ਸਭ ਗੋਪਨ ਬਾਚ ਆਪਸਿ ਮੈ

ਸਵੈਯਾ

ਕੋਊ ਕਹੈ ਗਿਰਿ ਮਧਿ ਗੁਫਾ ਇਹ ਕੋਊ ਇਕਤ੍ਰ ਕਹੈ ਅੰਧਿਆਰੋ

ਬਾਲਕ ਕੋਊ ਕਹੈ ਇਹ ਰਾਛਸ ਕੋਊ ਕਹੈ ਇਹ ਪੰਨਗ ਭਾਰੋ

ਜਾਇ ਕਹੈ ਇਕ ਨਾਹਿ ਕਹੈ ਇਕ ਬਿਓਤ ਇਹੀ ਮਨ ਮੈ ਤਿਨ ਧਾਰੋ

ਏਕ ਕਹੈ ਚਲੋ ਭਉ ਕਛੂ ਸੁ ਬਚਾਵ ਕਰੇ ਘਨਸ︀ਯਾਮ ਹਮਾਰੋ ॥੧੭੧॥

ਹੇਰਿ ਹਰੈ ਤਿਹ ਮਧਿ ਧਸੇ ਮੁਖ ਉਨਿ ਰਾਛਸ ਮੀਚ ਲਯੋ ਹੈ

ਸ︀ਯਾਮ ਜੂ ਆਵੈ ਜਬੈ ਮਮ ਮੀਟ ਹੋ ਬਿਓਤ ਇਹੀ ਮਨ ਮਧਿ ਕਯੋ ਹੈ

ਕਾਨ੍ਰਹ ਗਏ ਤਬ ਮੀਟ ਲਯੋ ਮੁਖ ਦੇਵਨ ਤੋ ਹਹਕਾਰੁ ਭਯੋ ਹੈ

ਜੀਵਨ ਮੂਰਿ ਹੁਤੀ ਹਮਰੀ ਅਬ ਸੋਊ ਅਘਾਸੁਰ ਚਾਬਿ ਗਯੋ ਹੈ ॥੧੭੨॥

ਦੇਹਿ ਬਢਾਇ ਬਡੋ ਹਰਿ ਜੀ ਮੁਖ ਰੋਕ ਲਯੋ ਉਹ ਰਾਛਸ ਹੀ ਕੋ

ਰੋਕ ਲਏ ਸਭ ਹੀ ਕਰਿ ਕੈ ਬਲੁ ਸਾਸ ਬਢਿਯੋ ਤਬ ਹੀ ਉਹ ਜੀ ਕੋ

ਕਾਨ੍ਰਹ ਬਿਦਾਰ ਦਯੋ ਤਿਹ ਕੋ ਸਿਰ ਪ੍ਰਾਨ ਭਯੋ ਬਿਨੁ ਭ੍ਰਾਤ ਬਕੀ ਕੋ

ਗੂਦ ਪਰਿਓ ਤਿਹ ਕੋ ਇਮ ਜਿਉ ਸਵਦਾਗਰ ਕੋ ਟੂਟਿ ਗਯੋ ਮਟੁ ਘੀ ਕੋ ॥੧੭੩॥

ਰਾਹ ਭਯੋ ਤਬ ਹੀ ਨਿਕਸੇ ਹਰਿ ਗਵਾਰ ਸਭੈ ਨਿਕਸੇ ਤਿਹ ਨਾਰੇ

ਦੇਵ ਤਬੈ ਹਰਖੇ ਮਨ ਮੈ ਪਿਖਿ ਕਾਨ੍ਰਹ ਬਚਿਓ ਹਰਿ ਪੰਨਗ ਭਾਰੇ

ਗਾਵਤ ਗੀਤ ਸਬੈ ਗਣ ਗੰਧ੍ਰਬ ਬ੍ਰਹਮ ਸਭੋ ਮੁਖ ਬੇਦ ਉਚਾਰੇ

