ਭੁਜੰਗ ਪ੍ਰਯਾਤ ਛੰਦ ॥
ਰਚਿਯੋ ਸਰਪ ਮੇਧੰ ਬਡੋ ਜਗ ਰਾਜੰ ॥
ਕਰੈ ਬਿਪ ਹੋਮੈ ਸਰੈ ਸਰਬ ਕਾਜੰ ॥
ਦਹੇ ਸਰਬ ਸਰਪੰ ਅਨੰਤੰ ਪ੍ਰਕਾਰੰ ॥
ਭੁਜੈ ਭੋਗ ਅਨੰਤੰ ਜੁਗੈ ਰਾਜ ਦੁਆਰੰ ॥੧॥੧੬੯॥
ਕਿਤੇ ਅਸਟ ਹਸਤੰ ਸਤੰ ਪ੍ਰਾਇ ਨਾਰੰ ॥
ਕਿਤੇ ਦੁਆਦਿਸੇ ਹਸਤ ਲੌ ਪਰਮ ਭਾਰੰ ॥
ਕਿਤੇ ਦ੍ਵੈ ਸਹੰਸ੍ਰ ਕਿਤੇ ਜੋਜਨੇਕੰ ॥
ਗਿਰੇ ਹੋਮ ਕੁੰਡੰ ਅਪਾਰੰ ਅਚੇਤੰ ॥੨॥੧੭੦॥
ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ ॥
ਕਿਤੇ ਚਾਰ ਜੋਜਨ ਦਹੇ ਭੂਮ ਭੋਗਨ ॥
ਕਿਤੇ ਮੁਸਟ ਅੰਗੁਸਟ ਗ੍ਰਿਸਟੰ ਪ੍ਰਮਾਨੰ ॥
ਕਿਤੇ ਡੇਢੁ ਗਿਸਟੇ ਅੰਗੁਸਟੰ ਅਰਧਾਨੰ ॥੩॥੧੭੧॥
ਕਿਤੇ ਚਾਰ ਜੋਜਨ ਲਉ ਚਾਰ ਕੋਸੰ ॥
ਛੁਐ ਘ੍ਰਿਤ ਜੈਸੇ ਕਰੈ ਅਗਨ ਹੋਮੰ ॥
ਫਣੰ ਫਟਕੈ ਫੇਣਕਾ ਫੰਤਕਾਰੰ ॥
ਛੁਟੈ ਲਪਟ ਜ੍ਵਾਲਾ ਬਸੈ ਬਿਖਧਾਰੰ ॥੪॥੧੭੨॥
ਕਿਤੇ ਸਪਤ ਜੋਜਨ ਲੌ ਕੋਸ ਅਸਟੰ ॥
ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ ॥
ਭਯੋ ਘੋਰ ਬਧੰ ਜਰੇ ਕੋਟ ਨਾਗੰ ॥
ਭਜ︀ਯੋ ਤਛਕੰ ਭਛਕੰ ਜੇਮ ਕਾਗੰ ॥੫॥੧੭੩॥
ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ ॥
ਬਚੇ ਬਾਧ ਡਾਰੇ ਘਨੇ ਕੁੰਡ ਝੁੰਡੰ ॥
ਭਜ︀ਯੋ ਨਾਗ ਰਾਜੰ ਤਕ੍ਰਯੋ ਇੰਦ੍ਰ ਲੋਕੰ ॥
