ਦੁਹਾਂ ਕੰਧਾਰਾਂ ਮੁਹਿ ਜੁੜੇ ਜਾ ਸਟ ਪਈ ਖਰਵਾਰ ਕਉ ॥
ਤਕ ਤਕ ਕੈਬਰਿ ਦੁਰਗਸਾਹ ਤਕ ਮਾਰੇ ਭਲੇ ਜੁਝਾਰ ਕਉ ॥
ਪੈਦਲ ਮਾਰੇ ਹਾਥੀਆਂ ਸੰਗਿ ਰਥ ਗਿਰੇ ਅਸਵਾਰ ਕਉ ॥
ਸੋਹਨ ਸੰਜਾ ਬਾਗੜਾ ਜਣੁ ਲਗੇ ਫੁਲ ਅਨਾਰ ਕਉ ॥
ਗੁਸੇ ਆਈ ਕਾਲਕਾ ਹਥਿ ਸਜੇ ਲੈ ਤਰਵਾਰ ਕਉ ॥
ਏਦੂ ਪਾਰਉ ਓਤ ਪਾਰ ਹਰਨਾਕਸਿ ਕਈ ਹਜਾਰ ਕਉ ॥
ਜਿਣ ਇਕਾ ਰਹੀ ਕੰਧਾਰ ਕਉ ॥
ਸਦ ਰਹਮਤ ਤੇਰੇ ਵਾਰ ਕਉ ॥੪੯॥
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਸਟ ਪਈ ਜਮਧਾਣ ਕਉ ॥
ਤਦ ਖਿੰਗ ਨਸੁੰਭ ਨਚਾਇਆ ਡਾਲ ਉਪਰਿ ਬਰਗਸਤਾਣ ਕਉ ॥
ਫੜੀ ਬਿਲੰਦ ਮਗਾਇਉਸ ਫੁਰਮਾਇਸ ਕਰਿ ਮੁਲਤਾਨ ਕਉ ॥
ਗੁਸੇ ਆਈ ਸਾਹਮਣੇ ਰਣ ਅੰਦਰਿ ਘਤਣ ਘਾਣ ਕਉ ॥
ਅਗੈ ਤੇਗ ਵਗਾਈ ਦੁਰਗਸਾਹ ਬਢ ਸੁੰਭਨ ਬਹੀ ਪਲਾਣ ਕਉ ॥
ਰੜਕੀ ਜਾਇ ਕੈ ਧਰਤ ਕਉ ਬਢ ਪਾਖਰ ਬਢ ਕਿਕਾਣ ਕਉ ॥
ਬੀਰ ਪਲਾਣੋ ਡਿਗਿਆ ਕਰਿ ਸਿਜਦਾ ਸੁੰਭ ਸੁਜਾਣ ਕਉ ॥
ਸਾਬਾਸ ਸਲੋਣੇ ਖਾਣ ਕਉ ॥
ਸਦਾ ਸਾਬਾਸ ਤੇਰੇ ਤਾਣ ਕਉ ॥
ਤਾਰੀਫਾਂ ਪਾਨ ਚਬਾਣ ਕਉ ॥
ਸਦ ਰਹਮਤ ਕੈਫਾਂ ਖਾਨ ਕਉ ॥
ਸਦ ਰਹਮਤ ਤੁਰੇ ਨਚਾਣ ਕਉ ॥੫੦॥
ਪਉੜੀ ॥
ਦੁਰਗਾ ਅਤੈ ਦਾਨਵੀ ਗਹ ਸੰਘਰਿ ਕਥੇ ॥
ਓਰੜ ਉਠੇ ਸੂਰਮੇ ਆਇ ਡਾਹੇ ਮਥੇ ॥
ਕਟ ਤੁਫੰਗੀ ਕੈਬਰੀ ਦਲ ਗਾਹਿ ਨਿਕਥੇ ॥
ਦੇਖਣਿ ਜੰਗ ਫਰੇਸਤੇ ਅਸਮਾਨੋ ਲਥੇ ॥੫੧॥
ਪਉੜੀ ॥
