ਪਉੜੀ ॥
ਦੁਹਾਂ ਕੰਧਾਰਾ ਮੁਹਿ ਜੁੜੇ ਢੋਲ ਸੰਖ ਨਗਾਰੇ ਬਜੇ ॥
ਰਾਕਸਿ ਆਏ ਰੋਹਲੇ ਤਰਵਾਰੀ ਬਖਤਰ ਸਜੇ ॥
ਜੁਟੇ ਸਉਹੇ ਜੁਧ ਨੂੰ ਇਕ ਜਾਤ ਨ ਜਾਣਨ ਭਜੇ ॥
ਖੇਤ ਅੰਦਰਿ ਜੋਧੇ ਗਜੇ ॥੭॥
ਪਉੜੀ ॥
ਜੰਗ ਮੁਸਾਫਾ ਬਜਿਆ ਰਣ ਘੁਰੇ ਨਗਾਰੇ ਚਾਵਲੇ ॥
ਝੂਲਣ ਨੇਜੇ ਬੈਰਕਾ ਨੀਸਾਣ ਲਸਨਿ ਲਿਸਾਵਲੇ ॥
ਢੋਲ ਨਗਾਰੇ ਪਉਣ ਦੇ ਊਂਘਨ ਜਾਣ ਜਟਾਵਲੇ ॥
ਦੁਰਗਾ ਦਾਨੋ ਡਹੇ ਰਣ ਨਾਦ ਵਜਨ ਖੇਤੁ ਭੀਹਾਵਲੇ ॥
ਬੀਰ ਪਰੋਤੇ ਬਰਛੀਏਂ ਜਣ ਡਾਲ ਚਮੁਟੇ ਆਵਲੇ ॥
ਇਕ ਵਢੇ ਤੇਗੀ ਤੜਫੀਅਨ ਮਦ ਪੀਤੇ ਲੋਟਨਿ ਬਾਵਲੇ ॥
ਇਕ ਚੁਣ ਚੁਣ ਝਾੜਉ ਕਢੀਅਨ ਰੇਤ ਵਿਚੋਂ ਸੁਇਨਾ ਡਾਵਲੇ ॥
ਗਦਾ ਤ੍ਰਿਸੂਲਾਂ ਬਰਛੀਆਂ ਤੀਰ ਵਗਨ ਖਰੇ ਉਤਾਵਲੇ ॥
ਜਣ ਡਸੇ ਭੁਜੰਗਮ ਸਾਵਲੇ ਮਰ ਜਾਵਨ ਬੀਰ ਰੁਹਾਵਲੇ ॥੮॥
ਪਉੜੀ ॥
ਦੇਖਨ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ॥
ਧਾਏ ਰਾਕਸਿ ਰੋਹਲੇ ਚਉਗਿਰਦੋ ਭਾਰੇ ॥
ਹਥੀਂ ਤੇਗਾਂ ਪਕੜਿ ਕੈ ਰਣ ਭਿੜੇ ਕਰਾਰੇ ॥
ਕਦੇ ਨ ਨਠੇ ਜੁਧ ਤੇ ਜੋਧੇ ਜੁਝਾਰੇ ॥
ਦਿਲ ਵਿਚ ਰੋਹ ਬਢਾਇ ਕੈ ਮਾਰਿ ਮਾਰਿ ਪੁਕਾਰੇ ॥
ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ॥
ਮਾਰੇ ਜਾਪਨ ਬਿਜੁਲੀ ਸਿਰਭਾਰ ਮੁਨਾਰੇ ॥੯॥
ਪਉੜੀ ॥
ਚੋਟ ਪਈ ਦਮਾਮੇ ਦਲਾਂ ਮੁਕਾਬਲਾ ॥
ਦੇਵੀ ਦਸਤ ਨਚਾਈ ਸੀਹਣ ਸਾਰਦੀ ॥
ਪੇਟ ਮਲੰਦੇ ਲਾਈ ਮਹਖੇ ਦੈਤ ਨੂੰ ॥
ਗੁਰਦੇ ਆਂਦਾ ਖਾਈ ਨਾਲੇ ਰੁਕੜੇ ॥
ਜੇਹੀ ਦਿਲ ਵਿਚ ਆਈ ਕਹੀ ਸੁਣਾਇ ਕੈ ॥
ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ॥੧੦॥
ਪਉੜੀ ॥
ਚੋਟਾਂ ਪਵਨ ਨਗਾਰੇ ਅਣੀਆਂ ਜੁਟੀਆਂ ॥
ਧੂਹ ਲਈਆਂ ਤਰਵਾਰੀ ਦੇਵਾਂ ਦਾਨਵੀ ॥
ਵਾਹਨ ਵਾਰੋ ਵਾਰੀ ਸੂਰੇ ਸੰਘਰੇ ॥
ਵਗੈ ਰਤੁ ਝੁਲਾਰੀ ਜਿਉ ਗੇਰੂ ਬਾਬਤ੍ਰਾ ॥
ਦੇਖਨ ਬੈਠ ਅਟਾਰੀ ਨਾਰੀ ਰਾਕਸਾਂ ॥
ਪਾਈ ਧੂਮ ਸਵਾਰੀ ਦੁਰਗਾ ਦਾਨਵੀ ॥੧੧॥
ਪਉੜੀ ॥
ਲਖ ਨਗਾਰੇ ਵਜਨ ਆਮ੍ਹੋ ਸਾਮ੍ਹਣੇ ॥
ਰਾਕਸ ਰਣੋ ਨ ਭਜਨ ਰੋਹੇ ਰੋਹਲੇ ॥
ਸੀਹਾਂ ਵਾਂਗੂ ਗਜਣ ਸਭੇ ਸੂਰਮੇ ॥
ਤਣਿ ਤਣਿ ਕੈਬਰ ਛਡਨ ਦੁਰਗਾ ਸਾਮਣੇ ॥੧੨॥
ਪਉੜੀ ॥
ਘੁਰੇ ਨਗਾਰੇ ਦੋਹਰੇ ਰਣ ਸੰਗਲੀਆਲੇ ॥
ਧੂੜਿ ਲਪੇਟੇ ਧੂਹਰੇ ਸਿਰਦਾਰ ਜਟਾਲੇ ॥
ਉਖਲੀਆਂ ਨਾਸਾ ਜਿਨਾ ਮੁਹਿ ਜਾਪਨ ਆਲੇ ॥
ਧਾਏ ਦੇਵੀ ਸਾਹਮਣੇ ਬੀਰ ਮੁਛਲੀਆਲੇ ॥
ਸੁਰਪਤ ਜੇਹੇ ਲੜ ਹਟੇ ਬੀਰ ਟਲੇ ਨ ਟਾਲੇ ॥
ਗਜੇ ਦੁਰਗਾ ਘੇਰਿ ਕੈ ਜਣੁ ਘਣੀਅਰ ਕਾਲੇ ॥੧੩॥
ਪਉੜੀ ॥
ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ॥
ਘੇਰ ਲਈ ਵਰਿਆਮੀ ਦੁਰਗਾ ਆਇ ਕੈ ॥
ਰਾਕਸ ਵਡੇ ਅਲਾਮੀ ਭਜ ਨ ਜਾਣਦੇ ॥
ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ॥੧੪॥