ਜਰ︀ਯੋ ਬੈਦ ਮੰਤ੍ਰੰ ਭਰ︀ਯੋ ਸਕ੍ਰ ਸੋਕੰ ॥੬॥੧੭੪॥
ਬਧ︀ਯੋ ਮੰਤ੍ਰ ਜੰਤ੍ਰੰ ਗਿਰ︀ਯੋ ਭੂਮ ਮਧੰ ॥
ਅੜਿਓ ਆਸਤੀਕੰ ਮਹਾ ਬਿਪ੍ਰ ਸਿਧੰ ॥
ਭਿੜ੍ਰਯੋ ਭੇੜ ਭੂਪੰ ਝਿਣ੍ਰਯੋ ਝੇੜ ਝਾੜੰ ॥
ਮਹਾ ਕ੍ਰੋਧ ਉਠ︀ਯੋ ਤਣੀ ਤੋੜ ਤਾੜੰ ॥੭॥੧੭੫॥
ਤਜ︀ਯੋ ਸ੍ਰਪ ਮੇਧੰ ਭਜ︀ਯੋ ਏਕ ਨਾਥੰ ॥
ਕ੍ਰਿਪਾ ਮੰਤ੍ਰ ਸੂਝੈ ਸਬੈ ਸ੍ਰਿਸਟ ਸਾਜੰ ॥
ਸੁਨਹੁ ਰਾਜ ਸਰਦੂਲ ਬਿਦ︀ਯਾ ਨਿਧਾਨੰ ॥
ਤਪੈ ਤੇਜ ਸਾਵੰਤ ਜੁਆਲਾ ਸਮਾਨੰ ॥੮॥੧੭੬॥
ਮਹੀ ਮਾਹ ਰੂਪੰ ਤਪੈ ਤੇਜ ਭਾਨੰ ॥
ਦਸੰ ਚਾਰ ਚਉਦਾਹ ਬਿਦਿਆ ਨਿਧਾਨੰ ॥
ਸੁਨਹੁ ਰਾਜ ਸਾਸਤ੍ਰਗ ਸਾਰੰਗ ਪਾਨੰ ॥
ਤਜਹੁ ਸਰਪ ਮੇਧੰ ਦਿਜੈ ਮੋਹਿ ਦਾਨੰ ॥੯॥੧੭੭॥
ਤਜਹੁ ਜੋ ਨ ਸਰਪੰ ਜਰੋ ਅਗਨ ਆਪੰ ॥
ਕਰੋ ਦਗਧ ਤੋ ਕੌ ਦਿਵੌ ਐਸ ਸ੍ਰਾਪੰ ॥
ਹਣ︀ਯੋ ਪੇਟ ਮਧੰ ਛੁਰੀ ਜਮਦਾੜੰ ॥
ਲਗੇ ਪਾਪ ਤੋ ਕੋ ਸੁਨਹੁ ਰਾਜ ਗਾੜੰ ॥੧੦॥੧੭੮॥
ਸੁਨੇ ਬਿਪ ਬੋਲੰ ਉਠਿਯੋ ਆਪ ਰਾਜੰ ॥
ਤਜਿਯੋ ਸਰਪ ਮੇਧੰ ਪਿਤਾ ਬੈਰ ਕਾਜੰ ॥
ਬੁਲ︀ਯੋ ਬ︀ਯਾਸ ਪਾਸੰ ਕਰਿਯੋ ਮੰਤ੍ਰ ਚਾਰੰ ॥
ਮਹਾ ਬੇਦ ਬਿਆਕਰਣ ਬਿਦਿਆ ਬਿਚਾਰੰ ॥੧੧॥੧੭੯॥
ਸੁਨੀ ਪੁਤ੍ਰਕਾ ਦੁਇ ਗ੍ਰਿਹੰ ਕਾਸਿ ਰਾਜੰ ॥
ਮਹਾ ਸੁੰਦਰੀ ਰੂਪ ਸੋਭਾ ਸਮਾਜੰ ॥
ਜਿਣਿਉ ਜਾਇ ਤਾ ਕੋ ਹਣੋ ਦੁਸਟ ਪੁਸਟੰ ॥
ਕਰਿਯੋ ਧਿਆਨ ਤਾਨੇ ਲਦੇ ਭਾਰ ਉਸਟੰ ॥੧੨॥੧੮੦॥
