ਸਲੋਕ ਮਃ

Salok, Third Mehl:

ਸਲੋਕ ਤੀਜੀ ਪਾਤਿਸ਼ਾਹੀ।

ਇਸੁ ਜੁਗ ਮਹਿ ਭਗਤੀ ਹਰਿ ਧਨੁ ਖਟਿਆ ਹੋਰੁ ਸਭੁ ਜਗਤੁ ਭਰਮਿ ਭੁਲਾਇਆ

In this age, the devotee earns the wealth of the Lord; all the rest of the world wanders deluded in doubt.

ਹੇ ਭਾਈ! ਇਸ ਮਨੁੱਖਾ ਜਨਮ ਵਿਚ (ਸਿਰਫ਼) ਭਗਤਾਂ ਨੇ (ਹੀ) ਪਰਮਾਤਮਾ ਦਾ ਨਾਮ-ਧਨ ਖੱਟਿਆ ਹੈ, ਹੋਰ ਸਾਰਾ ਜਗਤ (ਮਾਇਆ ਦੀ) ਭਟਕਣਾ ਵਿਚ (ਪੈ ਕੇ, ਸਹੀ ਜੀਵਨ-ਰਾਹ ਤੋਂ) ਖੁੰਝਿਆ ਰਹਿੰਦਾ ਹੈ। ਇਸੁ ਜੁਗ ਮਹਿ = ਇਸ ਮਨੁੱਖਾ ਜੀਵਨ ਵਿਚ। ਭਗਤੀ = ਭਗਤੀਂ, ਭਗਤਾਂ ਨੇ। ਸਭੁ = ਸਾਰਾ। ਭਰਮਿ = ਭਟਕਣਾ ਵਿਚ (ਪੈ ਕੇ)। ਭੁਲਾਇਆ = ਕੁਰਾਹੇ ਪਿਆ ਹੋਇਆ ਹੈ।

ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ

By Guru's Grace, the Naam, the Name of the Lord, comes to dwell in his mind; night and day, he meditates on the Naam.

(ਜਿਸ ਮਨੁੱਖ ਦੇ) ਮਨ ਵਿਚ ਗੁਰੂ ਦੀ ਮਿਹਰ ਨਾਲ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਉਹ ਹਰ ਵੇਲੇ ਨਾਮ ਸਿਮਰਦਾ ਹੈ। ਪਰਸਾਦੀ = ਪਰਸਾਦਿ, ਕਿਰਪਾ ਨਾਲ। ਮਨਿ = ਮਨ ਵਿਚ। ਅਨਦਿਨੁ = ਹਰ ਰੋਜ਼, ਹਰ ਵੇਲੇ।

ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ

In the midst of corruption, he remains detached; through the Word of the Shabad, he burns away his ego.

ਉਹ ਮਾਇਆ ਵਿਚ (ਵਿਚਰਦਾ ਹੋਇਆ ਭੀ ਮਾਇਆ ਦੇ ਮੋਹ ਤੋਂ) ਨਿਰਲੇਪ ਰਹਿੰਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ (ਉਹ ਆਪਣੇ ਅੰਦਰੋਂ) ਹਉਮੈ ਸਾੜ ਦੇਂਦਾ ਹੈ। ਬਿਖਿਆ = ਮਾਇਆ। ਉਦਾਸ = ਉਪਰਾਮ, ਨਿਰਲੇਪ। ਸਬਦਿ = ਸ਼ਬਦ ਦੀ ਰਾਹੀਂ।

ਆਪਿ ਤਰਿਆ ਕੁਲ ਉਧਰੇ ਧੰਨੁ ਜਣੇਦੀ ਮਾਇਆ

He crosses over, and saves his relatives as well; blessed is the mother who gave birth to him.

ਧੰਨ ਹੈ ਉਸ ਦੀ ਜੰਮਣ ਵਾਲੀ ਮਾਂ! ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ (ਉਸ ਦਾ ਸਦਕਾ ਉਸ ਦੀਆਂ) ਕੁਲਾਂ ਭੀ (ਸੰਸਾਰ-ਸਮੁੰਦਰ ਵਿਚ ਡੁੱਬਣੋਂ) ਬਚ ਜਾਂਦੀਆਂ ਹਨ। ਉਧਰੇ = ਬਚ ਗਏ। ਜਣੇਦੀ ਮਾਇਆ = ਜੰਮਣ ਵਾਲੀ ਮਾਂ।

ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ

Peace and poise fill his mind forever, and he embraces love for the True Lord.

ਉਸ ਦੇ ਮਨ ਵਿੱਚ ਸਦਾ ਹੀ ਆਤਮਕ ਅਡੋਲਤਾ ਦਾ ਆਨੰਦ ਟਿਕਿਆ ਰਹਿੰਦਾ ਹੈ ਅਤੇ ਉਹ ਸਦਾ-ਥਿਰ ਪ੍ਰਭੂ ਨਾਲ ਆਪਣੀ ਬ੍ਰਿਤੀ ਜੋੜ ਕੇ ਰੱਖਦਾ ਹੈ। ਸਹਜ ਸੁਖੁ = ਆਤਮਕ ਅਡੋਲਤਾ ਦਾ ਆਨੰਦ। ਸਚੇ ਸਿਉ = ਸਦਾ-ਥਿਰ ਪ੍ਰਭੂ ਨਾਲ। ਲਿਵ = ਲਗਨ।

ਬ੍ਰਹਮਾ ਬਿਸਨੁ ਮਹਾਦੇਉ ਤ੍ਰੈ ਗੁਣ ਭੁਲੇ ਹਉਮੈ ਮੋਹੁ ਵਧਾਇਆ

Brahma, Vishnu and Shiva wander in the three qualities, while their egotism and desire increase.

