ਚੌਪਈ ॥
ਅਸੁਮੇਧ ਅਰੁ ਅਸਮੇਦਹਾਰਾ ॥
ਮਹਾ ਸੂਰ ਸਤਵਾਨ ਅਪਾਰਾ ॥
ਮਹਾ ਬੀਰ ਬਰਿਆਰ ਧਨੁਖ ਧਰ ॥
ਗਾਵਤ ਕੀਰਤ ਦੇਸ ਸਭ ਘਰ ਘਰ ॥੧॥੨੩੮॥
ਮਹਾ ਬੀਰ ਅਰੁ ਮਹਾ ਧਨੁਖ ਧਰ ॥
ਕਾਪਤ ਤੀਨ ਲੋਕ ਜਾ ਕੇ ਡਰ ॥
ਬਡ ਮਹੀਪ ਅਰੁ ਅਖੰਡ ਪ੍ਰਤਾਪਾ ॥
ਅਮਿਤ ਤੇਜ ਜਾਪਤ ਜਗ ਜਾਪਾ ॥੨॥੨੩੯॥
ਅਜੈ ਸਿੰਘ ਉਤ ਸੂਰ ਮਹਾਨਾ ॥
ਬਡ ਮਹੀਪ ਦਸ ਚਾਰ ਨਿਧਾਨਾ ॥
ਅਨਬਿਕਾਰ ਅਨਤੋਲ ਅਤੁਲ ਬਲ ॥
ਅਰ ਅਨੇਕ ਜੀਤੇ ਜਿਨ ਦਲਮਲ ॥੩॥੨੪੦॥
ਜਿਨ ਜੀਤੇ ਸੰਗ੍ਰਾਮ ਅਨੇਕਾ ॥
ਸਸਤ੍ਰ ਅਸਤ੍ਰ ਧਰਿ ਛਾਡਨ ਏਕਾ ॥
ਮਹਾ ਸੂਰ ਗੁਨਵਾਨ ਮਹਾਨਾ ॥
ਮਾਨਤ ਲੋਕ ਸਗਲ ਜਿਹ ਆਨਾ ॥੪॥੨੪੧॥
ਮਰਨ ਕਾਲ ਜਨਮੇਜੇ ਰਾਜਾ ॥
ਮੰਤ੍ਰ ਕੀਓ ਮੰਤ੍ਰੀਨ ਸਮਾਜਾ ॥
ਰਾਜ ਤਿਲਕ ਭੂਪਤ ਅਭਖੇਖਾ ॥
ਨਿਰਖਤ ਭਏ ਨ੍ਰਿਪਤ ਕੀ ਰੇਖਾ ॥੫॥੨੪੨॥
ਇਨ ਮਹਿ ਰਾਜ ਕਵਨ ਕਉ ਦੀਜੈ ॥
ਕਉਨ ਨ੍ਰਿਪਤ ਸੁਤ ਕਉ ਨ੍ਰਿਪੁ ਕੀਜੈ ॥
ਰਜੀਆ ਪੂਤ ਨ ਰਾਜ ਕੀ ਜੋਗਾ ॥
ਯਾਹਿ ਕੇ ਜੋਗ ਨ ਰਾਜ ਕੇ ਭੋਗਾ ॥੬॥੨੪੩॥
ਅਸ੍ਵਮੇਦ ਕਹੁ ਦੀਨੋ ਰਾਜਾ ॥
ਜੈ ਪਤਿ ਭਾਖ︀ਯੋ ਸਕਲ ਸਮਾਜਾ ॥
ਜਨਮੇਜਾ ਕੀ ਸੁਗਤਿ ਕਰਾਈ ॥
ਅਸ੍ਵਮੇਦ ਕੈ ਵਜੀ ਵਧਾਈ ॥੭॥੨੪੪॥
ਦੂਸਰ ਭਾਇ ਹੁਤੋ ਜੋ ਏਕਾ ॥
ਰਤਨ ਦੀਏ ਤਿਹ ਦਰਬ ਅਨੇਕਾ ॥
ਮੰਤ੍ਰੀ ਕੈ ਅਪਨਾ ਠਹਰਾਇਓ ॥
ਦੂਸਰ ਠਉਰ ਤਿਸਹਿ ਬੈਠਾਇਓ ॥੮॥੨੪੫॥
