( 86 )
ਦੋਹਰਾ ॥
ਅਉਰ ਸਕਲ ਸੈਨਾ ਜਰੀ ਬਚਿਓ ਸੁ ਏਕੈ ਪ੍ਰੇਤੁ ॥
ਚੰਡਿ ਬਚਾਇਓ ਜਾਨਿ ਕੈ ਅਉਰਨ ਮਾਰਨ ਹੇਤੁ ॥੧੦੨॥
ਭਾਜਿ ਨਿਸਾਚਰ ਮੰਦ ਮਤਿ ਕਹੀ ਸੁੰਭ ਪਹਿ ਜਾਇ ॥
ਧੂਮ੍ਰ ਨੈਨ ਸੈਨਾ ਸਹਿਤ ਡਾਰਿਓ ਚੰਡਿ ਖਪਾਇ ॥੧੦੩॥
ਸਕਲ ਕਟੇ ਭਟ ਕਟਕ ਕੇ ਪਾਇਕ ਰਥ ਹੈ ਕੁੰਭ ॥
ਯੌ ਸੁਨਿ ਬਚਨ ਅਚਰਜ ਹ੍ਵੈ ਕੋਪ ਕੀਓ ਨ੍ਰਿਪ ਸੁੰਭ ॥੧੦੪॥
ਚੰਡ ਮੁੰਡ ਦ੍ਵੈ ਦੈਤ ਤਬ ਲੀਨੇ ਸੁੰਭਿ ਹਕਾਰਿ ॥
ਚਲਿ ਆਏ ਨ੍ਰਿਪ ਸਭਾ ਮਹਿ ਕਰਿ ਲੀਨੇ ਅਸਿ ਢਾਰ ॥੧੦੫॥
ਅਭਬੰਦਨ ਦੋਨੋ ਕੀਓ ਬੈਠਾਏ ਨ੍ਰਿਪ ਤੀਰਿ ॥
ਪਾਨ ਦਏ ਮੁਖ ਤੇ ਕਹਿਓ ਤੁਮ ਦੋਨੋ ਮਮ ਬੀਰ ॥੧੦੬॥
ਨਿਜ ਕਟ ਕੋ ਫੈਂਟਾ ਦਇਓ ਅਰੁ ਜਮਧਰ ਕਰਵਾਰ ॥
ਲਿਆਵਹੁ ਚੰਡੀ ਬਾਧ ਕੈ ਨਾਤਰ ਡਾਰੋ ਮਾਰ ॥੧੦੭॥
ਸ੍ਵੈਯਾ ॥
ਕੋਪ ਚੜੇ ਰਨਿ ਚੰਡ ਅਉ ਮੁੰਡ ਸੁ ਲੈ ਚਤੁਰੰਗਨ ਸੈਨ ਭਲੀ ॥
ਤਬ ਸੇਸ ਕੇ ਸੀਸ ਧਰਾ ਲਰਜੀ ਜਨੁ ਮਧਿ ਤਰੰਗਨਿ ਨਾਵ ਹਲੀ ॥
ਖੁਰ ਬਾਜਨ ਧੂਰ ਉਡੀ ਨਭਿ ਕੋ ਕਵਿ ਕੇ ਮਨ ਤੇ ਉਪਮਾ ਨ ਟਲੀ ॥
ਭਵ ਭਾਰ ਅਪਾਰ ਨਿਵਾਰਨ ਕੋ ਧਰਨੀ ਮਨੋ ਬ੍ਰਹਮ ਕੇ ਲੋਕ ਚਲੀ ॥੧੦੮॥
ਦੋਹਰਾ ॥
ਚੰਡ ਮੁੰਡ ਦੈਤਨ ਦੁਹੂੰ ਸਬਨ ਪ੍ਰਬਲ ਦਲੁ ਲੀਨ ॥
ਨਿਕਟਿ ਜਾਇ ਗਿਰ ਘੇਰਿ ਕੈ ਮਹਾ ਕੁਲਾਹਲ ਕੀਨ ॥੧੦੯॥
