ਅਥ ਦੁਧੀਰਾ ਸਤਾਰਵੋ ਗੁਰੂ ਕਥਨੰ ॥

ਤੋਟਕ ਛੰਦ ॥

ਕਰਿ ਸੋਰਸਵੋ ਰਿਖਿ ਤਾਸੁ ਗੁਰੰ ॥

ਉਠਿ ਚਲੀਆ ਬਾਟ ਉਦਾਸ ਚਿਤੰ ॥

ਮੁਖਿ ਪੂਰਤ ਨਾਦਿ ਨਿਨਾਦ ਧੁਨੰ ॥

ਸੁਨਿ ਰੀਝਤ ਗੰਧ੍ਰਬ ਦੇਵ ਨਰੰ ॥੩੬੫॥

ਚਲਿ ਜਾਤ ਭਏ ਸਰਿਤਾ ਨਿਕਟੰ ॥

ਹਠਵੰਤ ਰਿਖੰ ਤਪਸਾ ਬਿਕਟ ॥

ਅਵਿਲੋਕ ਦੁਧੀਰਯਾ ਏਕ ਤਹਾ ॥

ਉਛਰੰਤ ਹੁਤੇ ਨਦਿ ਮਛ ਜਹਾ ॥੩੬੬॥

ਥਰਕੰਤ ਹੁਤੋ ਇਕ ਚਿਤ ਨਭੰ ॥

ਅਤਿ ਉਜਲ ਅੰਗ ਸੁਰੰਗ ਸੁਭੰ ॥

ਨਹੀ ਆਨਿ ਬਿਲੋਕਤ ਆਪ ਦ੍ਰਿਗੰ ॥

ਇਹ ਭਾਤਿ ਰਹ︀ਯੋ ਗਡ ਮਛ ਮਨੰ ॥੩੬੭॥

ਤਹਾ ਜਾਇ ਮਹਾ ਮੁਨਿ ਮਜਨ ਕੈ ॥

ਉਠਿ ਕੈ ਹਰਿ ਧਿਆਨ ਲਗਾ ਸੁਚ ਕੈ ॥

ਨ ਟਰੋ ਤਬ ਲੌ ਵਹ ਮਛ ਅਰੀ ॥

ਰਥ ਸੂਰ ਅਥਿਓ ਨਹ ਡੀਠ ਟਰੀ ॥੩੬੮॥

ਥਰਕੰਤ ਰਹਾ ਨਭਿ ਮਛ ਕਟੰ ॥

ਰਥ ਭਾਨੁ ਹਟਿਓ ਨਹੀ ਧ︀ਯਾਨ ਛੁਟੰ ॥

ਅਵਿਲੋਕ ਮਹਾ ਮੁਨਿ ਮੋਹਿ ਰਹਿਓ ॥

ਗੁਰੁ ਸਤ੍ਰਸਵੋ ਕਰ ਤਾਸੁ ਕਹਿਓ ॥੩੬੯॥

ਇਤਿ ਸਤਾਰਵੋ ਗੁਰੂ ਦੁਧੀਰਾ ਸਮਾਪਤੰ ॥੧੭॥