ਪ੍ਰਭਾਤੀ ਮਹਲਾ

Prabhaatee, First Mehl:

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ

By Guru's Grace, contemplate spiritual knowledge; read it and study it, and you shall be honored.

ਜੇਹੜਾ ਮਨੁੱਖ ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਦਾ ਨਾਮ ਸਿਮਰਨ ਦੀ) ਵਿੱਦਿਆ ਵਿਚਾਰਦਾ ਹੈ (ਸਿੱਖਦਾ ਹੈ) ਉਹ ਇਸ ਵਿੱਦਿਆ ਨੂੰ ਪੜ੍ਹ ਪੜ੍ਹ ਕੇ (ਜਗਤ ਵਿਚ) ਆਦਰ ਹਾਸਲ ਕਰਦਾ ਹੈ, ਪਰਸਾਦੀ = ਕਿਰਪਾ ਨਾਲ, ਪਰਸਾਦਿ। ਮਾਨੁ = ਆਦਰ।

ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥੧॥

Within the self, the self is revealed, when one is blessed with the Ambrosial Naam, the Name of the Lord. ||1||

ਉਸ ਦੇ ਅੰਦਰ ਹੀ ਉਸ ਦਾ ਆਪਣਾ ਆਪ ਚਮਕ ਪੈਂਦਾ ਹੈ (ਉਸ ਦਾ ਆਤਮਕ ਜੀਵਨ ਰੌਸ਼ਨ ਹੋ ਜਾਂਦਾ ਹੈ, ਉਸ ਦੇ ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ), ਉਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਮਿਲ ਜਾਂਦਾ ਹੈ ॥੧॥ ਆਪਾ ਮਧੇ = ਆਪਣੇ ਅੰਦਰ। ਆਪੁ = ਆਪਣਾ ਆਪ। ਪਰਗਾਸਿਆ = ਰੌਸ਼ਨ ਹੋ ਜਾਂਦਾ ਹੈ ॥੧॥

ਕਰਤਾ ਤੂ ਮੇਰਾ ਜਜਮਾਨੁ

O Creator Lord, You alone are my Benefactor.

ਹੇ ਕਰਤਾਰ! ਤੂੰ ਮੇਰਾ ਦਾਤਾ ਹੈਂ। ਕਰਤਾ = ਹੇ ਕਰਤਾਰ! ਜਜਮਾਨ = ਦਾਤਾ (ਨੋਟ: ਯਜਮਾਨ = ਉਹ ਜੋ ਯੱਗ ਆਦਿਕ ਬ੍ਰਾਹਮਣ ਪਾਸੋਂ ਕਰਾ ਕੇ ਉਸ ਨੂੰ ਧਨ-ਪਦਾਰਥ ਭੇਟਾ ਕਰਦਾ ਹੈ)।

ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥੧॥ ਰਹਾਉ

I beg for only one blessing from You: please bless me with Your Name. ||1||Pause||

ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ। ਮੈਨੂੰ ਆਪਣਾ ਨਾਮ ਬਖ਼ਸ਼ ॥੧॥ ਰਹਾਉ ॥ ਦਖਿਣਾ = ਦੱਛਣਾ, ਬ੍ਰਾਹਮਣ ਨੂੰ ਮਾਇਆ ਦੀ ਭੇਟਾ, ਦਾਨ। ਤੈ ਪਹਿ = ਤੈਥੋਂ। ਮਾਗਉ = ਮੈਂ ਮੰਗਦਾ ਹਾਂ ॥੧॥ ਰਹਾਉ ॥

ਪੰਚ ਤਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ

The five wandering thieves are captured and held, and the egotistical pride of the mind is subdued.

(ਇਸ ਨਾਮ ਸਿਮਰਨ ਦੀ ਬਰਕਤ ਨਾਲ ਵਿਕਾਰਾਂ ਵਲ) ਦੌੜਦੇ ਪੰਜੇ ਗਿਆਨ-ਇੰਦ੍ਰੇ ਰੋਕ ਲਈਦੇ ਹਨ, ਮਨ ਵਿਚ (ਟਿਕਿਆ ਹੋਇਆ) ਅਹੰਕਾਰ ਦੂਰ ਹੋ ਜਾਂਦਾ ਹੈ। ਪੰਚ = ਪੰਜ। ਤਸਕਰ = ਚੋਰ। ਧਾਵਤ (ਵਿਕਾਰਾਂ ਵਲ) ਦੌੜਦੇ। ਮਨਿ = ਮਨ ਵਿਚ (ਟਿਕਿਆ ਹੋਇਆ)।

ਦਿਸਟਿ ਬਿਕਾਰੀ ਦੁਰਮਤਿ ਭਾਗੀ ਐਸਾ ਬ੍ਰਹਮ ਗਿਆਨੁ ॥੨॥

Visions of corruption, vice and evil-mindedness run away. Such is the spiritual wisdom of God. ||2||

(ਸਿਮਰਨ ਦੀ ਰਾਹੀਂ) ਪਰਮਾਤਮਾ ਨਾਲ ਪਾਈ ਹੋਈ ਡੂੰਘੀ ਸਾਂਝ ਐਸੀ (ਬਰਕਤਿ ਵਾਲੀ ਹੈ ਜਿਸ ਦਾ ਸਦਕਾ) ਵਿਕਾਰਾਂ ਵਾਲੀ ਨਿਗਾਹ ਤੇ ਖੋਟੀ ਮੱਤ ਮੁੱਕ ਜਾਂਦੀ ਹੈ ॥੨॥ ਦਿਸਟਿ = ਨਿਗਾਹ, ਨਜ਼ਰ। ਬਿਕਾਰੀ = ਵਿਕਾਰਾਂ ਵਾਲੀ। ਦੁਰਮਤਿ = ਖੋਟੀ ਅਕਲ। ਬ੍ਰਹਮ ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ ॥੨॥

ਜਤੁ ਸਤੁ ਚਾਵਲ ਦਇਆ ਕਣਕ ਕਰਿ ਪ੍ਰਾਪਤਿ ਪਾਤੀ ਧਾਨੁ

Please bless me with the rice of truth and self-restraint, the wheat of compassion, and the leaf-plate of meditation.

