ਸਾਧੂ ਸਤਜੁਗੁ ਬੀਤਿਆ ਅਧ ਸੀਲੀ ਤ੍ਰੇਤਾ ਆਇਆ

ਨਚੀ ਕਲ ਸਰੋਸਰੀ ਕਲ ਨਾਰਦ ਡਉਰੂ ਵਾਇਆ

ਅਭਿਮਾਨੁ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ

ਜੀਤਿ ਲਏ ਤਿਨ ਦੇਵਤੇ ਤਿਹ ਲੋਕੀ ਰਾਜੁ ਕਮਾਇਆ

ਵਡਾ ਬੀਰੁ ਅਖਾਇ ਕੈ ਸਿਰ ਉਪਰ ਛਤ੍ਰੁ ਫਿਰਾਇਆ

ਦਿਤਾ ਇੰਦ੍ਰੁ ਨਿਕਾਲ ਕੈ ਤਿਨ ਗਿਰ ਕੈਲਾਸੁ ਤਕਾਇਆ

ਡਰਿ ਕੈ ਹਥੋ ਦਾਨਵੀ ਦਿਲ ਅੰਦਰਿ ਤ੍ਰਾਸੁ ਵਧਾਇਆ

ਪਾਸ ਦੁਰਗਾ ਦੇ ਇੰਦ੍ਰੁ ਆਇਆ ॥੩॥

ਪਉੜੀ

ਇਕ ਦਿਹਾੜੇ ਨਾਵਣ ਆਈ ਦੁਰਗਸਾਹ

ਇੰਦ੍ਰ ਬਿਰਥਾ ਸੁਣਾਈ ਅਪਣੇ ਹਾਲ ਦੀ

ਛੀਨ ਲਈ ਠਕੁਰਾਈ ਸਾਤੇ ਦਾਨਵੀ

ਲੋਕੀ ਤਿਹੀ ਫਿਰਾਈ ਦੋਹੀ ਆਪਣੀ

ਬੈਠੇ ਵਾਇ ਵਧਾਈ ਤੇ ਅਮਰਾਵਤੀ

ਦਿਤੇ ਦੇਵ ਭਜਾਈ ਸਭਨਾ ਰਾਕਸਾਂ

ਕਿਨੇ ਜਿਤਾ ਜਾਈ ਮਹਖੇ ਦੈਤ ਨੂੰ

ਤੇਰੀ ਸਾਮ ਤਕਾਈ ਦੇਵੀ ਦੁਰਗਸਾਹ ॥੪॥

ਪਉੜੀ

ਦੁਰਗਾ ਬੈਣ ਸੁਣੰਦੀ ਹਸੀ ਹੜਹੜਾਇ

ਓਹੀ ਸੀਹੁ ਮੰਗਾਇਆ ਰਾਕਸ ਭਖਣਾ

ਚਿੰਤਾ ਕਰਹੁ ਕਾਈ ਦੇਵਾ ਨੂੰ ਆਖਿਆ

ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥੫॥

ਦੋਹਰਾ

ਰਾਕਸਿ ਆਏ ਰੋਹਲੇ ਖੇਤ ਭਿੜਨ ਕੇ ਚਾਇ

ਲਸਕਨ ਤੇਗਾਂ ਬਰਛੀਆਂ ਸੂਰਜੁ ਨਦਰਿ ਪਾਇ ॥੬॥