ਸ੍ਵੈਯਾ

ਮਾਨ ਕੈ ਸੁੰਭ ਕੋ ਬੋਲ ਨਿਸੁੰਭੁ ਚਲਿਓ ਦਲ ਸਾਜਿ ਮਹਾ ਬਲਿ ਐਸੇ

ਭਾਰਥ ਜਿਉ ਰਨ ਮੈ ਰਿਸਿ ਪਾਰਥਿ ਕ੍ਰੁਧ ਕੈ ਜੁਧ ਕਰਿਓ ਕਰਨੈ ਸੇ

ਚੰਡਿ ਕੇ ਬਾਨ ਲਗੇ ਬਹੁ ਦੈਤ ਕਉ ਫੋਰਿ ਕੈ ਪਾਰ ਭਏ ਤਨ ਕੈਸੇ

ਸਾਵਨ ਮਾਸ ਕ੍ਰਿਸਾਨ ਕੇ ਖੇਤਿ ਉਗੇ ਮਨੋ ਧਾਨ ਕੇ ਅੰਕੁਰ ਜੈਸੇ ॥੧੮੮॥

ਬਾਨਨ ਸਾਥ ਗਿਰਾਇ ਦਏ ਬਹੁਰੋ ਅਸਿ ਲੈ ਕਰਿ ਇਉ ਰਨ ਕੀਨੋ

ਮਾਰਿ ਬਿਦਾਰਿ ਦਈ ਧੁਜਨੀ ਸਭ ਦਾਨਵ ਕੋ ਬਲੁ ਹੁਇ ਗਇਓ ਛੀਨੋ

ਸ੍ਰਉਨ ਸਮੂਹਿ ਪਰਿਓ ਤਿਹ ਠਉਰ ਤਹਾ ਕਵਿ ਨੇ ਜਸੁ ਇਉ ਮਨ ਚੀਨੋ

ਸਾਤ ਹੂੰ ਸਾਗਰ ਕੋ ਰਚਿ ਕੈ ਬਿਧਿ ਆਠਵੋ ਸਿੰਧੁ ਕਰਿਓ ਹੈ ਨਵੀਨੋ ॥੧੮੯॥

ਲੈ ਕਰ ਮੈ ਅਸਿ ਚੰਡਿ ਪ੍ਰਚੰਡ ਸੁ ਕ੍ਰੁਧ ਭਈ ਰਨ ਮਧ ਲਰੀ ਹੈ

ਫੋਰ ਦਈ ਚਤੁਰੰਗ ਚਮੂੰ ਬਲੁ ਕੈ ਬਹੁ ਕਾਲਿਕਾ ਮਾਰਿ ਧਰੀ ਹੈ

ਰੂਪ ਦਿਖਾਇ ਭਇਆਨਕ ਇਉ ਅਸੁਰੰਪਤਿ ਭ੍ਰਾਤ ਕੀ ਕ੍ਰਾਤਿ ਹਰੀ ਹੈ

ਸ੍ਰਉਨ ਸੋ ਲਾਲ ਭਈ ਧਰਨੀ ਸੁ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ ॥੧੯੦॥