(ਬ੍ਰਾਹਮਣ ਆਪਣੇ ਜਜਮਾਨ ਪਾਸੋਂ ਚਾਵਲ, ਕਣਕ, ਧਨ, ਦੁੱਧ, ਘਿਉ ਆਦਿਕ ਸਾਰੇ ਪਦਾਰਥ ਮੰਗਦਾ ਤੇ ਲੈਂਦਾ ਹੈ ਹੇ ਪ੍ਰਭੂ! ਤੂੰ ਮੇਰਾ ਜਜਮਾਨ ਹੈ, ਮੈਂ ਤੇਰੇ ਨਾਮ ਦਾ ਜੱਗ ਰਚਾਇਆ ਹੋਇਆ ਹੈ,) ਮੈਂ ਤੈਥੋਂ ਇਹੋ ਜਿਹਾ ਦਾਨ ਮੰਗਦਾ ਹਾਂ ਕਿ ਮੈਨੂੰ ਚਾਵਲਾਂ ਦੇ ਥਾਂ ਜਤ ਸਤ ਦੇਹ (ਮੈਨੂੰ ਸੱਚਾ ਆਚਰਨ ਦੇਹ ਕਿ ਮੈਂ ਗਿਆਨ-ਇੰਦ੍ਰਿਆਂ ਨੂੰ ਮੰਦੇ ਪਾਸੇ ਵਲੋਂ ਰੋਕ ਸਕਾਂ), ਕਣਕ ਦੇ ਥਾਂ ਮੇਰੇ ਹਿਰਦੇ ਵਿਚ ਦਇਆ ਪੈਦਾ ਕਰ, ਮੈਨੂੰ ਇਹ ਧਨ ਦੇਹ ਕਿ ਮੈਂ ਤੇਰੇ ਚਰਨਾਂ ਵਿਚ ਜੁੜਨ ਦੀ ਯੋਗਤਾ ਵਾਲਾ ਹੋ ਜਾਵਾਂ। ਜਤੁ = ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕਣ ਦਾ ਉੱਦਮ। ਸਤੁ = ਉੱਚਾ ਆਚਰਨ। ਪ੍ਰਾਪਤਿ ਪਾਤੀ = ਪ੍ਰਭੂ ਦੀ ਪ੍ਰਾਪਤੀ ਦਾ ਪਾਤ੍ਰ ਬਣਨਾ, ਪਰਮਾਤਮਾ ਨਾਲ ਮਿਲਾਪ ਦੀ ਯੋਗਤਾ। ਧਾਨੁ = ਧਨ।

ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥੩॥

Bless me with the milk of good karma, and the clarified butter, the ghee, of compassion. Such are the gifts I beg of You, Lord. ||3||

ਮੈਨੂੰ ਸ਼ੁਭ ਕਰਮ (ਕਰਨ ਦੀ ਸਮਰੱਥਾ) ਬਖ਼ਸ਼, ਸੰਤੋਖ ਬਖ਼ਸ਼, ਇਹ ਹਨ ਮੇਰੇ ਵਾਸਤੇ ਦੁੱਧ ਤੇ ਘਿਉ ॥੩॥

ਖਿਮਾ ਧੀਰਜੁ ਕਰਿ ਗਊ ਲਵੇਰੀ ਸਹਜੇ ਬਛਰਾ ਖੀਰੁ ਪੀਐ

Let forgiveness and patience be my milk-cows, and let the calf of my mind intuitively drink in this milk.

(ਹੇ ਪ੍ਰਭੂ! ਮੇਰੇ ਅੰਦਰ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਵ ਤੇ ਜਿਗਰਾ ਪੈਦਾ ਕਰ, ਇਹ ਹੈ ਮੇਰੇ ਲਈ ਲਵੇਰੀ ਗਾਂ, ਤਾਕਿ ਮੇਰਾ ਮਨ-ਵੱਛਾ ਸ਼ਾਂਤ ਅਵਸਥਾ ਵਿਚ ਟਿਕ ਕੇ (ਇਹ ਸ਼ਾਂਤੀ ਦਾ) ਦੁੱਧ ਪੀ ਸਕੇ। ਸਹਜੇ = ਸਹਜਿ, ਅਡੋਲ ਅਵਸਥਾ ਵਿਚ। ਬਛਰਾ = ਵੱਛਾ (ਮਨ)। ਖੀਰੁ = ਦੁੱਧ।

ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥੪॥੭॥

I beg for the clothes of modesty and the Lord's Praise; Nanak chants the Glorious Praises of the Lord. ||4||7||

ਮੈਂ ਤੈਥੋਂ ਤੇਰੀ ਸਿਫ਼ਤ-ਸਾਲਾਹ ਕਰਨ ਦੇ ਉੱਦਮ ਦਾ ਕੱਪੜਾ ਮੰਗਦਾ ਹਾਂ, ਤਾਕਿ ਹੇ ਨਾਨਕ! ਮੇਰਾ ਮਨ ਸਦਾ ਤੇਰੇ ਗੁਣ ਗਾਂਦਾ ਰਹੇ ॥੪॥੭॥ ਸਰਮ = ਉੱਦਮ (ਸ਼੍ਰਮ)। ਰਵਤੁ ਰਹੈ = ਸਿਮਰਦਾ ਰਹੇ ॥੪॥੭॥