ਸ੍ਵੈਯਾ ॥
ਜਬ ਕਾਨ ਸੁਨੀ ਧੁਨਿ ਦੈਤਨ ਕੀ ਤਬ ਕੋਪੁ ਕੀਓ ਗਿਰਜਾ ਮਨ ਮੈ ॥
ਚੜਿ ਸਿੰਘ ਸੁ ਸੰਖ ਬਜਾਇ ਚਲੀ ਸਭਿ ਆਯੁਧ ਧਾਰ ਤਬੈ ਤਨ ਮੈ ॥
ਗਿਰ ਤੇ ਉਤਰੀ ਦਲ ਬੈਰਨ ਕੈ ਪਰ ਯੌ ਉਪਮਾ ਉਪਜੀ ਮਨ ਮੈ ॥
ਨਭ ਤੇ ਬਹਰੀ ਲਖਿ ਛੂਟ ਪਰੀ ਜਨੁ ਕੂਕ ਕੁਲੰਗਨ ਕੇ ਗਨ ਮੈ ॥੧੧੦॥
ਚੰਡ ਕੁਵੰਡ ਤੇ ਬਾਨ ਛੁਟੇ ਇਕ ਤੇ ਦਸ ਸਉ ਤੇ ਸਹੰਸ ਤਹ ਬਾਢੇ ॥
ਲਛਕੁ ਹੁਇ ਕਰਿ ਜਾਇ ਲਗੇ ਤਨ ਦੈਤਨ ਮਾਝ ਰਹੇ ਗਡਿ ਗਾਢੇ ॥
ਕੋ ਕਵਿ ਤਾਹਿ ਸਰਾਹ ਕਰੈ ਅਤਿਸੈ ਉਪਮਾ ਜੁ ਭਈ ਬਿਨੁ ਕਾਢੇ ॥
ਫਾਗੁਨਿ ਪਉਨ ਕੇ ਗਉਨ ਭਏ ਜਨੁ ਪਾਤੁ ਬਿਹੀਨ ਰਹੇ ਤਰੁ ਠਾਢੇ ॥੧੧੧॥
ਮੁੰਡ ਲਈ ਕਰਵਾਰ ਹਕਾਰ ਕੈ ਕੇਹਰਿ ਕੇ ਅੰਗ ਅੰਗ ਪ੍ਰਹਾਰੇ ॥
ਫਿਰ ਦਈ ਤਨ ਦਉਰ ਕੇ ਗਉਰਿ ਕੋ ਘਾਇਲ ਕੈ ਨਿਕਸੀ ਅੰਗ ਧਾਰੇ ॥
ਸ੍ਰਉਨ ਭਰੀ ਥਹਰੈ ਕਰਿ ਦੈਤ ਕੇ ਕੋ ਉਪਮਾ ਕਵਿ ਅਉਰ ਬਿਚਾਰੇ ॥
ਪਾਨ ਗੁਮਾਨ ਸੋ ਖਾਇ ਅਘਾਇ ਮਨੋ ਜਮੁ ਆਪੁਨੀ ਜੀਭ ਨਿਹਾਰੇ ॥੧੧੨॥
ਘਾਉ ਕੈ ਦੈਤ ਚਲਿਓ ਜਬ ਹੀ ਤਬ ਦੇਵੀ ਨਿਖੰਗ ਤੇ ਬਾਨ ਸੁ ਕਾਢੇ ॥
ਕਾਨ ਪ੍ਰਮਾਨ ਲਉ ਖੈਚ ਕਮਾਨ ਚਲਾਵਤ ਏਕ ਅਨੇਕ ਹੁਇ ਬਾਢੇ ॥
ਮੁੰਡ ਲੈ ਢਾਲ ਦਈ ਮੁਖ ਓਟਿ ਧਸੇ ਤਿਹ ਮਧਿ ਰਹੇ ਗਡਿ ਗਾਢੇ ॥
