ਸਵੈਯਾ ॥

ਯੌ ਕਹਿ ਕੈ ਮਨਿ ਕੋਪ ਭਰਿਯੋ ਤਬ ਭੂਪ ਹਲੀ ਕਹੁ ਬਾਨ ਚਲਾਯੋ ॥

ਲਾਗਤਿ ਹੀ ਨਟ ਸਾਲ ਭਯੋ ਤਨ ਮੈ ਬਲਿਭਦ੍ਰ ਮਹਾ ਦੁਖੁ ਪਾਯੋ ॥

ਮੂਰਛ ਹ੍ਵੈ ਕਰਿ ਸ︀ਯੰਦਨ ਬੀਚ ਗਿਰਿਯੋ ਤਿਹ ਕੋ ਕਬਿ ਨੈ ਜਸੁ ਗਾਯੋ ॥

ਮਾਨਹੁ ਬਾਨ ਭੁਜੰਗ ਡਸਿਯੋ ਧਨ ਧਾਮ ਸਬੈ ਮਨ ਤੇ ਬਿਸਰਾਯੋ ॥੧੮੪੯॥

ਬਹੁਰੋ ਚਿਤ ਚੇਤ ਭਯੋ ਬਲਦੇਵ ਚਿਤੇ ਅਰਿ ਕੇ ਅਤਿ ਕੋਪ ਬਢਾਯੋ ॥

ਭਾਰੀ ਗਦਾ ਗਹਿ ਕੈ ਕਰਿ ਮੈ ਨ੍ਰਿਪ ਕੇ ਬਧ ਕਾਰਨ ਤਾਰਨ ਆਯੋ ॥

ਪਾਉ ਪਿਆਦੇ ਹੁਇ ਸ︀ਯੰਦਨ ਤੇ ਕਬਿ ਸ︀ਯਾਮ ਕਹੈ ਇਤ ਭਾਤਿ ਸਿਧਾਯੋ ॥

ਅਉਰ ਕਿਸੀ ਭਟ ਜਾਨਿਯੋ ਨਹੀ ਕਬਿ ਦਉਰ ਪਰਿਯੋ ਨ੍ਰਿਪ ਨੇ ਲਖਿ ਪਾਯੋ ॥੧੮੫੦॥

ਆਵਤ ਦੇਖਿ ਹਲਾਯੁਧ ਕੋ ਸੁ ਭਯੋ ਤਬ ਹੀ ਨ੍ਰਿਪ ਕੋਪਮਈ ਹੈ ॥

ਜੁਧ ਹੀ ਕਉ ਸਮੁਹਾਇ ਭਯੋ ਨਿਜ ਪਾਨਿ ਕਮਾਨ ਸੁ ਤਾਨਿ ਲਈ ਹੈ ॥

ਲ੍ਰਯਾਇਓ ਹੁਤੇ ਚਪਲਾ ਸੀ ਗਦਾ ਸਰ ਏਕ ਹੀ ਸਿਉ ਸੋਊ ਕਾਟ ਦਈ ਹੈ ॥

ਸਤ੍ਰੁ ਕੋ ਮਾਰਨ ਕੀ ਬਲਿਭਦ੍ਰਹਿ ਮਾਨਹੁ ਆਸ ਦੁਟੂਕ ਭਈ ਹੈ ॥੧੮੫੧॥

ਕਾਟ ਗਦਾ ਜਬ ਐਸੇ ਦਈ ਤਬ ਹੀ ਬਲਿ ਢਾਲ ਕ੍ਰਿਪਾਨ ਸੰਭਾਰੀ ॥

ਧਾਇ ਚਲਿਯੋ ਅਰਿ ਮਾਰਨਿ ਕਾਰਨਿ ਸੰਕ ਕਛੂ ਚਿਤ ਮੈ ਨ ਬਿਚਾਰੀ ॥

ਭੂਪ ਨਿਹਾਰ ਕੈ ਆਵਤ ਕੋ ਗਰਜਿਯੋ ਬਰਖਾ ਕਰਿ ਬਾਨਨਿ ਭਾਰੀ ॥

