ਪਉੜੀ ॥
ਸੂਰੀ ਸੰਘਰਿ ਰਚਿਆ ਢੋਲ ਸੰਖ ਨਗਾਰੇ ਵਾਇ ਕੈ ॥
ਚੰਡ ਚਿਤਾਰੀ ਕਾਲਕਾ ਮਨ ਬਾਹਲਾ ਰੋਸ ਬਢਾਇ ਕੈ ॥
ਨਿਕਲੀ ਮਥਾ ਫੋੜਿ ਕੈ ਜਨ ਫਤੇ ਨੀਸਾਣ ਬਜਾਇ ਕੈ ॥
ਜਾਗ ਸੁ ਜੰਮੀ ਜੁਧ ਨੂੰ ਜਰਵਾਣਾ ਜਣ ਮਰੜਾਇ ਕੈ ॥
ਦਲ ਵਿਚਿ ਘੇਰਾ ਘਤਿਆ ਜਣ ਸੀਂਹ ਤੁਰਿਆ ਗਣਿਣਾਇ ਕੈ ॥
ਆਪ ਵਿਸੂਲਾ ਹੋਇਆ ਤਿਹੁ ਲੋਕਾਂ ਤੇ ਖੁਨਸਾਇ ਕੈ ॥
ਰੋਹ ਸਿਧਾਇਆਂ ਚਕ੍ਰ ਪਾਨ ਕਰ ਨਿੰਦਾ ਖੜਗ ਉਠਾਇ ਕੈ ॥
ਅਗੈ ਰਾਕਸ ਬੈਠੇ ਰੋਹਲੇ ਤੀਰੀ ਤੇਗੀ ਛਹਬਰ ਲਾਇ ਕੈ ॥
ਪਕੜ ਪਛਾੜੇ ਰਾਕਸਾਂ ਦਲ ਦੈਤਾਂ ਅੰਦਰਿ ਜਾਇ ਕੈ ॥
ਬਹੁ ਕੇਸੀ ਪਕੜਿ ਪਛਾੜਿਅਨਿ ਤਿਨ ਅੰਦਰਿ ਧੂਮ ਰਚਾਇ ਕੈ ॥
ਬਡੇ ਬਡੇ ਚੁਣ ਸੂਰਮੇ ਗਹਿ ਕੋਟੀ ਦਏ ਚਲਾਇ ਕੈ ॥
ਰਣ ਕਾਲੀ ਗੁਸਾ ਖਾਇ ਕੈ ॥੪੧॥
ਪਉੜੀ ॥
ਦੁਹਾ ਕੰਧਾਰਾ ਮੁਹਿ ਜੁੜੇ ਅਣੀਆਰਾਂ ਚੋਈਆ ॥
ਧੂਹਿ ਕਿਰਪਾਣਾਂ ਤਿਖੀਆ ਨਾਲ ਲੋਹੂ ਧੋਈਆਂ ॥
ਹੂਰਾਂ ਸ੍ਰਣਤ ਬੀਜ ਨੂੰ ਘਤਿ ਘੇਰਿ ਖਲੋਈਆਂ ॥
ਲਾੜਾ ਦੇਖਣ ਲਾੜੀਆਂ ਚਉਗਿਰਦੇ ਹੋਈਆਂ ॥੪੨॥
ਚੋਬੀ ਧਉਸਾ ਪਾਈਆਂ ਦਲਾਂ ਮੁਕਾਬਲਾ ॥
ਦਸਤੀ ਧੂਹ ਨਚਾਈਆਂ ਤੇਗਾਂ ਨੰਗੀਆਂ ॥
ਸੂਰਿਆਂ ਦੇ ਤਨ ਲਾਈਆਂ ਗੋਸਤ ਗਿਧੀਆਂ ॥
ਬਿਧਣ ਰਾਤੀ ਆਈਆਂ ਮਰਦਾਂ ਘੋੜਿਆਂ ॥
ਜੋਗਣੀਆਂ ਮਿਲਿ ਧਾਈਆਂ ਲੋਹੂ ਭਖਣਾ ॥
ਫਉਜਾਂ ਮਾਰ ਹਟਾਈਆਂ ਦੇਵਾਂ ਦਾਨਵਾਂ ॥
ਭਜਦੀ ਕਥਾ ਸੁਣਾਈਆਂ ਰਾਜੇ ਸੁੰਭ ਥੈ ॥
ਭੁਈਂ ਨ ਪਉਣੈ ਪਾਈਆਂ ਬੂੰਦਾ ਰਕਤ ਦੀਆ ॥
ਕਾਲੀ ਖੇਤ ਖਪਾਈਆਂ ਸਭੇ ਸੂਰਤਾਂ ॥
ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਕੀਆਂ ॥
ਜਾਣਿ ਨ ਜਾਏ ਮਾਈਆਂ ਜੂਝੇ ਸੂਰਮੇ ॥੪੩॥