ਦੈਤ ਸੰਭਾਰਿ ਸਭੈ ਅਪਨੋ ਬਲਿ ਚੰਡਿ ਸੋ ਜੁਧ ਕੋ ਫੇਰਿ ਅਰੇ ਹੈ

ਆਯੁਧ ਧਾਰਿ ਲਰੈ ਰਨ ਇਉ ਜਨੁ ਦੀਪਕ ਮਧਿ ਪਤੰਗ ਪਰੇ ਹੈ

ਚੰਡ ਪ੍ਰਚੰਡ ਕੁਵੰਡ ਸੰਭਾਰਿ ਸਭੈ ਰਨ ਮਧਿ ਦੁ ਟੂਕ ਕਰੇ ਹੈ

ਮਾਨੋ ਮਹਾ ਬਨ ਮੈ ਬਰ ਬ੍ਰਿਛਨ ਕਾਟਿ ਕੈ ਬਾਢੀ ਜੁਦੇ ਕੈ ਧਰੇ ਹੈ ॥੧੯੧॥

ਮਾਰ ਲਇਓ ਦਲੁ ਅਉਰ ਭਜਿਓ ਮਨ ਮੈ ਤਬ ਕੋਪ ਨਿਸੁੰਭ ਕਰਿਓ ਹੈ

ਚੰਡਿ ਕੇ ਸਾਮੁਹੇ ਆਨਿ ਅਰਿਓ ਅਤਿ ਜੁਧੁ ਕਰਿਓ ਪਗੁ ਨਾਹਿ ਟਰਿਓ ਹੈ

ਚੰਡਿ ਕੇ ਬਾਨ ਲਗਿਓ ਮੁਖ ਦੈਤ ਕੇ ਸ੍ਰਉਨ ਸਮੂਹ ਧਰਾਨਿ ਪਰਿਓ ਹੈ

ਮਾਨਹੁ ਰਾਹੁ ਗ੍ਰਸਿਓ ਨਭਿ ਭਾਨੁ ਸੁ ਸ੍ਰਉਨਤ ਕੋ ਅਤਿ ਬਉਨ ਕਰਿਓ ਹੈ ॥੧੯੨॥

ਸਾਗ ਸੰਭਾਰਿ ਕਰੰ ਬਲੁ ਧਾਰ ਕੈ ਚੰਡਿ ਦਈ ਰਿਪੁ ਭਾਲ ਮੈ ਐਸੇ

ਜੋਰ ਕੈ ਫੋਰ ਗਈ ਸਿਰ ਤ੍ਰਾਨ ਕੋ ਪਾਰ ਭਈ ਪਟ ਫਾਰਿ ਅਨੈਸੇ

ਸ੍ਰਉਨ ਕੀ ਧਾਰ ਚਲੀ ਪਥ ਊਰਧ ਸੋ ਉਪਮਾ ਸੁ ਭਈ ਕਹੁ ਕੈਸੇ

ਮਾਨੋ ਮਹੇਸ ਕੇ ਤੀਸਰੇ ਨੈਨ ਕੀ ਜੋਤ ਉਦੋਤ ਭਈ ਖੁਲ ਤੈਸੇ ॥੧੯੩॥

ਦੈਤ ਨਿਕਾਸ ਕੈ ਸਾਗ ਵਹੈ ਬਲਿ ਕੈ ਤਬ ਚੰਡਿ ਪ੍ਰਚੰਡ ਕੇ ਦੀਨੀ

ਜਾਇ ਲਗੀ ਤਿਹ ਕੇ ਮੁਖ ਮੈ ਬਹਿ ਸ੍ਰਉਨ ਪਰਿਓ ਅਤਿ ਹੀ ਛਬਿ ਕੀਨੀ

ਇਉ ਉਪਮਾ ਉਪਜੀ ਮਨ ਮੈ ਕਬਿ ਨੇ ਇਹ ਭਾਤਿ ਸੋਈ ਕਹਿ ਦੀਨੀ

ਮਾਨਹੁ ਸਿੰਗਲ ਦੀਪ ਕੀ ਨਾਰਿ ਗਰੇ ਮੈ ਤੰਬੋਰ ਕੀ ਪੀਕ ਨਵੀਨੀ ॥੧੯੪॥

ਜੁਧੁ ਨਿਸੁੰਭ ਕਰਿਓ ਅਤਿ ਹੀ ਜਸੁ ਇਆ ਛਬਿ ਕੋ ਕਬਿ ਕੋ ਬਰਨੈ

ਨਹਿ ਭੀਖਮ ਦ੍ਰੋਣਿ ਕ੍ਰਿਪਾ ਅਰੁ ਦ੍ਰੋਣਜ ਭੀਮ ਅਰਜਨ ਅਉ ਕਰਨੈ

ਬਹੁ ਦਾਨਵ ਕੇ ਤਨ ਸ੍ਰਉਨ ਕੀ ਧਾਰ ਛੁਟੀ ਸੁ ਲਗੇ ਸਰ ਕੇ ਫਰਨੈ

ਜਨੁ ਰਾਤਿ ਕੈ ਦੂਰਿ ਬਿਭਾਸ ਦਸੋ ਦਿਸ ਫੈਲਿ ਚਲੀ ਰਵਿ ਕੀ ਕਿਰਨੈ ॥੧੯੫॥

ਚੰਡਿ ਲੈ ਚਕ੍ਰ ਧਸੀ ਰਨ ਮੈ ਰਿਸਿ ਕ੍ਰੁਧ ਕੀਓ ਬਹੁ ਦਾਨਵ ਮਾਰੇ

ਫੇਰਿ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪੁ ਸੈਨ ਹਤੀ ਲਲਕਾਰੇ

ਲੈ ਕਰ ਖਗ ਅਦਗ ਮਹਾ ਸਿਰ ਦੈਤਨ ਕੇ ਬਹੁ ਭੂ ਪਰ ਝਾਰੇ

ਰਾਮ ਕੇ ਜੁਧ ਸਮੇ ਹਨੂਮਾਨਿ ਜੁਆਨ ਮਨੋ ਗਰੂਏ ਗਿਰ ਡਾਰੇ ॥੧੯੬॥

ਦਾਨਵ ਏਕ ਬਡੋ ਬਲਵਾਨ ਕ੍ਰਿਪਾਨ ਲੈ ਪਾਨਿ ਹਕਾਰ ਕੈ ਧਾਇਓ