ਚਲੀ ਸੈਨ ਸੂਕਰ ਪਰਾਚੀ ਦਿਸਾਨੰ ॥
ਚੜੇ ਬੀਰ ਧੀਰੰ ਹਠੇ ਸਸਤ੍ਰ ਪਾਨੰ ॥
ਦੁਰਿਯੋ ਜਾਇ ਦੁਰਗ ਸੁ ਬਾਰਾਣਸੀਸੰ ॥
ਘੇਰ︀ਯੋ ਜਾਇ ਫਉਜੰ ਭਜਿਓ ਏਕ ਈਸੰ ॥੧੩॥੧੮੧॥
ਮਚਿਯੋ ਜੁਧ ਸੁਧੰ ਬਹੇ ਸਸਤ੍ਰ ਘਾਤੰ ॥
ਗਿਰੇ ਅਧੁ ਵਧੰ ਸਨਧੰ ਬਿਪਾਤੰ ॥
ਗਿਰੇ ਹੀਰ ਚੀਰੰ ਸੁ ਬੀਰੰ ਰਜਾਣੰ ॥
ਕਟੈ ਅਧੁ ਅਧੰ ਛੁਟੇ ਰੁਦ੍ਰ ਧ︀ਯਾਨੰ ॥੧੪॥੧੮੨॥
ਗਿਰੇ ਖੇਤ੍ਰ ਖਤ੍ਰਾਣ ਖਤ੍ਰੀ ਖਤ੍ਰਾਣੰ ॥
ਬਜੀ ਭੇਰ ਭੁੰਕਾਰ ਦ੍ਰੁਕਿਆ ਨਿਸਾਣੰ ॥
ਕਰੇ ਪੈਜਵਾਰੰ ਪ੍ਰਚਾਰੈ ਸੁ ਬੀਰੰ ॥
ਫਿਰੇ ਰੁੰਡ ਮੁੰਡੰ ਤਣੰ ਤਛ ਤੀਰੰ ॥੧੫॥੧੮੩॥
ਬਿਭੇ ਦੰਤ ਵਰਮੰ ਪ੍ਰਛੇਦੈ ਤਨਾਨੰ ॥
ਕਰੇ ਮਰਦਨੰ ਅਰਦਨੰ ਮਰਦਮਾਨੰ ॥
ਕਟੇ ਚਰਮ ਬਰਮੰ ਛੁਟੇ ਚਉਰ ਚਾਰੰ ॥
ਗਿਰੇ ਬੀਰ ਧੀਰੰ ਛੁਟੇ ਸਸਤ੍ਰ ਧਾਰੰ ॥੧੬॥੧੮੪॥
ਜਿਣ੍ਰਯੋ ਕਾਸਕੀਸੰ ਹਣ︀ਯੋ ਸਰਬ ਸੈਨੰ ॥
ਬਰੀ ਪੁਤ੍ਰਕਾ ਤਾਹ ਕੰਪ︀ਯੋ ਤ੍ਰਿਨੈਨੰ ॥
ਭਇਓ ਮੇਲ ਗੇਲੰ ਮਿਲੇ ਰਾਜ ਰਾਜੰ ॥
ਭਈ ਮਿਤ੍ਰ ਚਾਰੰ ਸਰੇ ਸਰਬ ਕਾਜੰ ॥੧੭॥੧੮੫॥
ਮਿਲੀ ਰਾਜ ਦਾਜੰ ਸੁ ਦਾਸੀ ਅਨੂਪੰ ॥
ਮਹਾ ਬਿਦ︀ਯਵੰਤੀ ਅਪਾਰੰ ਸਰੂਪੰ ॥
ਮਿਲੇ ਹੀਰ ਚੀਰੰ ਕਿਤੇ ਸਿਆਉ ਕਰਨੰ ॥
ਮਿਲੇ ਮਤ ਦੰਤੀ ਕਿਤੇ ਸੇਤ ਬਰਨੰ ॥੧੮॥੧੮੬॥
ਕਰ︀ਯੋ ਬ︀ਯਾਹ ਰਾਜਾ ਭਇਓ ਸੁ ਪ੍ਰਸੰਨੰ ॥
