ਅਥ ਇੰਦ੍ਰਜੀਤ ਜੁਧ ਕਥਨੰ ॥
ਸਿਰਖਿੰਡੀ ਛੰਦ ॥
ਜੁਟੇ ਵੀਰ ਜੁਝਾਰੇ ਧਗਾ ਵਜੀਆਂ ॥
ਬਜੇ ਨਾਦ ਕਰਾਰੇ ਦਲਾ ਮੁਸਾਹਦਾ ॥
ਲੁਝੇ ਕਾਰਣਯਾਰੇ ਸੰਘਰ ਸੂਰਮੇ ॥
ਵੁਠੇ ਜਾਣੁ ਡਰਾਰੇ ਘਣੀਅਰ ਕੈਬਰੀ ॥੪੬੭॥
ਵਜੇ ਸੰਗਲੀਆਲੇ ਹਾਠਾ ਜੁਟੀਆਂ ॥
ਖੇਤ ਬਹੇ ਮੁਛਾਲੇ ਕਹਰ ਤਤਾਰਚੇ ॥
ਡਿਗੇ ਵੀਰ ਜੁਝਾਰੇ ਹੂੰਗਾ ਫੁਟੀਆਂ ॥
ਬਕੇ ਜਾਣ ਮਤਵਾਲੇ ਭੰਗਾ ਖਾਇ ਕੈ ॥੪੬੮॥
ਓਰੜਏ ਹੰਕਾਰੀ ਧਗਾ ਵਾਇ ਕੈ ॥
ਵਾਹਿ ਫਿਰੇ ਤਰਵਾਰੀ ਸੂਰੇ ਸੂਰਿਆਂ ॥
ਵਗੈ ਰਤੁ ਝੁਲਾਰੀ ਝਾੜੀ ਕੈਬਰੀ ॥
ਪਾਈ ਧੂੰਮ ਲੁਝਾਰੀ ਰਾਵਣ ਰਾਮ ਦੀ ॥੪੬੯॥
ਚੋਬੀ ਧਉਸ ਵਜਾਈ ਸੰਘੁਰ ਮਚਿਆ ॥
ਬਾਹਿ ਫਿਰੈ ਵੈਰਾਈ ਤੁਰੇ ਤਤਾਰਚੇ ॥
ਹੂਰਾ ਚਿਤ ਵਧਾਈ ਅੰਬਰ ਪੂਰਿਆ ॥
ਜੋਧਿਯਾ ਦੇਖਣ ਤਾਈ ਹੂਲੇ ਹੋਈਆਂ ॥੪੭੦॥