ਕਾਢੁ ਕੈ ਖਗ ਸੁ ਚੰਡਿਕਾ ਮਿਆਨ ਤੇ ਤਾ ਤਨ ਬੀਚ ਭਲੇ ਬਰਿ ਲਾਇਓ

ਟੂਟ ਪਰਿਓ ਸਿਰ ਵਾ ਧਰਿ ਤੇ ਜਸੁ ਇਆ ਛਬਿ ਕੋ ਕਵਿ ਕੇ ਮਨਿ ਆਇਓ

ਊਚ ਧਰਾਧਰ ਊਪਰ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ॥੧੯੭॥

ਬੀਰ ਨਿਸੁੰਭ ਕੋ ਦੈਤ ਬਲੀ ਇਕ ਪ੍ਰੇਰਿ ਤੁਰੰਗ ਗਇਓ ਰਨਿ ਸਾਮੁਹਿ

ਦੇਖਤ ਧੀਰਜ ਨਾਹਿ ਰਹੈ ਅਬਿ ਕੋ ਸਮਰਥ ਹੈ ਬਿਕ੍ਰਮ ਜਾ ਮਹਿ

ਚੰਡਿ ਲੈ ਪਾਨਿ ਕ੍ਰਿਪਾਨ ਹਨੇ ਅਰਿ ਫੇਰਿ ਦਈ ਸਿਰ ਦਾਨਵ ਤਾ ਮਹਿ

ਮੁੰਡਹਿ ਤੁੰਡਹਿ ਰੁੰਡਹਿ ਚੀਰਿ ਪਲਾਨ ਕਿਕਾਨ ਧਸੀ ਬਸੁਧਾ ਮਹਿ ॥੧੯੮॥

ਇਉ ਜਬ ਦੈਤ ਹਤਿਓ ਬਰ ਚੰਡਿ ਸੁ ਅਉਰ ਚਲਿਓ ਰਨ ਮਧਿ ਪਚਾਰੇ

ਕੇਹਰਿ ਕੇ ਸਮੁਹਾਇ ਰਿਸਾਇ ਕੈ ਧਾਇ ਕੈ ਘਾਇ ਦੁ ਤੀਨਕ ਝਾਰੇ

ਚੰਡਿ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦਈ ਬਲੁ ਧਾਰੇ

ਜਾਇ ਪਰਿਓ ਸਿਰ ਦੂਰ ਪਰਾਇ ਜਿਉ ਟੂਟਤ ਅੰਬੁ ਬਯਾਰ ਕੇ ਮਾਰੇ ॥੧੯੯॥

ਜਾਨਿ ਨਿਦਾਨ ਕੋ ਜੁਧੁ ਬਨਿਓ ਰਨਿ ਦੈਤ ਸਬੂਹ ਸਬੈ ਉਠਿ ਧਾਏ

ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾਡ ਕੈ ਖੇਤ ਪਰਾਏ

ਚੰਡਿ ਕੇ ਖਗ ਗਦਾ ਲਗਿ ਦਾਨਵ ਰੰਚਕ ਰੰਚਕ ਹੁਇ ਤਨ ਆਏ

ਮੂੰਗਰ ਲਾਇ ਹਲਾਇ ਮਨੋ ਤਰੁ ਕਾਛੀ ਨੇ ਪੇਡ ਤੇ ਤੂਤ ਗਿਰਾਏ ॥੨੦੦॥

ਪੇਖਿ ਚਮੂੰ ਬਹੁ ਦੈਤਨ ਕੀ ਪੁਨਿ ਚੰਡਿਕਾ ਆਪਨੇ ਸਸਤ੍ਰ ਸੰਭਾਰੇ

ਬੀਰਨ ਕੇ ਤਨ ਚੀਰਿ ਪਚੀਰ ਸੇ ਦੈਤ ਹਕਾਰ ਪਛਾਰਿ ਸੰਘਾਰੇ

ਘਾਉ ਲਗੇ ਤਿਨ ਕੋ ਰਨ ਭੂਮਿ ਮੈ ਟੂਟ ਪਰੇ ਧਰ ਤੇ ਸਿਰ ਨਿਆਰੇ

ਜੁਧ ਸਮੈ ਸੁਤ ਭਾਨ ਮਨੋ ਸਸਿ ਕੇ ਸਭ ਟੂਕ ਜੁਦੇ ਕਰ ਡਾਰੇ ॥੨੦੧॥

ਚੰਡਿ ਪ੍ਰਚੰਡ ਤਬੈ ਬਲ ਧਾਰਿ ਸੰਭਾਰਿ ਲਈ ਕਰਵਾਰ ਕਰੀ ਕਰਿ

ਕੋਪ ਦਈਅ ਨਿਸੁੰਭ ਕੇ ਸੀਸਿ ਬਹੀ ਇਹ ਭਾਤ ਰਹੀ ਤਰਵਾ ਤਰਿ

ਕਉਨ ਸਰਾਹਿ ਕਰੈ ਕਹਿ ਤਾ ਛਿਨ ਸੋ ਬਿਬ ਹੋਇ ਪਰੈ ਧਰਨੀ ਪਰ

ਮਾਨਹੁ ਸਾਰ ਕੀ ਤਾਰ ਲੈ ਹਾਥਿ ਚਲਾਈ ਹੈ ਸਾਬੁਨ ਕੋ ਸਬੁਨੀਗਰ ॥੨੦੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਨਿਸੁੰਭ ਬਧਹਿ ਖਸਟਮੋ ਧਿਆਇ ਸਮਾਪਤਮ ॥੬॥