ਭਲੀ ਭਾਤ ਪੋਖੇ ਦਿਜੰ ਸਰਬ ਅੰਨੰ ॥
ਕਰੇ ਭਾਤਿ ਭਾਤੰ ਮਹਾ ਗਜ ਦਾਨੰ ॥
ਭਏ ਦੋਇ ਪੁਤ੍ਰੰ ਮਹਾ ਰੂਪ ਮਾਨੰ ॥੧੯॥੧੮੭॥
ਲਖੀ ਰੂਪਵੰਤੀ ਮਹਾਰਾਜ ਦਾਸੀ ॥
ਮਨੋ ਚੀਰ ਕੈ ਚਾਰ ਚੰਦ੍ਰਾ ਨਿਕਾਸੀ ॥
ਲਹੈ ਚੰਚਲਾ ਚਾਰ ਬਿਦਿਆ ਲਤਾ ਸੀ ॥
ਕਿਧੌ ਕੰਜਕੀ ਮਾਝ ਸੋਭਾ ਪ੍ਰਕਾਸੀ ॥੨੦॥੧੮੮॥
ਕਿਧੌ ਫੂਲ ਮਾਲਾ ਲਖੈ ਚੰਦ੍ਰਮਾ ਸੀ ॥
ਕਿਧੌ ਪਦਮਨੀ ਮੈ ਬਨੀ ਮਾਲਤੀ ਸੀ ॥
ਕਿਧੌ ਪੁਹਪ ਧੰਨਿਆ ਫੁਲੀ ਰਾਇਬੇਲੰ ॥
ਤਜੈ ਅੰਗ ਤੇ ਬਾਸੁ ਚੰਪਾ ਫੁਲੇਲੰ ॥੨੧॥੧੮੯॥
ਕਿਧੌ ਦੇਵ ਕੰਨਿਆ ਪ੍ਰਿਥੀ ਲੋਕ ਡੋਲੈ ॥
ਕਿਧੌ ਜਛਨੀ ਕਿਨ੍ਰਨੀ ਸਿਉ ਕਲੋਲੈ ॥
ਕਿਧੌ ਰੁਦ੍ਰ ਬੀਜੰ ਫਿਰੈ ਮਧਿ ਬਾਲੰ ॥
ਕਿਧੌ ਪਤ੍ਰ ਪਾਨੰ ਨਚੈ ਕਉਲ ਨਾਲੰ ॥੨੨॥੧੯੦॥
ਕਿਧੌ ਰਾਗਮਾਲਾ ਰਚੀ ਰੰਗ ਰੂਪੰ ॥
ਕਿਧੌ ਇਸਤ੍ਰਿ ਰਾਜਾ ਰਚੀ ਭੂਪ ਭੂਪੰ ॥
ਕਿਧੌ ਨਾਗ ਕੰਨਿਆ ਕਿਧੌ ਬਾਸਵੀ ਹੈ ॥
ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ ॥੨੩॥੧੯੧॥
ਲਸੈ ਚਿਤ੍ਰ ਰੂਪੰ ਬਚਿਤ੍ਰੰ ਅਪਾਰੰ ॥
ਮਹਾ ਰੂਪਵੰਤੀ ਮਹਾ ਜੋਬਨਾਰੰ ॥
ਮਹਾ ਗਿਆਨਵੰਤੀ ਸੁ ਬਿਗਿਆਨ ਕਰਮੰ ॥
ਪੜੇ ਕੰਠਿ ਬਿਦਿਆ ਸੁ ਬਿਦਿਆਦਿ ਧਰਮੰ ॥੨੪॥੧੯੨॥
ਲਖੀ ਰਾਜ ਕੰਨਿਆਨ ਤੇ ਰੂਪਵੰਤੀ ॥
ਲਸੈ ਜੋਤ ਜ੍ਵਾਲਾ ਅਪਾਰੰ ਅਨੰਤੀ ॥
