ਪਉੜੀ ॥
ਸੁੰਭ ਨਿਸੁੰਭ ਅਲਾਇਆ ਵਡ ਜੋਧੀ ਸੰਘਰੁ ਵਾਏ ॥
ਰੋਹ ਦਿਖਾਲੀ ਦਿਤੀਆ ਵਰਿਆਮੀ ਤੁਰੇ ਨਚਾਏ ॥
ਘੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ॥
ਦੇਉ ਦਾਨੋ ਲੁਝਣ ਆਏ ॥੨੩॥
ਪਉੜੀ ॥
ਦਾਨੋ ਦੇਉ ਅਨਾਗੀ ਸੰਘਰੁ ਰਚਿਆ ॥
ਫੁਲ ਖਿੜੇ ਜਣ ਬਾਗੀਂ ਬਾਣੇ ਜੋਧਿਆਂ ॥
ਭੂਤਾਂ ਇਲਾਂ ਕਾਗੀਂ ਗੋਸਤ ਭਖਿਆ ॥
ਹੁੰਮੜ ਧੁੰਮੜ ਜਾਗੀ ਘਤੀ ਸੂਰਿਆਂ ॥੨੪॥
ਸਟ ਪਈ ਨਗਾਰੇ ਦਲਾਂ ਮੁਕਾਬਲਾ ॥
ਦਿਤੇ ਦੇਉ ਭਜਾਈ ਮਿਲਿ ਕੈ ਰਾਕਸੀਂ ॥
ਲੋਕੀ ਤਿਹੀ ਫਿਰਾਹੀ ਦੋਹੀ ਆਪਣੀ ॥
ਦੁਰਗਾ ਦੀ ਸਾਮ ਤਕਾਈ ਦੇਵਾਂ ਡਰਦਿਆਂ ॥
ਆਂਦੀ ਚੰਡਿ ਚੜਾਈ ਉਤੇ ਰਾਕਸਾ ॥੨੫॥
ਪਉੜੀ ॥
ਆਈ ਫੇਰ ਭਵਾਨੀ ਖਬਰੀ ਪਾਈਆ ॥
ਦੈਤ ਵਡੇ ਅਭਿਮਾਨੀ ਹੋਏ ਏਕਠੇ ॥
ਲੋਚਨ ਧੂਮ ਗੁਮਾਨੀ ਰਾਇ ਬੁਲਾਇਆ ॥
ਜਗ ਵਿਚ ਵਡਾ ਦਾਨੋ ਆਪ ਕਹਾਇਆ ॥
ਸਟ ਪਈ ਖਰਚਾਮੀ ਦੁਰਗਾ ਲਿਆਵਣੀ ॥੨੬॥
ਪਉੜੀ ॥
ਕੜਕ ਉਠੀ ਰਣ ਚੰਡੀ ਫਉਜਾਂ ਦੇਖ ਕੈ ॥
ਧੂਹਿ ਮਿਆਨੋ ਖੰਡਾ ਹੋਈ ਸਾਹਮਣੇ ॥
ਸਭੇ ਬੀਰ ਸੰਘਾਰੇ ਧੂਮਰਨੈਣ ਦੇ ॥
ਜਣ ਲੈ ਕਟੇ ਆਰੇ ਦਰਖਤ ਬਾਢੀਆਂ ॥੨੭॥
ਪਉੜੀ ॥
ਚੋਬੀਂ ਧਉਂਸ ਬਜਾਈ ਦਲਾਂ ਮੁਕਾਬਲਾ ॥
ਰੋਹ ਭਵਾਨੀ ਆਈ ਉਤੇ ਰਾਕਸਾਂ ॥
ਖਬੈ ਦਸਤ ਨਚਾਈ ਸੀਹਣ ਸਾਰ ਦੀ ॥
ਬਹੁਤਿਆਂ ਦੇ ਤਨ ਲਾਈ ਕੀਤੀ ਰੰਗੁਲੀ ॥
ਭਾਈਆਂ ਮਾਰਨ ਭਾਈ ਦੁਰਗਾ ਜਾਣਿ ਕੈ ॥
ਰੋਹ ਹੋਇ ਚਲਾਈ ਰਾਕਸਿ ਰਾਇ ਨੂੰ ॥
ਜਮ ਪੁਰ ਦੀਆ ਪਠਾਈ ਲੋਚਨ ਧੂਮ ਨੂੰ ॥
ਜਾਪੇ ਦਿਤੀ ਸਾਈ ਮਾਰਨ ਸੁੰਭ ਦੀ ॥੨੮॥
ਪਉੜੀ ॥
ਭੰਨੇ ਦੈਤ ਪੁਕਾਰੇ ਰਾਜੇ ਸੁੰਭ ਥੈ ॥
ਲੋਚਨ ਧੂਮ ਸੰਘਾਰੇ ਸਣੇ ਸਿਪਾਹੀਆਂ ॥
ਚੁਣਿ ਚੁਣਿ ਜੋਧੇ ਮਾਰੇ ਅੰਦਰ ਖੇਤ ਦੈ ॥
ਜਾਪਨ ਅੰਬਰਿ ਤਾਰੇ ਡਿਗਨਿ ਸੂਰਮੇ ॥
ਗਿਰੇ ਪਰਬਤ ਭਾਰੇ ਮਾਰੇ ਬਿਜੁ ਦੇ ॥
ਦੈਤਾਂ ਦੇ ਦਲ ਹਾਰੇ ਦਹਸਤ ਖਾਇ ਕੈ ॥
ਬਚੇ ਸੁ ਮਾਰੇ ਮਾਰੇ ਰਹਦੇ ਰਾਇ ਥੈ ॥੨੯॥
ਪਉੜੀ ॥
ਰੋਹ ਹੋਇ ਬੁਲਾਏ ਰਾਕਸਿ ਰਾਇ ਨੇ ॥
ਬੈਠੇ ਮਤਾ ਪਕਾਏ ਦੁਰਗਾ ਲਿਆਵਣੀ ॥
ਚੰਡ ਅਰ ਮੁੰਡ ਪਠਾਏ ਬਹੁਤਾ ਕਟਕੁ ਦੈ ॥
ਜਾਪੇ ਛਪਰ ਛਾਏ ਬਣੀਆ ਕੇਜਮਾ ॥
ਜੇਤੇ ਰਾਇ ਬੁਲਾਏ ਚਲੇ ਜੁਧ ਨੋ ॥
ਜਣ ਜਮ ਪੁਰ ਪਕੜ ਚਲਾਏ ਸਭੇ ਮਾਰਣੇ ॥੩੦॥
ਪਉੜੀ ॥
ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ॥
ਰੋਹ ਰੁਹੇਲੇ ਆਏ ਉਤੇ ਰਾਕਸਾਂ ॥
ਸਭਨੀ ਤੁਰੇ ਨਚਾਏ ਬਰਛੇ ਪਕੜਿ ਕੈ ॥
ਬਹੁਤੇ ਮਾਰ ਗਿਰਾਏ ਅੰਦਰ ਖੇਤ ਦੈ ॥
ਤੀਰੀ ਛਹਬਰ ਲਾਈ ਬੁਠੀ ਦੇਵਤਾ ॥੩੧॥