੇ ਗੁਰ ਤੇ ਨਾਮੁ ਪਲੈ ਪਾਈ ॥੩॥

Through the Perfect Guru, the Naam is obtained. ||3||

ਨਾਮ ਪੂਰੇ ਗੁਰੂ ਤੋਂ ਮਿਲਦਾ ਹੈ ॥੩॥ ਤੇ = ਤੋਂ। ਪਲੈ ਪਾਈ = ਪ੍ਰਾਪਤ ਕਰਦਾ ਹੈ ॥੩॥

ਸੋ ਬੂਝੈ ਜਿਸੁ ਆਪਿ ਬੁਝਾਏ

He alone understands, whom the Lord Himself causes to understand.

(ਆਤਮਕ ਜੀਵਨ ਦਾ ਸਹੀ ਰਸਤਾ) ਉਹ ਮਨੁੱਖ ਸਮਝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾਂਦਾ ਹੈ, ਬੂਝੈ = ਸਮਝਦਾ ਹੈ। ਬੁਝਾਏ = ਸਮਝ ਬਖ਼ਸ਼ਦਾ ਹੈ।

ਸਤਿਗੁਰ ਸੇਵਾ ਨਾਮੁ ਦ੍ਰਿੜੑਾਏ

Serving the True Guru, the Naam is implanted within.

ਪਰਮਾਤਮਾ ਉਸ ਨੂੰ ਗੁਰੂ ਦੀ ਸਰਨ ਪਾ ਕੇ ਉਸ ਦੇ ਹਿਰਦੇ ਵਿਚ ਆਪਣਾ ਨਾਮ ਪੱਕਾ ਕਰਦਾ ਹੈ। ਦ੍ਰਿੜ੍ਹ੍ਹਾਏ = ਹਿਰਦੇ ਵਿਚ ਪੱਕਾ ਕਰਦਾ ਹੈ।

ਜਿਨ ਇਕੁ ਜਾਤਾ ਸੇ ਜਨ ਪਰਵਾਣੁ

Those humble beings who know the One Lord are approved and accepted.

ਜਿਨ੍ਹਾਂ ਨੇ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਹ ਪਰਮਾਤਮਾ ਦੇ ਦਰ ਤੇ ਕਬੂਲ ਹੋ ਗਏ, ਜਾਤਾ = ਡੂੰਘੀ ਸਾਂਝ ਪਾ ਲਈ। ਸੇ ਜਨ = ਉਹ ਮਨੁੱਖ {ਬਹੁ-ਵਚਨ}।

ਨਾਨਕ ਨਾਮਿ ਰਤੇ ਦਰਿ ਨੀਸਾਣੁ ॥੪॥੧੦॥

O Nanak, imbued with the Naam, they go to the Lord's Court with His banner and insignia. ||4||10||

ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਰੰਗੇ ਗਏ, ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਆਦਰ ਮਿਲਿਆ ॥੪॥੧੦॥ ਦਰਿ = ਪ੍ਰਭੂ ਦੇ ਦਰ ਤੇ ॥੪॥੧੦॥