ਢਾਲ ਦਈ ਸਤ ਧਾ ਕਰਿ ਕੈ ਕਰ ਕੀ ਕਰਵਾਰਿ ਤ੍ਰਿਧਾ ਕਰ ਡਾਰੀ ॥੧੮੫੨॥

ਢਾਲ ਕਟੀ ਤਰਵਾਰਿ ਗਈ ਕਟਿ ਐਸੇ ਹਲਾਯੁਧ ਸ︀ਯਾਮ ਨਿਹਾਰਿਯੋ ॥

ਮਾਰਤ ਹੈ ਬਲਿ ਕੋ ਅਬ ਹੀ ਨ੍ਰਿਪ ਯੌ ਅਪੁਨੇ ਮਨ ਮਾਝਿ ਬਿਚਾਰਿਯੋ ॥

ਚਕ੍ਰ ਸੰਭਾਰਿ ਮੁਰਾਰਿ ਤਬੈ ਕਰਿ ਜੁਧ ਕੇ ਹੇਤ ਚਲਿਯੋ ਬਲ ਧਾਰਿਯੋ ॥

ਰੇ ਨ੍ਰਿਪ ਤੂ ਭਿਰ ਮੋ ਸੰਗ ਆਇ ਕੈ ਰਾਮ ਭਨੈ ਇਮ ਸ︀ਯਾਮ ਪੁਕਾਰਿਯੋ ॥੧੮੫੩॥

ਯੌ ਬਤੀਯਾ ਰਨ ਮੈ ਸੁਨਿ ਭੂਪਤਿ ਜੂਝ ਮਚਾਵਨ ਸ︀ਯਾਮ ਸਿਉ ਆਯੋ ॥

ਰੋਸਿ ਬਢਾਇ ਘਨੋ ਚਿਤ ਮੈ ਕਰ ਕੇ ਬਰ ਸੋ ਧਨੁ ਤਾਨਿ ਚਢਾਯੋ ॥

ਦੀਰਘ ਕਉਚ ਸਜੇ ਤਨ ਮੋ ਕਬਿ ਕੇ ਮਨ ਮੈ ਜਸੁ ਇਉ ਉਪਜਾਯੋ ॥

ਮਾਨਹੁ ਜੁਧ ਸਮੇ ਰਿਸ ਕੈ ਰਘੁਨਾਥ ਕੇ ਊਪਰਿ ਰਾਵਨ ਆਯੋ ॥੧੮੫੪॥

ਆਵਤ ਭਯੋ ਨ੍ਰਿਪ ਸ︀ਯਾਮ ਕੇ ਸਾਮੁਹੇ ਤਉ ਧਨੁ ਸ੍ਰੀ ਬ੍ਰਿਜਨਾਥ ਸੰਭਾਰਿਯੋ ॥

ਧਾਵਤ ਭਯੋ ਹਿਤ ਤੇ ਹਰਿ ਸਾਮੁਹੇ ਤ੍ਰਾਸ ਕਛੂ ਚਿਤ ਮੈ ਨ ਬਿਚਾਰਿਯੋ ॥

ਕਾਨ ਪ੍ਰਮਾਨ ਲਉ ਤਾਨਿ ਕਮਾਨ ਸੁ ਬਾਨ ਲੈ ਸਤ੍ਰ ਕੇ ਛਤ੍ਰ ਪੈ ਮਾਰਿਯੋ ॥

ਖੰਡ ਹੁਇ ਖੰਡ ਗਿਰਿਯੋ ਛਿਤ ਮੈ ਮਨੋ ਚੰਦ ਕੋ ਰਾਹੁ ਨੇ ਮਾਰਿ ਬਿਦਾਰਿਯੋ ॥੧੮੫੫॥

ਛਤ੍ਰ ਕਟਿਓ ਨ੍ਰਿਪ ਕੋ ਜਬ ਹੀ ਤਬ ਹੀ ਮਨ ਭੂਪਤਿ ਕੋਪ ਭਯੋ ਹੈ ॥

ਸ︀ਯਾਮ ਕੀ ਓਰ ਕੁਦ੍ਰਿਸਟਿ ਚਿਤੈ ਕਰਿ ਉਗ੍ਰ ਸਰਾਸਨ ਹਾਥਿ ਲਯੋ ਹੈ ॥