ਤੀਸਰ ਜੋ ਰਜੀਆ ਸੁਤ ਰਹਾ ॥
ਸੈਨਪਾਲ ਤਾ ਕੋ ਪੁਨ ਕਹਾ ॥
ਬਖਸੀ ਕਰਿ ਤਾਕੌ ਠਹਰਾਇਓ ॥
ਸਬ ਦਲ ਕੋ ਤਿਹ ਕਾਮੁ ਚਲਾਇਓ ॥੯॥੨੪੬॥
ਰਾਜੁ ਪਾਇ ਸਭਹੂ ਸੁਖ ਪਾਇਓ ॥
ਭੂਪਤ ਕਉ ਨਾਚਬ ਸੁਖ ਆਇਓ ॥
ਤੇਰਹ ਸੈ ਚੌਸਠ ਮਰਦੰਗਾ ॥
ਬਾਜਤ ਹੈ ਕਈ ਕੋਟ ਉਪੰਗਾ ॥੧੦॥੨੪੭॥
ਦੂਸਰ ਭਾਇ ਭਏ ਮਦ ਅੰਧਾ ॥
ਦੇਖਤ ਨਾਚਤ ਲਾਇ ਸੁਗੰਧਾ ॥
ਰਾਜ ਸਾਜ ਦੁਹਹੂੰ ਤੇ ਭੂਲਾ ॥
ਵਾਹੀ ਕੈ ਜਾਇ ਛਤ੍ਰ ਸਿਰ ਝੂਲਾ ॥੧੧॥੨੪੮॥
ਕਰਤ ਕਰਤ ਬਹੁ ਦਿਨ ਅਸ ਰਾਜਾ ॥
ਉਨ ਦੁਹੂੰ ਭੂਲਿਓ ਰਾਜ ਸਮਾਜਾ ॥
ਮਦ ਕਰਿ ਅੰਧ ਭਏ ਦੋਊ ਭ੍ਰਾਤਾ ॥
ਰਾਜ ਕਰਨ ਕੀ ਬਿਸਰੀ ਬਾਤਾ ॥੧੨॥੨੪੯॥
ਦੋਹਰਾ ॥
ਜਿਹ ਚਾਹੇ ਤਾ ਕੋ ਹਨੇ ਜੋ ਬਾਛੈ ਸੋ ਲੇਇ ॥
ਜਿਹ ਰਾਖੈ ਸੋਈ ਰਹੈ ਜਿਹ ਜਾਨੈ ਤਿਹ ਦੇਇ ॥੧੩॥੨੫੦॥
ਚੌਪਈ ॥
ਐਸੀ ਭਾਤ ਕੀਨੋ ਇਹ ਜਬ ਹੀ ॥
ਪ੍ਰਜਾ ਲੋਕ ਸਭ ਬਸ ਭਏ ਤਬ ਹੀ ॥
ਅਉ ਬਸਿ ਹੋਇ ਗਏ ਨੇਬ ਖਵਾਸਾ ॥
ਜੋ ਰਾਖਤ ਥੇ ਨ੍ਰਿਪ ਕੀ ਆਸਾ ॥੧॥੨੫੧॥
ਏਕ ਦਿਵਸ ਤਿਹੂੰ ਭ੍ਰਾਤ ਸੁਜਾਨਾ ॥
ਮੰਡਸ ਚੌਪਰ ਖੇਲ ਖਿਲਾਨਾ ॥
ਦਾਉ ਸਮੈ ਕਛੁ ਰਿਸਕ ਬਿਚਾਰਿਓ ॥
ਅਜੈ ਸੁਨਤ ਇਹ ਭਾਤ ਉਚਾਰਿਓ ॥੨॥੨੫੨॥
ਦੋਹਰਾ ॥
ਕਹਾ ਕਰੈ ਦਾ ਕਹ ਪਰੈ ਕਹ ਯਹ ਬਾਧੈ ਸੂਤ ॥
ਕਹਾ ਸਤ੍ਰੁ ਯਾ ਤੇ ਮਰੈ ਜੋ ਰਜੀਆ ਕਾ ਪੂਤ ॥੩॥੨੫੩॥