ਸ੍ਰਣਵਤ ਬੀਜ ਹਕਾਰੇ ਰਹਿੰਦੇ ਸੂਰਮੇ

ਜੋਧੇ ਜੇਡ ਮੁਨਾਰੇ ਦਿਸਨ ਖੇਤ ਵਿਚਿ

ਸਭਨੀ ਦਸਤ ਉਭਾਰੇ ਤੇਗਾਂ ਧੂਹਿ ਕੈ

ਮਾਰੋ ਮਾਰ ਪੁਕਾਰੇ ਆਏ ਸਾਹਮਣੇ

ਸੰਜਾਤੇ ਠਣਿਕਾਰੇ ਤੇਗੀਂ ਉਬਰੇ

ਘਾੜ ਘੜਨਿ ਠਠਿਆਰੇ ਜਾਣਿ ਬਣਾਇ ਕੈ ॥੩੫॥

ਸਟ ਪਈ ਜਮਧਾਣੀ ਦਲਾਂ ਮੁਕਾਬਲਾ

ਘੂਮਰ ਬਰਗ ਸਤਾਣੀ ਦਲ ਵਿਚਿ ਘਤੀਓ

ਸਣੇ ਤੁਰਾ ਪਲਾਣੀ ਡਿਗਣ ਸੂਰਮੇ

ਉਠਿ ਉਠਿ ਮੰਗਣਿ ਪਾਣੀ ਘਾਇਲ ਘੂਮਦੇ

ਏਵਡੁ ਮਾਰਿ ਵਿਹਾਣੀ ਉਪਰ ਰਾਕਸਾਂ

ਬਿਜਲ ਜਿਉ ਝਰਲਾਣੀ ਉਠੀ ਦੇਵਤਾ ॥੩੬॥

ਪਉੜੀ

ਚੋਬੀ ਧਉਸ ਉਭਾਰੀ ਦਲਾਂ ਮੁਕਾਬਲਾ

ਸਭੋ ਸੈਨਾ ਮਾਰੀ ਪਲ ਵਿਚਿ ਦਾਨਵੀ

ਦੁਰਗਾ ਦਾਨੋ ਮਾਰੇ ਰੋਹ ਬਢਾਇ ਕੈ

ਸਿਰ ਵਿਚ ਤੇਗ ਵਗਾਈ ਸ੍ਰਣਵਤ ਬੀਜ ਦੇ ॥੩੭॥

ਅਗਣਤ ਦਾਨੋ ਭਾਰੇ ਹੋਏ ਲੋਹੂਆ

ਜੋਧੇ ਜੇਡ ਮੁਨਾਰੇ ਅੰਦਰਿ ਖੇਤ ਦੈ

ਦੁਰਗਾ ਨੋ ਲਲਕਾਰੇ ਆਵਣ ਸਾਹਮਣੇ

ਦੁਰਗਾ ਸਭ ਸੰਘਾਰੇ ਰਾਕਸ ਆਂਵਦੇ

ਰਤੂ ਦੇ ਪਰਨਾਲੇ ਤਿਨ ਤੇ ਭੁਇ ਪਏ

ਉਠੇ ਕਾਰਣਿਆਰੇ ਰਾਕਸ ਹੜਹੜਾਇ ॥੩੮॥

ਧਗਾ ਸੰਗਲੀਆਲੀ ਸੰਘਰ ਵਾਇਆ

ਬਰਛੀ ਬੰਬਲੀਆਲੀ ਸੂਰੇ ਸੰਘਰੇ

ਭੇੜਿ ਮਚਿਆ ਬੀਰਾਲੀ ਦੁਰਗਾ ਦਾਨਵੀਂ

ਮਾਰ ਮਚੀ ਮੁਹਰਾਲੀ ਅੰਦਰਿ ਖੇਤ ਦੈ

ਜਣ ਨਟ ਲਥੇ ਛਾਲੀ ਢੋਲਿ ਬਜਾਇ ਕੈ

ਲੋਹੂ ਫਾਥੀ ਜਾਲੀ ਲੋਥੀ ਜਮਧੜੀ

ਘਣ ਵਿਚਿ ਜਿਉ ਛੰਛਾਲੀ ਤੇਗਾਂ ਹਸੀਆਂ

ਘੁਮਰਆਰ ਸਿਆਲੀ ਬਣੀਆਂ ਕੇਜਮਾਂ ॥੩੯॥

ਧਗਾ ਸੂਲੀ ਬਜਾਈਆਂ ਦਲਾਂ ਮੁਕਾਬਲਾ

ਧੂਹਿ ਮਿਆਨੋ ਲਈਆਂ ਜੁਆਨੀ ਸੂਰਮੀ

ਸ੍ਰਣਵਤ ਬੀਜ ਬਧਾਈਆਂ ਅਗਣਤ ਸੂਰਤਾਂ

ਦੁਰਗਾ ਸਉਹੇਂ ਆਈਆਂ ਰੋਹ ਬਢਾਇ ਕੈ

ਸਭਨੀ ਆਣ ਵਗਾਈਆਂ ਤੇਗਾਂ ਧੂਹ ਕੈ

ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੈ

ਦੇਵੀ ਆਪ ਚਲਾਈਆਂ ਤਕਿ ਤਕਿ ਦਾਨਵੀ

ਲੋਹੂ ਨਾਲਿ ਡੁਬਾਈਆਂ ਤੇਗਾਂ ਨੰਗੀਆਂ

ਸਾਰਸੁਤੀ ਜਨੁ ਨਾਈਆਂ ਮਿਲ ਕੈ ਦੇਵੀਆਂ

ਸਭੇ ਮਾਰ ਗਿਰਾਈਆਂ ਅੰਦਰਿ ਖੇਤ ਦੈ

ਤਿਦੂੰ ਫੇਰਿ ਸਵਾਈਆਂ ਹੋਈਆਂ ਸੂਰਤਾਂ ॥੪੦॥