ਜੋਰ ਸੋ ਖੈਚਨ ਲਾਗਿਯੋ ਤਹਾ ਨਹਿ ਐਚ ਸਕੇ ਕਰ ਕੰਪ ਭਯੋ ਹੈ ॥

ਲੈ ਧਨੁ ਬਾਨ ਮੁਰਾਰਿ ਤਬੈ ਤਿਹ ਚਾਪ ਚਟਾਕ ਦੈ ਕਾਟਿ ਦਯੋ ਹੈ ॥੧੮੫੬॥

ਬ੍ਰਿਜਰਾਜ ਸਰਾਸਨ ਕਾਟਿ ਦਯੋ ਤਬ ਭੂਪਤਿ ਕੋਪੁ ਕੀਯੋ ਮਨ ਮੈ ॥

ਕਰਵਾਰਿ ਸੰਭਾਰਿ ਮਹਾ ਬਲ ਧਾਰਿ ਹਕਾਰਿ ਪਰਿਯੋ ਰਿਪੁ ਕੇ ਗਨ ਮੈ ॥

ਤਹਾ ਢਾਲ ਸੋ ਢਾਲ ਕ੍ਰਿਪਾਨ ਕ੍ਰਿਪਾਨ ਸੋ ਯੌ ਅਟਕੇ ਖਟਕੇ ਰਨ ਮੈ ॥

ਮਨੋ ਜ੍ਵਾਲ ਦਵਾਨਲ ਕੀ ਲਪਟੈ ਚਟਕੈ ਪਟਕੈ ਤ੍ਰਿਨ ਜਿਉ ਬਨ ਮੈ ॥੧੮੫੭॥

ਘੂਮਤ ਘਾਇਲ ਹੁਇ ਇਕ ਬੀਰ ਫਿਰੈ ਇਕ ਸ੍ਰਉਨ ਭਰੇ ਭਭਕਾਤੇ ॥

ਏਕ ਕਬੰਧ ਫਿਰੈ ਬਿਨੁ ਸੀਸ ਲਖੈ ਤਿਨ ਕਾਇਰ ਹੈ ਬਿਲਲਾਤੇ ॥

ਤ︀ਯਾਗਿ ਚਲੇ ਇਕ ਆਹਵ ਕੌ ਇਕ ਡੋਲਤ ਜੁਧਹਿ ਕੇ ਰੰਗਿ ਰਾਤੇ ॥

ਏਕ ਪਰੇ ਭਟ ਪ੍ਰਾਨ ਬਿਨਾ ਮਨੋ ਸੋਵਤ ਹੈ ਮਦਰਾ ਮਦ ਮਾਤੇ ॥੧੮੫੮॥

ਜਾਦਵ ਜੇ ਅਤਿ ਕ੍ਰੋਧ ਭਰੇ ਗਹਿ ਆਯੁਧਿ ਸੰਧ ਜਰਾ ਪਹਿ ਧਾਵਤ ॥

ਅਉਰ ਜਿਤੇ ਸਿਰਦਾਰ ਬਲੀ ਕਰਵਾਰਿ ਸੰਭਾਰਿ ਹਕਾਰਿ ਬੁਲਾਵਤ ॥

ਭੂਪਤਿ ਪਾਨਿ ਲੈ ਬਾਨ ਕਮਾਨ ਗੁਮਾਨ ਭਰਿਯੋ ਰਿਪੁ ਓਰਿ ਚਲਾਵਤ ॥

ਏਕ ਹੀ ਬਾਨ ਕੇ ਸਾਥ ਕੀਏ ਬਿਨੁ ਮਾਥ ਸੁ ਨਾਥ ਅਨਾਥ ਹੁਇ ਆਵਤ ॥੧੮੫੯॥

ਏਕਨ ਕੀ ਭੁਜ ਕਾਟਿ ਦਈ ਅਰੁ ਏਕਨ ਕੇ ਸਿਰ ਕਾਟਿ ਗਿਰਾਏ ॥

ਜਾਦਵ ਏਕ ਕੀਏ ਬਿਰਥੀ ਪੁਨਿ ਸ੍ਰੀ ਜਦੁਬੀਰ ਕੇ ਤੀਰ ਲਗਾਏ ॥

