ਅਥ ਅਜ ਰਾਜਾ ਕੋ ਰਾਜ ਕਥਨੰ ॥
ਪਾਧੜੀ ਛੰਦ ॥
ਫੁਨਿ ਭਏ ਰਾਜ ਅਜਰਾਜ ਬੀਰ ॥
ਜਿਨਿ ਭਾਤਿ ਭਾਤਿ ਜਿਤੇ ਪ੍ਰਬੀਰ ॥
ਕਿਨੇ ਖਰਾਬ ਖਾਨੇ ਖਵਾਸ ॥
ਜਿਤੇ ਮਹੀਪ ਤੋਰੇ ਮਵਾਸ ॥੧॥
ਜਿਤੇ ਅਜੀਤ ਮੁੰਡੇ ਅਮੁੰਡ ॥
ਖੰਡੇ ਅਖੰਡ ਕਿਨੇ ਘਮੰਡ ॥
ਦਸ ਚਾਰਿ ਚਾਰਿ ਬਿਦਿਆ ਨਿਧਾਨ ॥
ਅਜਰਾਜ ਰਾਜ ਰਾਜਾ ਮਹਾਨ ॥੨॥
ਸੂਰਾ ਸੁਬਾਹ ਜੋਧਾ ਪ੍ਰਚੰਡ ॥
ਸ੍ਰੁਤਿ ਸਰਬ ਸਾਸਤ੍ਰ ਬਿਦਿਆ ਉਦੰਡ ॥
ਮਾਨੀ ਮਹਾਨ ਸੁੰਦਰ ਸਰੂਪ ॥
ਅਵਿਲੋਕਿ ਜਾਸੁ ਲਾਜੰਤ ਭੂਪ ॥੩॥
ਰਾਜਾਨ ਰਾਜ ਰਾਜਾਧਿਰਾਜ ॥
ਗ੍ਰਿਹ ਭਰੇ ਸਰਬ ਸੰਪਤਿ ਸਮਾਜ ॥
ਅਵਿਲੋਕ ਰੂਪ ਰੀਝੰਤ ਨਾਰਿ ॥
ਸ੍ਰੁਤਿ ਦਾਨ ਸੀਲ ਬਿਦਿਆ ਉਦਾਰ ॥੪॥
ਜੌ ਕਹੋ ਕਥਾ ਬਾਢੰਤ ਗ੍ਰੰਥ ॥
ਸੁਣਿ ਲੇਹੁ ਮਿਤ੍ਰ ਸੰਛੇਪ ਕੰਥ ॥
ਬੈਦਰਭ ਦੇਸਿ ਰਾਜਾ ਸੁਬਾਹ ॥
ਚੰਪਾਵਤੀ ਸੁ ਗ੍ਰਿਹ ਨਾਰਿ ਤਾਹਿ ॥੫॥
ਤਿਹ ਜਈ ਏਕ ਕੰਨਿਆ ਅਪਾਰ ॥
ਤਿਹ ਮਤੀਇੰਦ੍ਰ ਨਾਮਾ ਉਦਾਰ ॥
ਜਬ ਭਈ ਜੋਗ ਬਰ ਕੇ ਕੁਮਾਰਿ ॥
ਤਬ ਕੀਨ ਬੈਠਿ ਰਾਜਾ ਬਿਚਾਰਿ ॥੬॥
ਲਿਨੇ ਬੁਲਾਇ ਨ੍ਰਿਪ ਸਰਬ ਦੇਸ ॥
ਧਾਏ ਸੁਬਾਹ ਲੈ ਦਲ ਅਸੇਸ ॥
ਮੁਖ ਭਈ ਆਨਿ ਸਰਸ੍ਵਤੀ ਆਪੁ ॥
ਜਿਹਿ ਜਪਤ ਲੋਗ ਮਿਲਿ ਸਰਬ ਜਾਪੁ ॥੭॥
ਤਬ ਦੇਸ ਦੇਸ ਕੇ ਭੂਪ ਆਨਿ ॥
ਕਿਨੋ ਪ੍ਰਣਾਮ ਰਾਜਾ ਮਹਾਨਿ ॥
ਤਹ ਬੈਠਿ ਰਾਜ ਸੋਭੰਤ ਐਸੁ ॥
ਜਨ ਦੇਵ ਮੰਡਲੀ ਸਮ ਨ ਤੈਸੁ ॥੮॥
ਬਾਜੰਤ ਢੋਲ ਦੁੰਦਭਿ ਅਪਾਰ ॥
ਬਾਜੰਤ ਤੂਰ ਝਨਕੰਤ ਤਾਰ ॥
