ਨ੍ਰਿਪ ਬਾਚ ਸਭਾ ਸੋ ॥

ਸਵੈਯਾ ॥

ਭੂਪ ਸਿੰਘਾਸਨ ਊਪਰਿ ਬੈਠ ਕੈ ਮਧਿ ਸਭਾ ਇਹ ਭਾਤਿ ਬਖਾਨਿਯੋ ॥

ਤੈਸੋ ਈ ਕਾਮੁ ਕੀਯੋ ਜਦੁਨੰਦਨ ਜਿਉ ਧਨੁ ਸ੍ਰੀ ਰਘੁਨੰਦਨ ਤਾਨਿਯੋ ॥

ਜੀਤਿ ਉਜੈਨ ਕੇ ਭੂਪ ਕੀ ਭੈਨ ਪੁਰੀ ਇਹ ਅਉਧ ਜਬੈ ਪਗੁ ਠਾਨਿਯੋ ॥

ਦੇਖਤ ਹੀ ਸਭ ਹੀ ਮਨ ਮੈ ਬ੍ਰਿਜ ਨਾਇਕ ਸੂਰ ਸਹੀ ਕਰਿ ਜਾਨਿਯੋ ॥੨੧੦੮॥

ਭੂਪ ਜਬੈ ਅਪਨੇ ਮਨ ਮੈ ਜਦੁਬੀਰ ਕੋ ਬੀਰ ਸਹੀ ਕਰਿ ਜਾਨਿਯੋ ॥

ਸ੍ਰੀ ਬ੍ਰਿਜ ਨਾਇਕ ਜੁਧ ਸਮੈ ਅਰਿ ਅਉਰ ਨ ਆਂਖਨ ਅਗ੍ਰਜ ਆਨਿਯੋ ॥

ਮੰਤ੍ਰਨ ਹੇਰਿ ਸਭੈ ਹਰਿ ਕੋ ਬਰੁ ਲਾਇਕ ਹੈ ਇਹ ਭਾਤਿ ਬਖਾਨਿਯੋ ॥

ਅਉਧ ਕੇ ਰਾਇ ਤਬੈ ਅਪੁਨੇ ਮਨ ਮੈ ਕਬਿ ਸ︀ਯਾਮ ਮਹਾ ਸੁਖੁ ਮਾਨਿਯੋ ॥੨੧੦੯॥

ਕਰਮਨ ਮੈ ਦਿਜ ਸ੍ਰੇਸਟ ਜੁ ਥੇ ਜਬ ਸੋ ਇਹ ਭੂਪ ਸਭਾ ਹੂੰ ਮੈ ਆਏ ॥

ਦੈ ਕੈ ਅਸੀਸ ਨ੍ਰਿਪੋਤਮ ਕੋ ਕਬਿ ਸ︀ਯਾਮ ਭਨੈ ਇਹ ਬੈਨ ਸੁਨਾਏ ॥

ਜਾ ਦੁਹਿਤਾ ਕੇ ਸੁਨੋ ਤੁਮ ਹੇਤੁ ਘਨੇ ਦਿਜ ਦੇਸਨ ਦੇਸ ਪਠਾਏ ॥

ਸੋ ਤੁਮ ਰਾਇ ਅਚਾਨਕ ਹੀ ਬਰੁ ਲਾਇਕ ਸ੍ਰੀ ਬ੍ਰਿਜ ਨਾਇਕ ਪਾਏ ॥੨੧੧੦॥

ਯੌ ਸੁਨਿ ਕੈ ਬਤੀਯਾ ਤਿਨ ਕੀ ਚਿਤ ਕੇ ਨ੍ਰਿਪ ਬੀਚ ਹੁਲਾਸ ਬਢੈ ਕੈ ॥

ਦਾਜ ਦਯੋ ਜਿਹ ਅੰਤ ਨ ਆਵਤ ਬਾਜਨ ਦ੍ਵਾਰ ਅਨੇਕ ਬਜੈ ਕੈ ॥

ਬਿਪ੍ਰਨ ਦੀਨ ਘਨੀ ਦਛਨਾ ਸੁਖੁ ਪਾਇ ਕਿਤੈ ਜਦੁਬੀਰ ਚਿਤੈ ਕੈ ॥

ਸੁੰਦਰ ਜੋ ਆਪਨੀ ਦੁਹਿਤਾ ਸੁ ਦਈ ਘਨਿ ਸ︀ਯਾਮ ਕੇ ਸੰਗਿ ਪਠੈ ਕੈ ॥੨੧੧੧॥

ਜੀਤਿ ਸੁਅੰਬਰ ਮੈ ਹਰਿ ਆਉਧ ਕੇ ਭੂਪਤਿ ਕੀ ਦੁਹਿਤਾ ਜਬ ਆਯੋ ॥

ਬਾਗ ਕੇ ਭੀਤਰ ਸੈਲ ਕਰੈ ਸੰਗ ਪਾਰਥ ਥੇ ਚਿਤ ਮੈ ਠਹਰਾਯੋ ॥

ਪੋਸਤ ਭਾਗ ਅਫੀਮ ਘਨੇ ਮਦ ਪੀਵਨ ਕੇ ਤਿਨਿ ਕਾਜ ਮੰਗਾਯੋ ॥

ਮੰਗਨ ਲੋਗਨ ਬੋਲਿ ਪਠਿਯੋ ਬਹੁ ਆਵਤ ਭੇ ਜਨ ਪਾਰ ਨ ਪਾਯੋ ॥੨੧੧੨॥