ਅਉਰ ਹਨੇ ਗਜਰਾਜ ਘਨੌ ਬਰ ਬਾਜ ਬਨੇ ਹਨਿ ਭੂਮਿ ਗਿਰਾਏ ॥

ਜੋਗਿਨ ਭੂਤ ਪਿਸਾਚ ਸਿੰਗਾਲਨ ਸ੍ਰਉਨਤ ਸਾਗਰ ਮਾਝ ਅਨਾਏ ॥੧੮੬੦॥

ਬੀਰ ਸੰਘਾਰ ਕੈ ਸ੍ਰੀ ਜਦੁਬੀਰ ਕੇ ਭੂਪ ਭਯੋ ਅਤਿ ਕੋਪਮਈ ਹੈ ॥

ਜੁਧ ਬਿਖੈ ਮਨ ਦੇਤ ਭਯੋ ਤਨ ਕੀ ਸਿਗਰੀ ਸੁਧਿ ਭੂਲਿ ਗਈ ਹੈ ॥

ਐਨ ਹੀ ਸੈਨ ਹਨੀ ਪ੍ਰਭ ਕੀ ਸੁ ਪਰੀ ਛਿਤ ਮੈ ਬਿਨ ਪ੍ਰਾਨ ਭਈ ਹੈ ॥

ਭੂਪਤਿ ਮਾਨਹੁ ਸੀਸਨ ਕੀ ਸਭ ਸੂਰਨ ਹੂੰ ਕੀ ਜਗਾਤਿ ਲਈ ਹੈ ॥੧੮੬੧॥

ਛਾਡਿ ਦਏ ਜਿਤ ਸਾਚ ਕੈ ਮਾਨਹੁ ਮਾਰਿ ਦਏ ਮਨ ਝੂਠ ਨ ਭਾਯੋ ॥

ਜੋ ਭਟ ਘਾਇਲ ਭੂਮਿ ਪਰੇ ਮਨੋ ਦੋਸ ਕੀਯੋ ਕਛੁ ਦੰਡੁ ਦਿਵਾਯੋ ॥

ਏਕ ਹਨੇ ਕਰ ਪਾਇਨ ਤੇ ਜਿਨ ਜੈਸੋ ਕੀਯੋ ਫਲ ਤੈਸੋ ਈ ਪਾਯੋ ॥

ਰਾਜ ਸਿੰਘਾਸਨ ਸ︀ਯੰਦਨ ਬੈਠ ਕੈ ਸੂਰਨ ਕੇ ਨ੍ਰਿਪ ਨਿਆਉ ਚੁਕਾਯੋ ॥੧੮੬੨॥

ਜਬ ਭੂਪ ਇਤੋ ਰਨ ਪਾਵਤ ਭਯੋ ਤਬ ਸ੍ਰੀ ਬ੍ਰਿਜ ਨਾਇਕ ਕੋਪ ਭਰਿਯੋ ॥

ਨ੍ਰਿਪ ਸਾਮੁਹੇ ਜਾਇ ਕੇ ਜੂਝ ਮਚਾਤ ਭਯੋ ਚਿਤ ਮੈ ਨ ਰਤੀ ਕੁ ਡਰਿਯੋ ॥

ਬ੍ਰਿਜ ਨਾਇਕ ਸਾਇਕ ਏਕ ਹਨ︀ਯੋ ਨ੍ਰਿਪ ਕੋ ਉਰਿ ਲਾਗ ਕੈ ਭੂਮਿ ਪਰਿਯੋ ॥

ਇਮ ਮੇਦ ਸੋ ਬਾਨ ਚਖਿਯੋ ਨ੍ਰਿਪ ਕੋ ਮਨੋ ਪੰਨਗ ਦੂਧ ਕੋ ਪਾਨ ਕਰਿਯੋ ॥੧੮੬੩॥

ਸਹਿ ਕੈ ਸਰ ਸ੍ਰੀ ਹਰਿ ਕੋ ਉਰ ਮੈ ਨ੍ਰਿਪ ਸ︀ਯਾਮ ਹੀ ਕਉ ਇਕ ਬਾਨ ਲਗਾਯੋ ॥