ਲਖ︀ਯੋ ਤਾਹਿ ਜਨਮੇਜਏ ਆਪ ਰਾਜੰ ॥
ਕਰੇ ਪਰਮ ਭੋਗੰ ਦੀਏ ਸਰਬ ਸਾਜੰ ॥੨੫॥੧੯੩॥
ਬਢਿਓ ਨੇਹੁ ਤਾ ਸੋ ਤਜੀ ਰਾਜ ਕੰਨਿਆ ॥
ਹੁਤੀ ਸਿਸਟ ਕੀ ਦਿਸਟ ਮਹਿ ਪੁਸਟ ਧੰਨਿਆ ॥
ਭਇਓ ਏਕ ਪੁਤ੍ਰੰ ਮਹਾ ਸਸਤ੍ਰ ਧਾਰੀ ॥
ਦਸੰ ਚਾਰ ਚਉਦਾਹ ਬਿਦਿਆ ਬਿਚਾਰੀ ॥੨੬॥੧੯੪॥
ਧਰਿਓ ਅਸਮੇਧੰ ਪ੍ਰਿਥਮ ਪੁਤ੍ਰ ਨਾਮੰ ॥
ਭਇਓ ਅਸਮੇਧਾਨ ਦੂਜੋ ਪ੍ਰਧਾਨੰ ॥
ਅਜੈ ਸਿੰਘ ਰਾਖ︀ਯੋ ਰਜੀ ਪੁਤ੍ਰ ਸੂਰੰ ॥
ਮਹਾ ਜੰਗ ਜੋਧਾ ਮਹਾ ਜਸ ਪੂਰੰ ॥੨੭॥੧੯੫॥
ਭਇਓ ਤਨ ਦੁਰੁਸਤੰ ਬਲਿਸਟੰ ਮਹਾਨੰ ॥
ਮਹਾਜੰਗ ਜੋਧਾ ਸੁ ਸਸਤ੍ਰੰ ਪ੍ਰਧਾਨੰ ॥
ਹਣੈ ਦੁਸਟ ਪੁਸਟੰ ਮਹਾ ਸਸਤ੍ਰ ਧਾਰੰ ॥
ਬਡੇ ਸਤ੍ਰ ਜੀਤੇ ਜਿਵੇ ਰਾਵਣਾਰੰ ॥੨੮॥੧੯੬॥
ਚੜਿਓ ਏਕ ਦਿਵਸੰ ਅਖੇਟੰ ਨਰੇਸੰ ॥
ਲਖੇ ਮ੍ਰਿਗ ਧਾਯੋ ਗਯੋ ਅਉਰ ਦੇਸੰ ॥
ਸ੍ਰਮਿਓ ਪਰਮ ਬਾਟੰ ਤਕਿਯੋ ਏਕ ਤਾਲੰ ॥
ਤਹਾ ਦਉਰ ਕੈ ਪੀਨ ਪਾਨੰ ਉਤਾਲੰ ॥੨੯॥੧੯੭॥
ਕਰਿਓ ਰਾਜ ਸੈਨੰ ਕਢਿਓ ਬਾਰ ਬਾਜੰ ॥
ਤਕੀ ਬਾਜਨੀ ਰੂਪ ਰਾਜੰ ਸਮਾਜੰ ॥
ਲਗ︀ਯੋ ਆਨ ਤਾ ਕੋ ਰਹ︀ਯੋ ਤਾਹਿ ਗਰਭੰ ॥
ਭਇਓ ਸਿਯਾਮ ਕਰਣੰ ਸੁ ਬਾਜੀ ਅਦਰਬੰ ॥੩੦॥੧੯੮॥
ਕਰਿਯੋ ਬਾਜ ਮੇਧੰ ਬਡੋ ਜਗ ਰਾਜਾ ॥
ਜਿਣੇ ਸਰਬ ਭੂਪੰ ਸਰੇ ਸਰਬ ਕਾਜਾ ॥
ਗਡ੍ਰਯੋ ਜਗ ਥੰਭੰ ਕਰਿਯੋ ਹੋਮ ਕੁੰਡੰ ॥
ਭਲੀ ਭਾਤ ਪੋਖੇ ਬਲੀ ਬਿਪ੍ਰ ਝੁੰਡੰ ॥੩੧॥੧੯੯॥