ਆਨੰਦ ਸ︀ਯਾਮ ਭਯੋ ਮਨ ਮੈ ਨਗ ਰਛਕ ਜੀਤਿ ਚਲੇ ਘਰਿ ਭਾਰੇ ॥੧੭੪॥

ਕਾਨ੍ਰਹ ਕਢਿਯੋ ਸਿਰਿ ਕੇ ਮਗਿ ਹ੍ਵੈ ਕਢਿਯੋ ਮੁਖ ਕੇ ਮਗੁ ਜੋਰ ਅੜੀ ਕੇ

ਸ੍ਰਉਨ ਭਰਿਯੋ ਇਮ ਠਾਢਿ ਭਯੋ ਪਹਰੇ ਪਟ ਜਿਉ ਮੁਨਿ ਸ੍ਰਿੰਗਮੜੀ ਕੇ

ਏਕ ਕਹੀ ਇਹ ਕੀ ਉਪਮਾ ਫੁਨਿ ਅਉ ਕਬਿ ਕੇ ਮਨ ਮਧਿ ਬੜੀ ਕੇ

ਢੋਵਤ ਈਟ ਗੁਆਰ ਸਨੈ ਹਰਿ ਦਉਰਿ ਚੜੇ ਜਨੁ ਸੀਸ ਗੜੀ ਕੇ ॥੧੭੫॥

ਇਤਿ ਅਘਾਸੁਰ ਦੈਤ ਬਧਹਿ

ਅਥ ਬਛਰੇ ਗਵਾਰ ਬ੍ਰਹਮਾ ਚੁਰੈਬੋ ਕਥਨੰ

ਸਵੈਯਾ

ਰਾਛਸ ਮਾਰਿ ਗਏ ਜਮੁਨਾ ਤਟਿ ਜਾਇ ਸਭੋ ਮਿਲਿ ਅੰਨ ਮੰਗਾਯੋ

ਕਾਨ੍ਰਹ ਪ੍ਰਵਾਰ ਪਰਿਓ ਮੁਰਲੀ ਕਟਿ ਖੋਸ ਲਈ ਮਨ ਮੈ ਸੁਖ ਪਾਯੋ

ਕੈ ਛਮਕਾ ਬਰਖੈ ਛਟਕਾ ਕਰ ਬਾਮ ਹੂੰ ਸੋ ਸਭ ਹੂੰ ਵਹ ਖਾਯੋ

ਮੀਠ ਲਗੇ ਤਿਹ ਕੀ ਉਪਮਾ ਕਰ ਕੈ ਗਤਿ ਕੈ ਹਰਿ ਕੇ ਮੁਖ ਪਾਯੋ ॥੧੭੬॥

ਕੋਊ ਡਰੈ ਹਰਿ ਕੇ ਮੁਖਿ ਗ੍ਰਾਸ ਠਗਾਇ ਕੋਊ ਅਪਣੇ ਮੁਖਿ ਡਾਰੇ

ਹੋਇ ਗਏ ਤਨਮੈ ਕਛੁ ਨਾਮਕ ਖੇਲ ਕਰੋ ਸੰਗਿ ਕਾਨ੍ਰਹਰ ਕਾਰੇ

ਤਾ ਛਿਨ ਲੈ ਬਛਰੇ ਬ੍ਰਹਮਾ ਇਕਠੇ ਕਰਿ ਕੈ ਸੁ ਕੁਟੀ ਮਧਿ ਡਾਰੇ

ਢੂੰਢਿ ਫਿਰੇ ਲਹੇ ਸੁ ਕਰੈ ਬਛਰੇ ਅਰੁ ਗ੍ਵਾਰ ਨਏ ਕਰਤਾਰੇ ॥੧੭੭॥

ਦੋਹਰਾ

ਜਬੈ ਹਰੇ ਬ੍ਰਹਮਾ ਇਹੈ ਤਬ ਹਰਿ ਜੀ ਤਤਕਾਲੁ

ਕਿਧੋ ਬਨਾਏ ਛਿਨਕੁ ਮੈ ਬਛਰੇ ਸੰਗਿ ਗਵਾਲ ॥੧੭੮॥