ਸੂਤ ਕੇ ਏਕ ਲਗਾਵਤ ਭਯੋ ਸਰ ਦਾਰੁਕ ਲਾਗਤ ਹੀ ਦੁਖੁ ਪਾਯੋ ॥

ਹੁਇ ਬਿਸੰਭਾਰ ਗਿਰਿਯੋ ਈ ਚਹੈ ਤਿਹ ਕੋ ਰਥੁ ਆਸਨ ਨ ਠਹਰਾਯੋ ॥

ਤਾਹੀ ਸਮੈ ਚਪਲੰਗ ਤੁਰੰਗਨਿ ਆਪਨੀ ਚਾਲ ਕੋ ਰੂਪ ਦਿਖਾਯੋ ॥੧੮੬੪॥

ਦੋਹਰਾ ॥

ਭੁਜਾ ਪਕਰ ਕੇ ਸਾਰਥੀ ਰਥਿ ਤਬ ਡਾਰਿਯੋ ਧੀਰ ॥

ਸ︀ਯੰਦਨ ਹਾਕਤ ਆਪੁ ਹੀ ਚਲਿਯੋ ਲਰਤ ਬਲਬੀਰ ॥੧੮੬੫॥

ਸਵੈਯਾ ॥

ਸਾਰਥੀ ਸ︀ਯੰਦਨ ਪੈ ਨ ਲਖਿਯੋ ਬਲਿਦੇਵ ਕਹਿਓ ਰਿਸਿ ਤਾਹਿ ਸੁਨੈ ਕੈ ॥

ਜਿਉ ਦਲ ਤੋਰ ਜਿਤਿਯੋ ਸਬ ਹੀ ਤੈਸੋ ਤੋ ਜਿਤ ਹੈ ਜਸ ਡੰਕ ਬਜੈ ਕੈ ॥

ਮੂਢ ਭਿਰੇ ਪਤਿ ਚਉਦਹ ਲੋਕ ਕੇ ਸੰਗ ਸੁ ਆਪ ਕਉ ਭੂਪ ਕਹੈ ਕੈ ॥

ਕੀਟ ਪਤੰਗ ਸੁ ਬਾਜਨ ਸੰਗਿ ਉਡਿਯੋ ਕਛੁ ਚਾਹਤ ਪੰਖ ਲਗੈ ਕੈ ॥੧੮੬੬॥

ਛਾਡਤ ਹੈ ਅਜਹੁੰ ਤੁਹਿ ਕਉ ਪਤਿ ਚਉਦਹ ਲੋਕਨ ਕੇ ਸੰਗ ਨ ਲਰੁ ॥

ਗ︀ਯਾਨ ਕੀ ਬਾਤ ਧਰੋ ਮਨ ਮੈ ਸੁ ਅਗ︀ਯਾਨ ਕੀ ਚਿਤ ਤੇ ਬਾਤ ਬਿਦਾ ਕਰੁ ॥

ਰਛਕ ਹੈ ਸਭ ਕੋ ਬ੍ਰਿਜਨਾਥ ਕਹੈ ਕਬਿ ਸ︀ਯਾਮ ਇਹੈ ਜੀਅ ਮੈ ਧਰੁ ॥

ਤ︀ਯਾਗ ਕੈ ਆਹਵ ਸਸਤ੍ਰ ਸਬੈ ਸੁ ਅਬੈ ਘਨਿ ਸ︀ਯਾਮ ਕੇ ਪਾਇਨ ਪੈ ਪਰੁ ॥੧੮੬੭॥

ਚੌਪਈ ॥

ਜਬੈ ਹਲਾਯੁਧ ਐਸੇ ਕਹਿਯੋ ॥

ਕ੍ਰੋਧ ਡੀਠ ਰਾਜਾ ਤਨ ਚਹਿਯੋ ॥

ਕਹਿਯੋ ਨ੍ਰਿਪਤਿ ਸਬ ਕੋ ਸੰਘਰ ਹੋਂ ॥

ਛਤ੍ਰੀ ਹੋਇ ਗ੍ਵਾਰ ਤੇ ਟਰ ਹੋਂ ॥੧੮੬੮॥