ਅਥ ਸੀਤਾ ਸੁਯੰਬਰ ਕਥਨੰ

ਰਸਾਵਲ ਛੰਦ

ਰਚਯੋ ਸੁਯੰਬਰ ਸੀਤਾ

ਮਹਾ ਸੁਧ ਗੀਤਾ

ਬਿਧੰ ਚਾਰ ਬੈਣੀ

ਮ੍ਰਿਗੀ ਰਾਜ ਨੈਣੀ ॥੯੬॥

ਸੁਣਯੋ ਮੋਨਨੇਸੰ

ਚਤੁਰ ਚਾਰ ਦੇਸੰ

ਲਯੋ ਸੰਗ ਰਾਮੰ

ਚਲਯੋ ਧਰਮ ਧਾਮੰ ॥੯੭॥

ਸੁਨੋ ਰਾਮ ਪਿਆਰੇ

ਚਲੋ ਸਾਥ ਹਮਾਰੇ

ਸੀਆ ਸੁਯੰਬਰ ਕੀਨੋ

ਨ੍ਰਿਪੰ ਬੋਲ ਲੀਨੋ ॥੯੮॥

ਤਹਾ ਪ੍ਰਾਤ ਜਈਐ

ਸੀਆ ਜੀਤ ਲਈਐ

ਕਹੀ ਮਾਨ ਮੇਰੀ

ਬਨੀ ਬਾਤ ਤੇਰੀ ॥੯੯॥

ਬਲੀ ਪਾਨ ਬਾਕੇ

ਨਿਪਾਤੋ ਪਿਨਾਕੇ

ਸੀਆ ਜੀਤ ਆਨੋ

ਹਨੋ ਸਰਬ ਦਾਨੋ ॥੧੦੦॥

ਚਲੇ ਰਾਮ ਸੰਗੰ

ਸੁਹਾਏ ਨਿਖੰਗੰ

ਭਏ ਜਾਇ ਠਾਢੇ

ਮਹਾ ਮੋਦ ਬਾਢੇ ॥੧੦੧॥

ਪੁਰੰ ਨਾਰ ਦੇਖੈ

ਸਹੀ ਕਾਮ ਲੇਖੈ

ਰਿਪੰ ਸਤ੍ਰੁ ਜਾਨੈ

ਸਿਧੰ ਸਾਧ ਮਾਨੈ ॥੧੦੨॥

ਸਿਸੰ ਬਾਲ ਰੂਪੰ

ਲਹਯੋ ਭੂਪ ਭੂਪੰ

ਤਪਯੋ ਪਉਨ ਹਾਰੀ

ਭਰੰ ਸਸਤ੍ਰ ਧਾਰੀ ॥੧੦੩॥

ਨਿਸਾ ਚੰਦ ਜਾਨਯੋ

ਦਿਨੰ ਭਾਨ ਮਾਨਯੋ

ਗਣੰ ਰੁਦ੍ਰ ਰੇਖਯੋ

ਸੁਰੰ ਇੰਦ੍ਰ ਦੇਖਯੋ ॥੧੦੪॥

ਸ੍ਰੁਤੰ ਬ੍ਰਹਮ ਜਾਨਯੋ

ਦਿਜੰ ਬਯਾਸ ਮਾਨਯੋ

ਹਰੀ ਬਿਸਨ ਲੇਖੇ

ਸੀਆ ਰਾਮ ਦੇਖੇ ॥੧੦੫॥

ਸੀਆ ਪੇਖ ਰਾਮੰ

ਬਿਧੀ ਬਾਣ ਕਾਮੰ

ਗਿਰੀ ਝੂਮਿ ਭੂਮੰ

ਮਦੀ ਜਾਣੁ ਘੂਮੰ ॥੧੦੬॥

ਉਠੀ ਚੇਤ ਐਸੇ

ਮਹਾਬੀਰ ਜੈਸੇ

ਰਹੀ ਨੈਨ ਜੋਰੀ

ਸਸੰ ਜਿਉ ਚਕੋਰੀ ॥੧੦੭॥

ਰਹੇ ਮੋਹ ਦੋਨੋ

ਟਰੇ ਨਾਹਿ ਕੋਨੋ

ਰਹੇ ਠਾਢ ਐਸੇ

ਰਣੰ ਬੀਰ ਜੈਸੇ ॥੧੦੮॥

