ਸਵੈਯਾ ॥

ਮੂਸਲ ਲੈ ਮੁਸਲੀ ਕਰ ਮੈ ਅਰਿ ਕੋ ਪਲ ਮੈ ਦਲ ਪੁੰਜ ਹਰਿਓ ਹੈ ॥

ਬੀਰ ਪਰੇ ਧਰਨੀ ਪਰ ਘਾਇਲ ਸ੍ਰਉਨਤ ਸਿਉ ਤਨ ਤਾਹਿ ਭਰਿਓ ਹੈ ॥

ਤਾ ਛਬਿ ਕੋ ਜਸੁ ਉਚ ਮਹਾ ਮਨ ਬੀਚ ਬਿਚਾਰ ਕੈ ਸ︀ਯਾਮ ਕਰਿਓ ਹੈ ॥

ਮਾਨਹੁ ਦੇਖਨ ਕਉ ਰਨ ਕਉਤੁਕ ਕ੍ਰੋਧ ਭਿਆਨਕ ਰੂਪ ਧਰਿਓ ਹੈ ॥੧੭੬੬॥

ਇਤ ਓਰ ਹਲਾਯੁਧ ਜੁਧੁ ਕਰੈ ਉਤ ਸ੍ਰੀ ਗਰੜਧੁਜ ਕੋਪ ਭਰਿਓ ਹੈ ॥

ਸਸਤ੍ਰ ਸੰਭਾਰਿ ਮੁਰਾਰਿ ਤਬੈ ਅਰਿ ਸੈਨ ਕੇ ਭੀਤਰ ਜਾਇ ਅਰਿਓ ਹੈ ॥

ਮਾਰਿ ਬਿਦਾਰ ਦਏ ਦਲ ਕਉ ਰਨ ਯਾ ਬਿਧਿ ਚਿਤ੍ਰ ਬਚਿਤ੍ਰ ਕਰਿਓ ਹੈ ॥

ਬਾਜ ਪੈ ਬਾਜ ਰਥੀ ਰਥ ਪੈ ਗਜ ਪੈ ਗਜ ਸ੍ਵਾਰ ਪੈ ਸ੍ਵਾਰ ਪਰਿਓ ਹੈ ॥੧੭੬੭॥

ਏਕ ਕਟੇ ਅਧ ਬੀਚਹੁੰ ਤੇ ਭਟ ਏਕਨ ਕੇ ਸਿਰ ਕਾਟਿ ਗਿਰਾਏ ॥

ਏਕ ਕੀਏ ਬਿਰਥੀ ਤਬ ਹੀ ਗਿਰ ਭੂਮਿ ਪਰੇ ਸੰਗਿ ਬਾਨਨ ਘਾਏ ॥

ਏਕ ਕੀਏ ਕਰ ਹੀਨ ਬਲੀ ਪਗ ਹੀਨ ਕਿਤੇ ਗਨਤੀ ਨਹਿ ਆਏ ॥

ਸ︀ਯਾਮ ਭਨੈ ਕਿਨਹੂੰ ਨਹੀ ਧੀਰ ਧਰਿਓ ਤਬ ਹੀ ਰਨ ਛਾਡਿ ਪਰਾਏ ॥੧੭੬੮॥

ਜਾ ਦਲ ਜੀਤ ਲਯੋ ਸਿਗਰੇ ਜਗੁ ਅਉਰ ਕਹੂੰ ਰਨ ਤੇ ਨਹੀ ਹਾਰਿਓ ॥

ਇੰਦ੍ਰ ਸੇ ਭੂਪ ਅਨੇਕ ਮਿਲੇ ਤਿਨ ਤੇ ਕਬਹੂੰ ਨਹੀ ਜਾ ਪਗੁ ਟਾਰਿਓ ॥

ਸੋ ਘਨਿ ਸ︀ਯਾਮ ਭਜਾਇ ਦੀਯੋ ਪਲ ਮੈ ਨ ਕਿਨੂੰ ਧਨੁ ਬਾਨ ਸੰਭਾਰਿਓ ॥

ਦੇਵ ਅਦੇਵ ਕਰੈ ਉਪਮਾ ਇਮ ਸ੍ਰੀ ਜਦੁਬੀਰ ਬਡੋ ਰਨ ਪਾਰਿਓ ॥੧੭੬੯॥

ਦੋਹਰਾ ॥

ਦ੍ਵੈ ਅਛੂਹਨੀ ਸੈਨ ਰਨਿ ਦਈ ਸ︀ਯਾਮ ਜਬ ਘਾਇ ॥

ਮੰਤ੍ਰੀ ਸੁਮਤਿ ਸਮੇਤ ਦਲੁ ਕੋਪ ਪਰਿਓ ਅਰਰਾਇ ॥੧੭੭੦॥