ਦਏ ਕੋਟ ਦਾਨੰ ਪਕੇ ਪਰਮ ਪਾਕੰ ॥
ਕਲੂ ਮਧਿ ਕੀਨੋ ਬਡੋ ਧਰਮ ਸਾਕੰ ॥
ਲਗੀ ਦੇਖਨੇ ਆਪ ਜਿਉ ਰਾਜ ਬਾਲਾ ॥
ਮਹਾ ਰੂਪਵੰਤੀ ਮਹਾ ਜੁਆਲ ਆਲਾ ॥੩੨॥੨੦੦॥
ਉਡ︀ਯੋ ਪਉਨ ਕੇ ਬੇਗ ਸਿਯੋ ਅਗ੍ਰ ਪਤ੍ਰੰ ॥
ਹਸੇ ਦੇਖ ਨਗਨੰ ਤ੍ਰੀਯੰ ਬਿਪ੍ਰ ਛਤ੍ਰੰ ॥
ਭਇਓ ਕੋਪ ਰਾਜਾ ਗਹੇ ਬਿਪ੍ਰ ਸਰਬੰ ॥
ਦਹੇ ਖੀਰ ਖੰਡੰ ਬਡੇ ਪਰਮ ਗਰਬੰ ॥੩੩॥੨੦੧॥
ਪ੍ਰਿਥਮ ਬਾਧਿ ਕੈ ਸਰਬ ਮੂੰਡੇ ਮੁੰਡਾਏ ॥
ਪੁਨਰ ਏਡੂਆ ਸੀਸ ਤਾ ਕੇ ਟਿਕਾਏ ॥
ਪੁਨਰ ਤਪਤ ਕੈ ਖੀਰ ਕੇ ਮਧਿ ਡਾਰਿਓ ॥
ਇਮੰ ਸਰਬ ਬਿਪ੍ਰਾਨ ਕਉ ਜਾਰਿ ਮਾਰਿਓ ॥੩੪॥੨੦੨॥
ਕਿਤੇ ਬਾਧਿ ਕੈ ਬਿਪ੍ਰ ਬਾਚੇ ਦਿਵਾਰੰ ॥
ਕਿਤੇ ਬਾਧ ਫਾਸੀ ਦੀਏ ਬਿਪ੍ਰ ਭਾਰੰ ॥
ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ ॥
ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ ॥੩੫॥੨੦੩॥
ਲਗਿਯੋ ਦੋਖ ਭੂਪੰ ਬਢਿਯੋ ਕੁਸਟ ਦੇਹੀ ॥
ਸਭੇ ਬਿਪ੍ਰ ਬੋਲੇ ਕਰਿਯੋ ਰਾਜ ਨੇਹੀ ॥
ਕਹੋ ਕਉਨ ਸੋ ਬੈਠਿ ਕੀਜੈ ਬਿਚਾਰੰ ॥
ਦਹੈ ਦੇਹ ਦੋਖੰ ਮਿਟੈ ਪਾਪ ਭਾਰੰ ॥੩੬॥੨੦੪॥
ਬੋਲੇ ਰਾਜ ਦੁਆਰੰ ਸਬੈ ਬਿਪ੍ਰ ਆਏ ॥
ਬਡੇ ਬਿਆਸ ਤੇ ਆਦਿ ਲੈ ਕੇ ਬੁਲਾਏ ॥
ਦੇਖੈ ਲਾਗ ਸਾਸਤ੍ਰੰ ਬੋਲੇ ਬਿਪ੍ਰ ਸਰਬੰ ॥