ਪਠੇ ਕੋਟ ਦੂਤੰ

ਚਲੇ ਪਉਨ ਪੂਤੰ

ਕੁਵੰਡਾਨ ਡਾਰੇ

ਨਰੇਸੋ ਦਿਖਾਰੇ ॥੧੦੯॥

ਲਯੋ ਰਾਮ ਪਾਨੰ

ਭਰਯੋ ਬੀਰ ਮਾਨੰ

ਹਸਯੋ ਐਚ ਲੀਨੋ

ਉਭੈ ਟੂਕ ਕੀਨੋ ॥੧੧੦॥

ਸਭੈ ਦੇਵ ਹਰਖੇ

ਘਨੰ ਪੁਹਪ ਬਰਖੇ

ਲਜਾਨੇ ਨਰੇਸੰ

ਚਲੇ ਆਪ ਦੇਸੰ ॥੧੧੧॥

ਤਬੈ ਰਾਜ ਕੰਨਿਆ

ਤਿਹੂੰ ਲੋਕ ਧੰਨਿਆ

ਧਰੇ ਫੂਲ ਮਾਲਾ

ਬਰਿਯੋ ਰਾਮ ਬਾਲਾ ॥੧੧੨॥

ਭੁਜੰਗ ਪ੍ਰਯਾਤ ਛੰਦ

ਕਿਧੌ ਦੇਵ ਕੰਨਿਆ ਕਿਧੌ ਬਾਸਵੀ ਹੈ

ਕਿਧੌ ਜਛਨੀ ਕਿੰਨ੍ਰਨੀ ਨਾਗਨੀ ਹੈ

ਕਿਧੌ ਗੰਧ੍ਰਬੀ ਦੈਤ ਜਾ ਦੇਵਤਾ ਸੀ

ਕਿਧੌ ਸੂਰਜਾ ਸੁਧ ਸੋਧੀ ਸੁਧਾ ਸੀ ॥੧੧੩॥

ਕਿਧੌ ਜਛ ਬਿਦਿਆ ਧਰੀ ਗੰਧ੍ਰਬੀ ਹੈ

ਕਿਧੌ ਰਾਗਨੀ ਭਾਗ ਪੂਰੇ ਰਚੀ ਹੈ

ਕਿਧੌ ਸੁਵਰਨ ਕੀ ਚਿਤ੍ਰ ਕੀ ਪੁਤ੍ਰਕਾ ਹੈ

ਕਿਧੌ ਕਾਮ ਕੀ ਕਾਮਨੀ ਕੀ ਪ੍ਰਭਾ ਹੈ ॥੧੧੪॥

ਕਿਧੌ ਚਿਤ੍ਰ ਕੀ ਪੁਤ੍ਰਕਾ ਸੀ ਬਨੀ ਹੈ

ਕਿਧੌ ਸੰਖਨੀ ਚਿਤ੍ਰਨੀ ਪਦਮਨੀ ਹੈ

ਕਿਧੌ ਰਾਗ ਪੂਰੇ ਭਰੀ ਰਾਗ ਮਾਲਾ

ਬਰੀ ਰਾਮ ਤੈਸੀ ਸੀਆ ਆਜ ਬਾਲਾ ॥੧੧੫॥

ਛਕੇ ਪ੍ਰੇਮ ਦੋਨੋ ਲਗੇ ਨੈਨ ਐਸੇ

ਮਨੋ ਫਾਧ ਫਾਧੈ ਮ੍ਰਿਗੀਰਾਜ ਜੈਸੇ

ਬਿਧੁੰ ਬਾਕ ਬੈਣੀ ਕਟੰ ਦੇਸ ਛੀਣੰ

ਰੰਗੇ ਰੰਗ ਰਾਮੰ ਸੁਨੈਣੰ ਪ੍ਰਬੀਣੰ ॥੧੧੬॥

ਜਿਣੀ ਰਾਮ ਸੀਤਾ ਸੁਣੀ ਸ੍ਰਉਣ ਰਾਮੰ

ਗਹੇ ਸਸਤ੍ਰ ਅਸਤ੍ਰੰ ਰਿਸਯੋ ਤਉਨ ਜਾਮੰ

ਕਹਾ ਜਾਤ ਭਾਖਿਯੋ ਰਹੋ ਰਾਮ ਠਾਢੇ

ਲਖੋ ਆਜ ਕੈਸੇ ਭਏ ਬੀਰ ਗਾਢੇ ॥੧੧੭॥