(ਹੇ ਭਾਈ! ਗੁਰੂ ਦੀ ਸਰਨ ਪੈਣ ਤੋਂ ਬਿਨਾ) ਬ੍ਰਹਮਾ, ਵਿਸ਼ਨੂ, ਸ਼ਿਵ ਜੀ (ਵਰਗੇ ਵੱਡੇ ਵੱਡੇ ਦੇਵਤੇ ਭੀ) ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਸਹੀ ਜੀਵਨ-ਰਾਹ ਤੋਂ ਖੁੰਝਦੇ ਰਹੇ (ਉਹਨਾਂ ਦੇ ਅੰਦਰ) ਹਉਮੈ ਵਧਦੀ ਰਹੀ (ਮਾਇਆ ਦਾ) ਮੋਹ ਵਧਦਾ ਰਿਹਾ। ਮਹਾਦੇਉ = ਸ਼ਿਵ ਜੀ।

ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ

The Pandits, the religious scholars and the silent sages read and debate in confusion; their consciousness is centered on the love of duality.

(ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ) ਪੰਡਿਤ (ਵੇਦ ਆਦਿਕ ਧਰਮ-ਪੁਸਤਕ) ਪੜ੍ਹ ਪੜ੍ਹ ਕੇ (ਭੀ) ਖੁੰਝਦੇ ਰਹੇ, ਮੁਨੀ ਲੋਕ (ਮੋਨ ਧਾਰ ਕੇ) ਖੁੰਝਦੇ ਰਹੇ, (ਉਹਨਾਂ ਨੇ ਭੀ) ਮਾਇਆ ਦੇ ਮੋਹ ਵਿਚ ਹੀ ਆਪਣਾ ਚਿੱਤ ਜੋੜੀ ਰੱਖਿਆ। ਭੁਲੇ = ਗ਼ਲਤੀ ਖਾ ਗਏ। ਪੜਿ = ਪੜ੍ਹ ਕੇ। ਮੋਨੀ = ਸਮਾਧੀਆਂ ਲਾਣ ਵਾਲੇ। ਦੂਜੈ ਭਾਇ = ਮਾਇਆ ਦੇ ਮੋਹ ਵਿਚ।

ਜੋਗੀ ਜੰਗਮ ਸੰਨਿਆਸੀ ਭੁਲੇ ਵਿਣੁ ਗੁਰ ਤਤੁ ਪਾਇਆ

The Yogis, wandering pilgrims and Sanyaasees are deluded; without the Guru, they do not find the essence of reality.

ਹੇ ਭਾਈ! ਗੁਰੂ ਤੋਂ ਬਿਨਾ ਜੋਗੀ ਜੰਗਮ ਸੰਨਿਆਸੀ ਭੀ ਕੁਰਾਹੇ ਪਏ ਰਹੇ, ਉਹਨਾਂ ਨੇ ਭੀ ਅਸਲੀ ਵਸਤ ਨਾਹ ਲੱਭੀ। ਜੰਗਮ = ਸ਼ੈਵ ਮਤ ਦੇ ਰਮਤੇ। ਤਤੁ = ਅਸਲ ਚੀਜ਼।

ਮਨਮੁਖ ਦੁਖੀਏ ਸਦਾ ਭ੍ਰਮਿ ਭੁਲੇ ਤਿਨੑੀ ਬਿਰਥਾ ਜਨਮੁ ਗਵਾਇਆ

The miserable self-willed manmukhs are forever deluded by doubt; they waste away their lives uselessly.

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਦਾ ਦੁਖੀ ਹੀ ਰਹੇ, ਭਟਕਣਾ ਵਿਚ ਪੈ ਕੇ ਸਹੀ ਜੀਵਨ-ਰਾਹ ਤੋਂ ਖੁੰਝੇ ਹੀ ਰਹੇ, ਉਹਨਾਂ ਆਪਣਾ ਜਨਮ ਵਿਅਰਥ ਹੀ ਗਵਾਇਆ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਭ੍ਰਮਿ = ਭਟਕਣਾ ਵਿਚ (ਪੈ ਕੇ)।

ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥੧॥

O Nanak, those who are imbued with the Naam are balanced and poised; forgiving them, the Lord blends them with Himself. ||1||

ਪਰ, ਹੇ ਨਾਨਕ! (ਜੀਵਾਂ ਦੇ ਕੀਹ ਵੱਸ?) ਜਿਨ੍ਹਾਂ ਮਨੁੱਖ ਨੂੰ (ਪਰਮਾਤਮਾ) ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ, ਉਹ (ਉਸ ਦੇ) ਨਾਮ ਵਿਚ ਰੰਗੇ ਰਹਿੰਦੇ ਹਨ ਤੇ ਉਹੀ ਕਾਮਯਾਬ ਜੀਵਨ ਵਾਲੇ ਹੁੰਦੇ ਹਨ ॥੧॥ ਨਾਮਿ = ਨਾਮ ਵਿਚ। ਰਤੇ = ਰੱਤੇ, ਰੰਗੇ ਹੋਏ। ਸਮਧੇ = ਸਮਾਧੀ ਵਾਲੇ ਹੋਏ, ਪੂਰਨ ਅਵਸਥਾ ਵਾਲੇ ਬਣੇ। ਜਿ = ਜਿਨ੍ਹਾਂ ਨੂੰ। ਬਖਸਿ = ਬਖ਼ਸ਼ਸ਼ ਕਰ ਕੇ, ਮਿਹਰ ਕਰ ਕੇ ॥੧॥