ਮਾਨਹੁ ਕੂਰਮ ਪੀਠ ਪੈ ਨੀਠ ਭਏ ਸਹਸ ਫਨਿ ਕੇ ਫਨ ਠਾਢੇ ॥੧੧੩॥
ਸਿੰਘਹਿ ਪ੍ਰੇਰ ਕੈ ਆਗੈ ਭਈ ਕਰਿ ਮੈ ਅਸਿ ਲੈ ਬਰ ਚੰਡ ਸੰਭਾਰਿਓ ॥
ਮਾਰਿ ਕੇ ਧੂਰਿ ਕੀਏ ਚਕਚੂਰ ਗਿਰੇ ਅਰਿ ਪੂਰ ਮਹਾ ਰਨ ਪਾਰਿਓ ॥
ਫੇਰਿ ਕੇ ਘੇਰਿ ਲਇਓ ਰਨ ਮਾਹਿ ਸੁ ਮੁੰਡ ਕੋ ਮੁੰਡ ਜੁਦਾ ਕਰਿ ਮਾਰਿਓ ॥
ਐਸੇ ਪਰਿਓ ਧਰਿ ਊਪਰ ਜਾਇ ਜਿਉ ਬੇਲਹਿ ਤੇ ਕਦੂਆ ਕਟਿ ਡਾਰਿਓ ॥੧੧੪॥
ਸਿੰਘ ਚੜੀ ਮੁਖ ਸੰਖ ਬਜਾਵਤ ਜਿਉ ਘਨ ਮੈ ਤੜਤਾ ਦੁਤਿ ਮੰਡੀ ॥
ਚਕ੍ਰ ਚਲਾਇ ਗਿਰਾਇ ਦਇਓ ਅਰਿ ਭਾਜਤ ਦੈਤ ਬਡੇ ਬਰਬੰਡੀ ॥
ਭੂਤ ਪਿਸਾਚਨਿ ਮਾਸ ਅਹਾਰ ਕਰੈ ਕਿਲਕਾਰ ਖਿਲਾਰ ਕੇ ਝੰਡੀ ॥
ਮੁੰਡ ਕੋ ਮੁੰਡ ਉਤਾਰ ਦਇਓ ਅਬ ਚੰਡ ਕੋ ਹਾਥ ਲਗਾਵਤ ਚੰਡੀ ॥੧੧੫॥
ਮੁੰਡ ਮਹਾ ਰਨ ਮਧਿ ਹਨਿਓ ਫਿਰ ਕੈ ਬਰ ਚੰਡਿ ਤਬੈ ਇਹ ਕੀਨੋ ॥
ਮਾਰਿ ਬਿਦਾਰ ਦਈ ਸਭ ਸੈਣ ਸੁ ਚੰਡਿਕਾ ਚੰਡ ਸੋ ਆਹਵ ਕੀਨੋ ॥
ਲੈ ਬਰਛੀ ਕਰ ਮੈ ਅਰਿ ਕੋ ਸਿਰ ਕੈ ਬਰੁ ਮਾਰਿ ਜੁਦਾ ਕਰਿ ਦੀਨੋ ॥
ਲੈ ਕੇ ਮਹੇਸ ਤ੍ਰਿਸੂਲ ਗਨੇਸ ਕੋ ਰੁੰਡ ਕੀਓ ਜਨੁ ਮੁੰਡ ਬਿਹੀਨੋ ॥੧੧੬॥
ਇਤਿ ਸ੍ਰੀ ਬਚਿਤ੍ਰ ਨਾਟਕੇ ਸ੍ਰੀ ਚੰਡੀ ਚਰਿਤ੍ਰੇ ਚੰਡ ਮੁੰਡ ਬਧਹਿ ਚਤ੍ਰਥ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੪॥