ਸੋਭਾ ਅਪਾਰ ਬਰਨੀ ਨ ਜਾਇ ॥
ਜਨੁ ਬੈਠਿ ਇੰਦ੍ਰ ਆਭਾ ਬਨਾਇ ॥੯॥
ਇਹ ਭਾਤਿ ਰਾਜ ਮੰਡਲੀ ਬੈਠਿ ॥
ਅਵਿਲੋਕਿ ਇੰਦ੍ਰ ਜਹ ਨਾਕ ਐਠਿ ॥
ਆਭਾ ਅਪਾਰ ਬਰਨੇ ਸੁ ਕਉਨ ॥
ਹ੍ਵੈ ਰਹੇ ਜਛ ਗੰਧ੍ਰਬ ਮਉਨ ॥੧੦॥
ਅਰਧ ਪਾਧੜੀ ਛੰਦ ॥
ਸੋਭੰਤ ਸੂਰ ॥
ਲੋਭੰਤ ਹੂਰ ॥
ਅਛ੍ਰੀ ਅਪਾਰ ॥
ਰਿਝੀ ਸੁ ਧਾਰ ॥੧੧॥
ਗਾਵੰਤ ਗੀਤ ॥
ਮੋਹੰਤ ਚੀਤ ॥
ਮਿਲਿ ਦੇ ਅਸੀਸ ॥
ਜੁਗ ਚਾਰਿ ਜੀਸ ॥੧੨॥
ਬਾਜੰਤ ਤਾਰ ॥
ਡਾਰੈ ਧਮਾਰ ॥
ਦੇਵਾਨ ਨਾਰਿ ॥
ਪੇਖਤ ਅਪਾਰ ॥੧੩॥
ਕੈ ਬੇਦ ਰੀਤਿ ॥
ਗਾਵੰਤ ਗੀਤ ॥
ਸੋਭਾ ਅਨੂਪ ॥
ਸੋਭੰਤ ਭੂਪ ॥੧੪॥
ਬਾਜੰਤ ਤਾਰ ॥
ਰੀਝੰਤ ਨਾਰਿ ॥
ਗਾਵੰਤ ਗੀਤ ॥
ਆਨੰਦ ਚੀਤਿ ॥੧੫॥
ਉਛਾਲ ਛੰਦ ॥
ਗਾਵਤ ਨਾਰੀ ॥
ਬਾਜਤ ਤਾਰੀ ॥
ਦੇਖਤ ਰਾਜਾ ॥
ਦੇਵਤ ਸਾਜਾ ॥੧੬॥
ਗਾਵਤ ਗੀਤੰ ॥
ਆਨੰਦ ਚੀਤੰ ॥
ਸੋਭਤ ਸੋਭਾ ॥
ਲੋਭਤ ਲੋਭਾ ॥੧੭॥
ਦੇਖਤ ਨੈਣੰ ॥
ਭਾਖਤ ਬੈਣੰ ॥
ਸੋਹਤ ਛਤ੍ਰੀ ॥
ਲੋਭਤ ਅਤ੍ਰੀ ॥੧੮॥
ਗਜਤ ਹਾਥੀ ॥
ਸਜਤ ਸਾਥੀ ॥
ਕੂਦਤ ਬਾਜੀ ॥
ਨਾਚਤ ਤਾਜੀ ॥੧੯॥
ਬਾਜਤ ਤਾਲੰ ॥
ਨਾਚਤ ਬਾਲੰ ॥
ਗਾਵਤ ਗਾਥੰ ॥
ਆਨੰਦ ਸਾਥੰ ॥੨੦॥
ਕੋਕਿਲ ਬੈਣੀ ॥
ਸੁੰਦਰ ਨੈਣੀ ॥
ਗਾਵਤ ਗੀਤੰ ॥
ਚੋਰਤ ਚੀਤੰ ॥੨੧॥
ਅਛ੍ਰਣ ਭੇਸੀ ॥
ਸੁੰਦਰ ਕੇਸੀ ॥
ਸੁੰਦਰ ਨੈਣੀ ॥
ਕੋਕਿਲ ਬੈਣੀ ॥੨੨॥
ਅਦਭੁਤ ਰੂਪਾ ॥
ਕਾਮਿਣ ਕੂਪਾ ॥
ਚਾਰੁ ਪ੍ਰਹਾਸੰ ॥
ਉਨਤਿ ਨਾਸੰ ॥੨੩॥
ਲਖਿ ਦੁਤਿ ਰਾਣੀ ॥
ਲਜਿਤ ਇੰਦ੍ਰਾਣੀ ॥
ਸੋਹਤ ਬਾਲਾ ॥
ਰਾਗਣ ਮਾਲਾ ॥੨੪॥