ਬਹੁ ਰਾਮਜਨੀ ਤਹ ਨਾਚਤ ਹੈ ਇਕ ਝਾਝਰ ਬੀਨ ਮ੍ਰਿਦੰਗ ਬਜਾਵੈ ॥

ਦੈ ਇਕ ਝੂਮਕ ਆਵਤ ਹੈ ਇਕ ਭਾਮਿਨ ਦੈ ਹਰਿ ਝੂਮਕ ਜਾਵੈ ॥

ਕਾਨ੍ਰਹ ਪਟੰਬਰ ਦੇਤ ਤਿਨੈ ਮਨਿ ਲਾਲ ਘਨੇ ਚਿਤ ਕੋ ਜੁ ਰਿਝਾਵੈ ॥

ਸ︀ਯਾਮ ਭਨੈ ਬਹੁ ਮੋਲ ਖਰੇ ਸੁਰ ਰਾਜਹਿ ਕੋ ਕੋਊ ਹਾਥਿ ਨ ਆਵੈ ॥੨੧੧੩॥

ਪਾਵਤ ਰਾਮਜਨੀ ਨਰ ਕੈ ਧਨ ਪਾਵਤ ਹੈ ਬਹੁ ਦਾਨ ਗਵਇਯਾ ॥

ਏਕ ਰਿਝਾਵਤ ਹੈ ਹਰਿ ਕੋ ਕਬਿ ਸ︀ਯਾਮ ਭਨੈ ਪੜਿ ਛੰਤ ਸਵਇਯਾ ॥

ਅਉਰ ਦਿਸਾ ਕੇ ਬਿਖੈ ਸੁ ਘਨੇ ਮਿਲਿ ਨਾਚਤ ਹੈ ਕਰਿ ਗਾਨ ਭਵਇਆ ॥

ਕਉਨ ਕਮੀ ਕਹੋ ਹੈ ਤਿਨ ਕੋ ਜੋਊ ਸ੍ਰੀ ਜਦੁਬੀਰ ਕੇ ਧਾਮ ਅਵਇਯਾ ॥੨੧੧੪॥

ਤਿਨ ਕੌ ਬਹੁ ਦੈ ਸੰਗਿ ਪਾਰਥ ਲੈ ਹਰਿ ਭੋਜਨ ਕੀ ਭੂਅ ਮੈ ਪਗ ਧਾਰਿਯੋ ॥

ਪੋਸਤ ਭਾਗ ਅਫੀਮ ਮੰਗਾਇ ਪੀਓ ਮਦ ਸੋਕ ਬਿਦਾ ਕਰਿ ਡਾਰਿਯੋ ॥

ਮਤਿ ਹੋ ਚਾਰੋਈ ਕੈਫਨ ਸੋ ਸੁਤ ਇੰਦ੍ਰ ਕੈ ਸੋ ਇਮਿ ਸ︀ਯਾਮ ਉਚਾਰਿਯੋ ॥

ਕਾਮ ਕੀਯੋ ਬ੍ਰਹਮਾ ਘਟਿ ਕਿਉ ਮਦਰਾ ਕੋ ਨ ਆਠਵੋ ਸਿੰਧੁ ਸਵਾਰਿਯੋ ॥੨੧੧੫॥

ਦੋਹਰਾ ॥

ਤਬ ਪਾਰਥ ਕਰ ਜੋਰਿ ਕੈ ਹਰਿ ਸਿਉ ਕਹਿਯੋ ਸੁਨਾਇ ॥

ਜੜ ਬਾਮਨ ਇਨ ਰਸਨ ਕੋ ਜਾਨੇ ਕਹਾ ਉਪਾਇ ॥੨੧੧੬॥

ਇਤਿ ਸ੍ਰੀ ਦਸਮ ਸਿਕੰਧ ਪੁਰਾਣੇ ਬਚਿਤ੍ਰ ਨਾਟਕ ਕ੍ਰਿਸਨਾਵਤਾਰੇ ਬ੍ਰਿਖਭ ਨਾਥਿ ਅਵਧ ਰਾਜੇ ਕੀ ਦੁਹਿਤਾ ਬਿਵਾਹਤ ਭਏ ॥

ਅਥ ਇੰਦ੍ਰ ਭੂਮਾਸੁਰ ਕੇ ਦੁਖ ਤੇ ਆਵਤ ਭਏ ਕਥਨੰ ॥

ਚੌਪਈ ॥

ਦ੍ਵਾਰਵਤੀ ਜਬ ਜਦੁਪਤਿ ਆਯੋ ॥

ਇੰਦ੍ਰ ਆਇ ਪਾਇਨ ਲਪਟਾਯੋ ॥

ਭੂਮਾਸੁਰ ਕੋ ਦੂਖ ਸੁਨਾਯੋ ॥

ਪ੍ਰਭ ਤਿਹ ਤੇ ਮੈ ਅਤਿ ਦੁਖੁ ਪਾਯੋ ॥੨੧੧੭॥

ਦੋਹਰਾ ॥

ਸੋ ਮੋ ਪਰ ਅਤਿ ਪ੍ਰਬਲ ਹੈ ਮੋ ਪੈ ਸਧਿਯੋ ਨ ਜਾਇ ॥

ਤਾ ਕੋ ਆਪਨ ਹੀ ਪ੍ਰਭੂ ਕੀਜੈ ਨਾਸ ਉਪਾਇ ॥੨੧੧੮॥