ਕਰਿਯੋ ਬਿਪ੍ਰਮੇਧੰ ਬਢਿਓ ਭੂਪ ਗਰਬੰ ॥੩੭॥੨੦੫॥
ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥
ਕਰਿਯੋ ਬਿਪ੍ਰ ਮੇਧੰ ਸੁ ਜਗੰ ਪ੍ਰਮਾਨੰ ॥
ਭਇਓ ਅਕਸਮੰਤ੍ਰੰ ਕਹਿਓ ਨਾਹਿ ਕਉਨੈ ॥
ਕਰੀ ਜਉਨ ਹੋਤੀ ਭਈ ਬਾਤ ਤਉਨੈ ॥੩੮॥੨੦੬॥
ਸੁਨਹੁ ਬਿਆਸ ਤੇ ਪਰਬ ਅਸਟੰ ਦਸਾਨੰ ॥
ਦਹੈ ਦੇਹ ਤੇ ਕੁਸਟ ਸਰਬੰ ਨ੍ਰਿਪਾਨੰ ॥
ਬੋਲੈ ਬਿਪ੍ਰ ਬਿਆਸੰ ਸੁਨੈ ਲਾਗ ਪਰਬੰ ॥
ਪਰਿਯੋ ਭੂਪ ਪਾਇਨ ਤਜੇ ਸਰਬ ਗਰਬੰ ॥੩੯॥੨੦੭॥
ਸੁਨਹੁ ਰਾਜ ਸਰਦੂਲ ਬਿਦਿਆ ਨਿਧਾਨੰ ॥
ਹੂਓ ਭਰਥ ਕੇ ਬੰਸ ਮੈ ਰਘੁਰਾਨੰ ॥
ਭਇਓ ਤਉਨ ਕੇ ਬੰਸ ਮੈ ਰਾਮ ਰਾਜਾ ॥
ਦੀਜੈ ਛਤ੍ਰ ਦਾਨੰ ਨਿਧਾਨੰ ਬਿਰਾਜਾ ॥੪੦॥੨੦੮॥
ਭਇਓ ਤਉਨ ਕੀ ਜਦ ਮੈ ਜਦੁ ਰਾਜੰ ॥
ਦਸੰ ਚਾਰ ਚੌਦਹ ਸੁ ਬਿਦਿਆ ਸਮਾਜੰ ॥
ਭਇਓ ਤਉਨ ਕੇ ਬੰਸ ਮੈ ਸੰਤਨੇਅੰ ॥
ਭਏ ਤਾਹਿ ਕੇ ਕਉਰਓ ਪਾਡਵੇਅੰ ॥੪੧॥੨੦੯॥
ਭਏ ਤਉਨ ਕੇ ਬੰਸ ਮੈ ਧ੍ਰਿਤਰਾਸਟਰੰ ॥
ਮਹਾ ਜੁਧ ਜੋਧਾ ਪ੍ਰਬੋਧਾ ਮਹਾ ਸੁਤ੍ਰੰ ॥
ਭਏ ਤਉਨ ਕੇ ਕਉਰਵੰ ਕ੍ਰੂਰ ਕਰਮੰ ॥
ਕੀਓ ਛਤ੍ਰਣੰ ਜੈਨ ਕੁਲ ਛੈਣ ਕਰਮੰ ॥੪੨॥੨੧੦॥
ਕੀਓ ਭੀਖਮੇ ਅਗ੍ਰ ਸੈਨਾ ਸਮਾਜੰ ॥
ਭਇਓ ਕ੍ਰੁਧ ਜੁਧੰ ਸਮੁਹ ਪੰਡੁ ਰਾਜੰ ॥
ਤਹਾ ਗਰਜਿਯੋ ਅਰਜਨੰ ਪਰਮ ਬੀਰੰ ॥
ਧਨੁਰ ਬੇਦ ਗਿਆਤਾ ਤਜੇ ਪਰਮ ਤੀਰੰ ॥੪੩॥੨੧੧॥