ਦੋਹਾਂ ਕੰਧਾਰਾਂ ਮੁਹ ਜੁੜੇ ਦਲ ਘੁਰੇ ਨਗਾਰੇ ॥
ਓਰੜ ਆਏ ਸੂਰਮੇ ਸਿਰਦਾਰ ਅਣਿਆਰੇ ॥
ਲੈ ਕੇ ਤੇਗਾਂ ਬਰਛੀਆਂ ਹਥਿਆਰ ਉਭਾਰੇ ॥
ਟੋਪ ਪਟੇਲਾ ਪਾਖਰਾਂ ਗਲਿ ਸੰਜ ਸਵਾਰੇ ॥
ਲੈ ਕੇ ਬਰਛੀ ਦੁਰਗਸਾਹ ਬਹੁ ਦਾਨਵ ਮਾਰੇ ॥
ਚੜੇ ਰਥੀ ਗਜ ਘੋੜਿਈ ਮਾਰ ਭੁਇ ਤੇ ਡਾਰੇ ॥
ਜਣੁ ਹਲਵਾਈ ਸੀਖ ਨਾਲ ਵਿੰਨ੍ਹ ਵੜੇ ਉਤਾਰੇ ॥੫੨॥
ਪਉੜੀ ॥
ਦੁਹਾਂ ਕੰਧਾਰਾਂ ਮੁਹਿ ਜੁੜੇ ਨਾਲ ਧਉਸਾ ਭਾਰੀ ॥
ਲਈ ਭਗਉਤੀ ਦੁਰਗਸਾਹ ਵਰ ਜਾਗਨ ਭਾਰੀ ॥
ਲਾਈ ਰਾਜੇ ਸੁੰਭ ਨੋ ਰਤੁ ਪੀਐ ਪਿਆਰੀ ॥
ਸੁੰਭ ਪਾਲਾਣੋ ਡਿਗਿਆ ਉਪਮਾ ਬੀਚਾਰੀ ॥
ਡੁਬ ਰਤੂ ਨਾਲਹੁ ਨਿਕਲੀ ਬਰਛੀ ਦੁਧਾਰੀ ॥
ਜਾਣ ਰਜਾਦੀ ਉਤਰੀ ਪੈਨ ਸੂਹੀ ਸਾਰੀ ॥੫੩॥
ਪਉੜੀ ॥
ਦੁਰਗਾ ਅਤੈ ਦਾਨਵੀ ਭੇੜ ਪਇਆ ਸਬਾਹੀਂ ॥
ਸਸਤ੍ਰ ਪਜੂਤੇ ਦੁਰਗਸਾਹ ਗਹ ਸਭਨੀਂ ਬਾਹੀਂ ॥
ਸੁੰਭ ਨਿਸੁੰਭ ਸੰਘਾਰਿਆ ਵਥ ਜੇਹੇ ਸਾਹੀਂ ॥
ਫਉਜਾਂ ਰਾਕਸਿ ਆਰੀਆਂ ਦੇਖਿ ਰੋਵਨਿ ਧਾਹੀਂ ॥
ਮੁਹਿ ਕੁੜੂਚੇ ਘਾਹ ਦੇ ਛਡ ਘੋੜੇ ਰਾਹੀਂ ॥
ਭਜਦੇ ਹੋਏ ਮਾਰੀਅਨ ਮੁੜ ਝਾਕਨ ਨਾਹੀਂ ॥੫੪॥
ਪਉੜੀ ॥
ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ ॥
ਇੰਦ੍ਰ ਸਦ ਬੁਲਾਇਆ ਰਾਜ ਅਭਿਸੇਖ ਨੋ ॥
ਸਿਰ ਪਰ ਛਤ੍ਰ ਫਿਰਾਇਆ ਰਾਜੇ ਇੰਦ੍ਰ ਦੈ ॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰ ਨ ਜੂਨੀ ਆਇਆ ਜਿਨ ਇਹ ਗਾਇਆ ॥੫੫॥