ਭੇਰੀ ਸੰਖ ਵਜਾਏ ਸੰਘਰਿ ਰਚਿਆ ॥
ਤਣਿ ਤਣਿ ਤੀਰ ਚਲਾਏ ਦੁਰਗਾ ਧਨਖ ਲੈ ॥
ਜਿਨੀ ਦਸਤ ਉਠਾਏ ਰਹੇ ਨ ਜੀਵਦੇ ॥
ਚੰਡ ਅਰ ਮੁੰਡ ਖਪਾਏ ਦੋਨੋ ਦੇਵਤਾ ॥੩੨॥
ਸੁੰਭ ਨਿਸੁੰਭ ਰਿਸਾਏ ਮਾਰੇ ਦੈਤ ਸੁਣ ॥
ਜੋਧੇ ਸਭ ਬੁਲਾਏ ਆਪਣੀ ਮਜਲਸੀ ॥
ਜਿਨੀ ਦੇਉ ਭਜਾਏ ਇੰਦ੍ਰ ਜੇਵਹੇ ॥
ਤੇਈ ਮਾਰ ਗਿਰਾਏ ਪਲ ਵਿਚ ਦੇਵਤਾ ॥
ਓਨੀ ਦਸਤੀ ਦਸਤ ਵਜਾਏ ਤਿਨਾ ਚਿਤ ਕਰਿ ॥
ਫਿਰ ਸ੍ਰਣਵਤ ਬੀਜ ਚਲਾਏ ਬੀੜੇ ਰਾਇ ਦੇ ॥
ਸੰਜ ਪਟੋਲਾ ਪਾਏ ਚਿਲਕਤ ਟੋਪੀਆਂ ॥
ਲੁਝਣ ਨੋ ਅਰੜਾਏ ਰਾਕਸ ਰੋਹਲੇ ॥
ਕਦੇ ਨ ਕਿਨੇ ਹਟਾਏ ਜੁਧ ਮਚਾਇ ਕੈ ॥
ਮਿਲ ਤੇਈ ਦਾਨੋ ਆਏ ਹੁਣ ਸੰਘਰਿ ਦੇਖਣਾ ॥੩੩॥
ਪਉੜੀ ॥
ਦੈਤੀ ਡੰਡ ਉਭਾਰੀ ਨੇੜੈ ਆਇ ਕੈ ॥
ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ॥
ਖਬੇ ਦਸਤ ਉਭਾਰੀ ਗਦਾ ਫਿਰਾਇ ਕੈ ॥
ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ॥
ਜਣ ਮਦ ਖਾਇ ਮਦਾਰੀ ਘੂਮਨ ਸੂਰਮੇ ॥
ਅਗਣਤ ਪਾਉ ਪਸਾਰੀ ਰੁਲੇ ਅਹਾੜ ਵਿਚਿ ॥
ਜਾਪੇ ਖੇਡ ਖਿਡਾਰੀ ਸੁਤੇ ਫਾਗ ਨੂੰ ॥੩੪॥