ਤਜੀ ਬੀਰ ਬਾਨਾ ਵਰੀ ਬੀਰ ਖੇਤੰ ॥
ਹਣਿਓ ਭੀਖਮੰ ਸਭੈ ਸੈਨਾ ਸਮੇਤੰ ॥
ਦਈ ਬਾਣ ਸਿਜਾ ਗਰੇ ਭੀਖਮੈਣੰ ॥
ਜਯੰ ਪਤ੍ਰ ਪਾਇਓ ਸੁਖੰ ਪਾਡਵੇਣੰ ॥੪੪॥੨੧੨॥
ਭਏ ਦ੍ਰੋਣ ਸੈਨਾਪਤੀ ਸੈਨਪਾਲੰ ॥
ਭਇਓ ਘੋਰ ਜੁਧੰ ਤਹਾ ਤਉਨ ਕਾਲੰ ॥
ਹਣਿਓ ਧ੍ਰਿਸਟ ਦੋਨੰ ਤਜੇ ਦ੍ਰੋਣ ਪ੍ਰਾਣੰ ॥
ਕਰਿਓ ਜੁਧ ਤੇ ਦੇਵਲੋਕੰ ਪਿਆਣੰ ॥੪੫॥੨੧੩॥
ਭਏ ਕਰਣ ਸੈਨਾਪਤੀ ਛਤ੍ਰਪਾਲੰ ॥
ਮਚ︀ਯੋ ਜੁਧ ਕ੍ਰੁਧੰ ਮਹਾ ਬਿਕਰਾਲੰ ॥
ਹਣਿਓ ਤਾਹਿ ਪੰਥੰ ਸਦੰ ਸੀਸੁ ਕਪਿਓ ॥
ਗਿਰਿਓ ਤਉਣ ਯੁਧਿਸਟਰੰ ਰਾਜੁ ਥਪਿਓ ॥੪੬॥੨੧੪॥
ਭਏ ਸੈਣਪਾਲੰ ਬਲੀ ਸੂਲ ਸਲ੍ਰਯੰ ॥
ਭਲੀ ਭਾਤਿ ਕੁਟਿਓ ਬਲੀ ਪੰਚ ਦਲ੍ਰਯੰ ॥
ਪੁਨਰ ਹਸਤ ਯੁਧਿਸਟਰੰ ਸਕਤ ਬੇਧੰ ॥
ਗਿਰਿਯੋ ਜੁਧ ਭੂਪੰ ਬਲੀ ਭੂਪ ਬੇਧੰ ॥੪੭॥੨੧੫॥
ਚੌਪਈ ॥
ਸਲ ਰਾਜਾ ਜਉਨੈ ਦਿਨ ਜੂਝਾ ॥
ਕਉਰਉ ਹਾਰ ਤਵਨ ਤੇ ਸੂਝਾ ॥
ਜੂਝਤ ਸਲ ਭਇਓ ਅਸਤਾਮਾ ॥
ਕੂਟਿਓ ਕੋਟ ਕਟਕੁ ਇਕ ਜਾਮਾ ॥੧॥੨੧੬॥
ਧ੍ਰਿਸਟ ਦੋਨੁ ਮਾਰਿਓ ਅਤਿਰਥੀ ॥
ਪਾਡਵ ਸੈਨ ਭਲੇ ਕਰਿ ਮਥੀ ॥
ਪਾਡਵ ਕੇ ਪਾਚੋ ਸੁਤ ਮਾਰੇ ॥
ਦੁਆਪੁਰ ਮੈ ਬਡ ਕੀਨ ਅਖਾਰੇ ॥੨॥੨੧੭॥
ਕਉਰਉ ਰਾਜ ਕੀਓ ਤਬ ਜੁਧਾ ॥
ਭੀਮ ਸੰਗਿ ਹੁਇ ਕੈ ਅਤਿ ਕ੍ਰੁਧਾ ॥
ਜੁਧ ਕਰਤ ਕਬਹੂ ਨਹੀ ਹਾਰਾ ॥
ਕਾਲ ਬਲੀ ਤਿਹ ਆਨ ਸੰਘਾਰਾ ॥੩॥੨੧੮॥