ਇਤਿ ਬਕਾਸੁਰ ਦੈਤ ਬਧਹਿ

ਸਵੈਯਾ

ਸੰਗ ਲਏ ਬਛੁਰੇ ਅਰੁ ਗੋਪ ਸੁ ਸਾਝਿ ਪਰੀ ਹਰਿ ਡੇਰਨ ਆਏ

ਹੋਇ ਪ੍ਰਸੰਨਿ ਮਹਾ ਮਨ ਮੈ ਮਨ ਭਾਵਤ ਗੀਤ ਸਭੋ ਮਿਲਿ ਗਾਏ

ਤਾ ਛਬਿ ਕੋ ਜਸ ਉਚ ਮਹਾ ਕਬਿ ਨੈ ਮੁਖ ਤੇ ਇਹ ਭਾਤਿ ਬਨਾਏ

ਦੇਵਨ ਦੇਵ ਹਨ︀ਯੋ ਧਰ ਪੈ ਛਲਿ ਕੈ ਤਰਿ ਅਉਰਨ ਕੋ ਜੁ ਸੁਨਾਏ ॥੧੬੪॥

ਕਾਨ੍ਰਹ ਜੁ ਬਾਚ ਗੋਪਨ ਪ੍ਰਤਿ

ਸਵੈਯਾ

ਫੇਰਿ ਕਹੀ ਇਹ ਗੋਪਨ ਕਉ ਫੁਨਿ ਪ੍ਰਾਤ ਭਏ ਸਭ ਹੀ ਮਿਲਿ ਜਾਵੈ

ਅੰਨੁ ਅਚੌ ਅਪਨੇ ਗ੍ਰਿਹ ਮੋ ਜਿਨਿ ਮਧਿ ਮਹਾਬਨ ਕੇ ਮਿਲਿ ਖਾਵੈ

ਬੀਚ ਤਰੈ ਹਮ ਪੈ ਜਮੁਨਾ ਮਨ ਭਾਵਤ ਗੀਤ ਸਭੈ ਮਿਲਿ ਗਾਵੈ

ਨਾਚਹਿਗੇ ਅਰੁ ਕੂਦਹਿਗੇ ਗਹਿ ਕੈ ਕਰ ਮੈ ਮੁਰਲੀ ਸੁ ਬਜਾਵੈ ॥੧੬੫॥

ਮਾਨ ਲਯੋ ਸਭਨੋ ਵਹ ਗੋਪਨ ਪ੍ਰਾਤ ਭਈ ਜਬ ਰੈਨਿ ਬਿਹਾਨੀ

ਕਾਨ੍ਰਹ ਬਜਾਇ ਉਠਿਓ ਮੁਰਲੀ ਸਭ ਜਾਗ ਉਠੇ ਤਬ ਗਾਇ ਛਿਰਾਨੀ

ਏਕ ਬਜਾਵਤ ਹੈ ਦ੍ਰੁਮ ਪਾਤ ਕਿਧੋ ਉਪਮਾ ਕਬਿ ਸਿਆਮ ਪਿਰਾਨੀ

ਕਉਤੁਕ ਦੇਖਿ ਮਹਾ ਇਨ ਕੋ ਪੁਰਹੂਤ ਬਧੂ ਸੁਰ ਲੋਕਿ ਖਿਸਾਨੀ ॥੧੬੬॥

ਗੇਰੀ ਕੇ ਚਿਤ੍ਰ ਲਗਾਇ ਤਨੈ ਸਿਰ ਪੰਖ ਧਰਿਯੋ ਭਗਵਾਨ ਕਲਾਪੀ

ਲਾਇ ਤਨੈ ਹਰਿ ਤਾ ਮੁਰਲੀ ਮੁਖਿ ਲੋਕ ਭਯੋ ਜਿਹ ਕੋ ਸਭ ਜਾਪੀ

ਫੂਲ ਗੁਛੇ ਸਿਰਿ ਖੋਸ ਲਏ ਤਰਿ ਰੂਖ ਖਰੋ ਧਰਨੀ ਜਿਨਿ ਥਾਪੀ

ਖੇਲਿ ਦਿਖਾਵਤ ਹੈ ਜਗ ਕੌ ਅਰੁ ਕੋਊ ਨਹੀ ਹੁਇ ਆਪ ਹੀ ਆਪੀ ॥੧੬੭॥

ਕੰਸ ਬਾਚ ਮੰਤ੍ਰੀਅਨ ਸੋ

ਦੋਹਰਾ

ਜਬ ਬਕ ਲੈ ਹਰਿ ਜੀ ਹਨਿਓ ਕੰਸ ਸੁਨ︀ਯੋ ਤਬ ਸ੍ਰਉਨਿ

ਕਰਿ ਇਕਤ੍ਰ ਮੰਤ੍ਰਹਿ ਕਹਿਓ ਤਹਾ ਭੇਜੀਏ ਕਉਨ ॥੧੬੮॥

ਮੰਤ੍ਰੀ ਬਾਚ ਕੰਸ ਪ੍ਰਤਿ

ਸਵੈਯਾ

ਬੈਠਿ ਬਿਚਾਰ ਕਰਿਯੋ ਨ੍ਰਿਪ ਮੰਤ੍ਰਿਨਿ ਦੈਤ ਅਘਾਸੁਰ ਕੋ ਕਹੁ ਜਾਵੈ

ਮਾਰਗੁ ਰੋਕ ਰਹੈ ਤਿਨ ਕੋ ਧਰਿ ਪੰਨਗ ਰੂਪ ਮਹਾ ਮੁਖ ਬਾਵੈ

ਆਇ ਪਰੈ ਹਰਿ ਜੀ ਜਬ ਹੀ ਤਬ ਹੀ ਸਭ ਗ੍ਵਾਰ ਸਨੈ ਚਬਿ ਜਾਵੈ

ਆਇ ਹੈ ਖਾਇ ਤਿਨੈ ਸੁਨਿ ਕੰਸ ਕਿ ਨਾਤੁਰ ਆਪਨੋ ਜੀਉ ਗਵਾਵੈ ॥੧੬੯॥

ਅਥ ਅਘਾਸੁਰ ਦੈਤ ਆਗਮਨ

ਸਵੈਯਾ

ਜਾਹਿ ਕਹਿਯੋ ਅਘ ਕੰਸਿ ਗਯੋ ਤਹ ਪੰਨਗ ਰੂਪ ਮਹਾ ਧਰਿ ਆਯੋ

ਭ੍ਰਾਤ ਹਨ︀ਯੋ ਭਗਨੀ ਸੁਨਿ ਕੈ ਬਧ ਕੇ ਮਨਿ ਕ੍ਰੁਧ ਤਹਾ ਕਹੁ ਧਾਯੋ

ਬੈਠਿ ਰਹਿਓ ਤਿਨ ਕੈ ਮਗ ਮੈ ਹਰਿ ਕੇ ਬਧ ਕਾਜ ਮਹਾ ਮੁਖ ਬਾਯੋ

ਦੇਖਤ ਤਾਹਿੰ ਸਭੈ ਬ੍ਰਿਜ ਬਾਲਕ ਖੇਲ ਕਹਾ ਮਨ ਮੈ ਲਖਿ ਪਾਯੋ ॥੧੭੦॥