ਅਥ ਪਰਸਰਾਮ ਅਵਤਾਰ ਕਥਨੰ

ਸ੍ਰੀ ਭਗਉਤੀ ਜੀ ਸਹਾਇ

ਚੌਪਈ

ਪੁਨਿ ਕੇਤਿਕ ਦਿਨ ਭਏ ਬਿਤੀਤਾ

ਛਤ੍ਰਨਿ ਸਕਲ ਧਰਾ ਕਹੁ ਜੀਤਾ

ਅਧਿਕ ਜਗਤ ਮਹਿ ਊਚ ਜਨਾਯੋ

ਬਾਸਵ ਬਲਿ ਕਹੂੰ ਲੈਨ ਪਾਯੋ ॥੧॥

ਬਿਆਕੁਲ ਸਕਲ ਦੇਵਤਾ ਭਏ

ਮਿਲਿ ਕਰਿ ਸਭੁ ਬਾਸਵ ਪੈ ਗਏ

ਛਤ੍ਰੀ ਰੂਪ ਧਰੇ ਸਭੁ ਅਸੁਰਨ

ਆਵਤ ਕਹਾ ਭੂਪ ਤੁਮਰੇ ਮਨਿ ॥੨॥

ਸਬ ਦੇਵਨ ਮਿਲਿ ਕਰਿਯੋ ਬਿਚਾਰਾ

ਛੀਰਸਮੁਦ੍ਰ ਕਹੁ ਚਲੇ ਸੁਧਾਰਾ

ਕਾਲ ਪੁਰਖੁ ਕੀ ਕਰੀ ਬਡਾਈ

ਇਮ ਆਗਿਆ ਤਹ ਤੈ ਤਿਨਿ ਆਈ ॥੩॥

ਦਿਜ ਜਮਦਗਨਿ ਜਗਤ ਮੋ ਸੋਹਤ

ਨਿਤ ਉਠਿ ਕਰਤ ਅਘਨ ਓਘਨ ਹਤ

ਤਹ ਤੁਮ ਧਰੋ ਬਿਸਨ ਅਵਤਾਰਾ

ਹਨਹੁ ਸਕ੍ਰ ਕੇ ਸਤ੍ਰ ਸੁਧਾਰਾ ॥੪॥

ਭੁਜੰਗ ਪ੍ਰਯਾਤ ਛੰਦ

ਜਯੋ ਜਾਮਦਗਨੰ ਦਿਜੰ ਆਵਤਾਰੀ

ਭਯੋ ਰੇਣੁਕਾ ਤੇ ਕਵਾਚੀ ਕੁਠਾਰੀ

ਧਰਿਯੋ ਛਤ੍ਰੀਯਾ ਪਾਤ ਕੋ ਕਾਲ ਰੂਪੰ

ਹਨ︀ਯੋ ਜਾਇ ਜਉਨੈ ਸਹੰਸਾਸਤ੍ਰ ਭੂਪੰ ॥੫॥

ਕਹਾ ਗੰਮ ਏਤੀ ਕਥਾ ਸਰਬ ਭਾਖਉ

ਕਥਾ ਬ੍ਰਿਧ ਤੇ ਥੋਰੀਐ ਬਾਤ ਰਾਖਉ

ਭਰੇ ਗਰਬ ਛਤ੍ਰੀ ਨਰੇਸੰ ਅਪਾਰੰ

ਤਿਨੈ ਨਾਸ ਕੋ ਪਾਣਿ ਧਾਰਿਯੋ ਕੁਠਾਰੰ ॥੬॥

ਹੁਤੀ ਨੰਦਨੀ ਸਿੰਧ ਜਾ ਕੀ ਸੁਪੁਤ੍ਰੀ

ਤਿਸੈ ਮਾਗ ਹਾਰਿਯੋ ਸਹੰਸਾਸਤ੍ਰ ਛਤ੍ਰੀ

ਲੀਯੋ ਛੀਨ ਗਾਯੰ ਹਤਿਯੋ ਰਾਮ ਤਾਤੰ

ਤਿਸੀ ਬੈਰ ਕੀਨੇ ਸਬੈ ਭੂਪ ਪਾਤੰ ॥੭॥

ਗਈ ਬਾਲ ਤਾ ਤੇ ਲੀਯੋ ਸੋਧ ਤਾ ਕੋ

ਹਨਿਯੋ ਤਾਤ ਮੇਰੋ ਕਹੋ ਨਾਮੁ ਵਾ ਕੋ

ਸਹੰਸਾਸਤ੍ਰ ਭੂਪੰ ਸੁਣਿਯੋ ਸ੍ਰਉਣ ਨਾਮੰ

ਗਹੇ ਸਸਤ੍ਰ ਅਸਤ੍ਰੰ ਚਲਿਯੋ ਤਉਨ ਠਾਮੰ ॥੮॥

ਕਹੋ ਰਾਜ ਮੇਰੋ ਹਨਿਯੋ ਤਾਤ ਕੈਸੇ

ਅਬੈ ਜੁਧ ਜੀਤੋ ਹਨੋ ਤੋਹਿ ਤੈਸੇ

ਕਹਾ ਮੂੜ ਬੈਠੋ ਸੁ ਅਸਤ੍ਰੰ ਸੰਭਾਰੋ

ਚਲੋ ਭਾਜ ਨਾ ਤੋ ਸਬੈ ਸਸਤ੍ਰ ਡਾਰੋ ॥੯॥

ਸੁਣੇ ਬੋਲ ਬੰਕੇ ਭਰਿਯੋ ਭੂਪ ਕੋਪੰ

ਉਠਿਯੋ ਰਾਜ ਸਰਦੂਲ ਲੈ ਪਾਣਿ ਧੋਪੰ

ਹਠਿਯੋ ਖੇਤਿ ਖੂਨੀ ਦਿਜੰ ਖੇਤ੍ਰ ਹਾਯੋ

ਚਹੇ ਆਜ ਹੀ ਜੁਧ ਮੋ ਸੋ ਮਚਾਯੋ ॥੧੦॥

ਧਏ ਸੂਰ ਸਰਬੰ ਸੁਨੇ ਬੈਨ ਰਾਜੰ

ਚੜਿਯੋ ਕ੍ਰੁਧ ਜੁਧੰ ਸ੍ਰਜੇ ਸਰਬ ਸਾਜੰ

ਗਦਾ ਸੈਹਥੀ ਸੂਲ ਸੇਲੰ ਸੰਭਾਰੀ

ਚਲੇ ਜੁਧ ਕਾਜੰ ਬਡੇ ਛਤ੍ਰਧਾਰੀ ॥੧੧॥

ਨਰਾਜ ਛੰਦ

ਕ੍ਰਿਪਾਣ ਪਾਣ ਧਾਰਿ ਕੈ

ਚਲੇ ਬਲੀ ਪੁਕਾਰਿ ਕੈ

ਸੁ ਮਾਰਿ ਮਾਰਿ ਭਾਖਹੀ

ਸਰੋਘ ਸ੍ਰੋਣ ਚਾਖਹੀ ॥੧੨॥

ਸੰਜੋਇ ਸੈਹਥੀਨ ਲੈ

ਚੜੇ ਸੁ ਬੀਰ ਰੋਸ ਕੈ

ਚਟਾਕ ਚਾਬਕੰ ਉਠੇ

ਸਹੰਸ੍ਰ ਸਾਇਕੰ ਬੁਠੈ ॥੧੩॥