ਸੁੰਭ ਸੁਣੀ ਕਰਹਾਲੀ ਸ੍ਰਣਵਤ ਬੀਜ ਦੀ ॥
ਰਣ ਵਿਚਿ ਕਿਨੈ ਨ ਝਾਲੀ ਦੁਰਗਾ ਆਂਵਦੀ ॥
ਬਹੁਤੇ ਬੀਰ ਜਟਾਲੀ ਉਠੇ ਆਖ ਕੈ ॥
ਚੋਟਾ ਪਾਨ ਤਬਾਲੀ ਜਾਸਨ ਜੁਧ ਨੂੰ ॥
ਥਰਿ ਥਰਿ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ॥
ਨਾਉ ਜਿਵੇ ਹੈ ਹਾਲੀ ਸਹੁ ਦਰੀਆਉ ਵਿਚਿ ॥
ਧੂੜਿ ਉਤਾਹਾਂ ਘਾਲੀ ਛੜੀ ਤੁਰੰਗਮਾਂ ॥
ਜਾਣਿ ਪੁਕਾਰੂ ਚਾਲੀ ਧਰਤੀ ਇੰਦ੍ਰ ਥੈ ॥੪੪॥
ਪਉੜੀ ॥
ਆਹਰਿ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ॥
ਚਲੇ ਸਉਹੇ ਦੁਰਗਸਾਹ ਜਣ ਕਾਬੈ ਹਾਜੀ ॥
ਤੀਰੀ ਤੇਗੀ ਜਮਧੜੀ ਰਣ ਵੰਡੀ ਭਾਜੀ ॥
ਇਕ ਘਾਇਲ ਘੂਮਨ ਸੂਰਮੇ ਜਣ ਮਕਤਬ ਕਾਜੀ ॥
ਇਕ ਬੀਰ ਪਰੋਤੇ ਬਰਛੀਏ ਜਿਉ ਝੁਕ ਪਉਨ ਨਿਵਾਜੀ ॥
ਇਕ ਦੁਰਗਾ ਸਉਹੇ ਖੁਨਸ ਕੈ ਖੁਨਸਾਇਨ ਤਾਜੀ ॥
ਇਕ ਧਾਵਨ ਦੁਰਗਾ ਸਾਮ੍ਹਣੇ ਜਿਉ ਭੁਖਿਆਏ ਪਾਜੀ ॥
ਕਦੇ ਨ ਰਜੇ ਜੁਧ ਤੇ ਰਜ ਹੋਏ ਰਾਜੀ ॥੪੫॥
ਬਜੇ ਸੰਗਲੀਆਲੇ ਸੰਘਰ ਡੋਹਰੇ ॥
ਡਹੇ ਜੁ ਖੇਤ ਜਟਾਲੇ ਹਾਠਾਂ ਜੋੜਿ ਕੈ ॥
ਨੇਜੇ ਬੰਬਲੀਆਲੇ ਦਿਸਨ ਓਰੜੇ ॥
ਚਲੇ ਜਾਣ ਜਟਾਲੇ ਨਾਵਣ ਗੰਗ ਨੂੰ ॥੪੬॥
ਪਉੜੀ ॥
ਦੁਰਗਾ ਅਤੈ ਦਾਨਵੀ ਸੂਲ ਹੋਈਆਂ ਕੰਗਾਂ ॥
ਵਾਛੜ ਘਤੀ ਸੂਰਿਆਂ ਵਿਚ ਖੇਤ ਖਤੰਗਾਂ ॥
ਧੂਹਿ ਕ੍ਰਿਪਾਣਾ ਤਿਖੀਆਂ ਬਢ ਲਾਹਨਿ ਅੰਗਾਂ ॥
ਪਹਲਾ ਦਲਾਂ ਮਿਲੰਦਿਆਂ ਭੇੜ ਪਾਇਆ ਨਿਹੰਗਾ ॥੪੭॥
ਪਉੜੀ ॥
ਓਰੜ ਫਉਜਾਂ ਆਈਆਂ ਬੀਰ ਚੜੇ ਕੰਧਾਰੀ ॥
ਸੜਕ ਮਿਆਨੋ ਕਢੀਆਂ ਤਿਖੀਆਂ ਤਰਵਾਰੀ ॥
ਕੜਕ ਉਠੇ ਰਣ ਮਚਿਆ ਵਡੇ ਹੰਕਾਰੀ ॥
ਸਿਰ ਧੜ ਬਾਹਾਂ ਗਨ ਲੇ ਫੁਲ ਜੇਹੈ ਬਾੜੀ ॥
ਜਾਪੇ ਕਟੇ ਬਾਢੀਆਂ ਰੁਖ ਚੰਦਨ ਆਰੀ ॥੪੮॥