ਦੋਹਰਾ

ਜਬ ਨਿਸੁੰਭ ਰਨਿ ਮਾਰਿਓ ਦੇਵੀ ਇਹ ਪਰਕਾਰ

ਭਾਜਿ ਦੈਤ ਇਕ ਸੁੰਭ ਪੈ ਗਇਓ ਤੁਰੰਗਮ ਡਾਰਿ ॥੨੦੩॥

ਆਨਿ ਸੁੰਭ ਪੈ ਤਿਨ ਕਹੀ ਸਕਲ ਜੁਧ ਕੀ ਬਾਤ

ਤਬ ਭਾਜੇ ਦਾਨਵ ਸਭੈ ਮਾਰਿ ਲਇਓ ਤੁਅ ਭ੍ਰਾਤ ॥੨੦੪॥

ਸ੍ਵੈਯਾ

ਸੁੰਭ ਨਿਸੁੰਭ ਹਨਿਓ ਸੁਨਿ ਕੈ ਬਰ ਬੀਰਨ ਕੇ ਚਿਤਿ ਛੋਭ ਸਮਾਇਓ

ਸਾਜਿ ਚੜਿਓ ਗਜ ਬਾਜ ਸਮਾਜ ਕੈ ਦਾਨਵ ਪੁੰਜ ਲੀਏ ਰਨ ਆਇਓ

ਭੂਮਿ ਭਇਆਨਕ ਲੋਥ ਪਰੀ ਲਖਿ ਸ੍ਰਉਨ ਸਮੂਹ ਮਹਾ ਬਿਸਮਾਇਓ

ਮਾਨਹੁ ਸਾਰਸੁਤੀ ਉਮਡੀ ਜਲੁ ਸਾਗਰ ਕੇ ਮਿਲਿਬੇ ਕਹੁ ਧਾਇਓ ॥੨੦੫॥

ਚੰਡ ਪ੍ਰਚੰਡਿ ਸੁ ਕੇਹਰਿ ਕਾਲਿਕਾ ਅਉ ਸਕਤੀ ਮਿਲਿ ਜੁਧ ਕਰਿਓ ਹੈ

ਦਾਨਵ ਸੈਨ ਹਤੀ ਇਨਹੂੰ ਸਭ ਇਉ ਕਹਿ ਕੈ ਮਨਿ ਕੋਪ ਭਰਿਓ ਹੈ

ਬੰਧੁ ਕਬੰਧ ਪਰਿਓ ਅਵਲੋਕ ਕੈ ਸੋਕ ਕੈ ਪਾਇ ਆਗੈ ਧਰਿਓ ਹੈ

ਧਾਇ ਸਕਿਓ ਭਇਓ ਭਇ ਭੀਤਹ ਚੀਤਹ ਮਾਨਹੁ ਲੰਗੁ ਪਰਿਓ ਹੈ ॥੨੦੬॥

ਫੇਰਿ ਕਹਿਓ ਦਲ ਕੋ ਜਬ ਸੁੰਭ ਸੁ ਮਾਨਿ ਚਲੇ ਤਬ ਦੈਤ ਘਨੇ

ਗਜਰਾਜ ਸੁ ਬਾਜਨ ਕੇ ਅਸਵਾਰ ਰਥੀ ਰਥੁ ਪਾਇਕ ਕਉਨ ਗਨੈ

ਤਹਾ ਘੇਰ ਲਈ ਚਹੂੰ ਓਰ ਤੇ ਚੰਡਿ ਮਹਾ ਤਨ ਕੇ ਤਨ ਦੀਹ ਬਨੈ

ਮਨੋ ਭਾਨੁ ਕੋ ਛਾਇ ਲਇਓ ਉਮਡੈ ਘਨ ਘੋਰ ਘਮੰਡ ਘਟਾਨਿ ਸਨੈ ॥੨੦੭॥

ਦੋਹਰਾ

ਚਹੂੰ ਓਰਿ ਘੇਰੋ ਪਰਿਓ ਤਬੈ ਚੰਡ ਇਹ ਕੀਨ

ਕਾਲੀ ਸੋ ਹਸਿ ਤਿਨ ਕਹੀ ਨੈਨ ਸੈਨ ਕਰਿ ਦੀਨ ॥੨੦੮॥

ਕਬਿਤੁ

ਕੇਤੇ ਮਾਰਿ ਡਾਰੇ ਅਉ ਕੇਤਕ ਚਬਾਇ ਡਾਰੇ ਕੇਤਕ ਬਗਾਇ ਡਾਰੇ ਕਾਲੀ ਕੋਪ ਤਬ ਹੀ

ਬਾਜ ਗਜ ਭਾਰੇ ਤੇ ਤੋ ਨਖਨ ਸੋ ਫਾਰਿ ਡਾਰੇ ਐਸੇ ਰਨ ਭੈਕਰ ਭਇਓ ਆਗੈ ਕਬ ਹੀ

ਭਾਗੇ ਬਹੁ ਬੀਰ ਕਾਹੂੰ ਸੁਧ ਰਹੀ ਸਰੀਰ ਹਾਲ ਚਾਲ ਪਰੀ ਮਰੇ ਆਪਸ ਮੈ ਦਬ ਹੀ

ਪੇਖਿ ਸੁਰ ਰਾਇ ਮਨਿ ਹਰਖ ਬਢਾਇ ਸੁਰ ਪੁੰਜਨ ਬੁਲਾਇ ਕਰੈ ਜੈਜੈਕਾਰ ਸਬ ਹੀ ॥੨੦੯॥

ਕ੍ਰੋਧਮਾਨ ਭਇਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਧੁ ਕੀਨੋ ਕਾਲੀ ਡਾਰਿਯੋ ਬੀਰ ਮਾਰ ਕੈ

ਬਲ ਕੋ ਸੰਭਾਰਿ ਕਰਿ ਲੀਨੀ ਕਰਵਾਰ ਢਾਰ ਪੈਠੋ ਰਨ ਮਧਿ ਮਾਰੁ ਮਾਰੁ ਇਉ ਉਚਾਰ ਕੈ

ਸਾਥ ਭਏ ਸੁੰਭ ਕੇ ਸੁ ਮਹਾ ਬੀਰ ਧੀਰ ਜੋਧੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ

ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਭ ਉਡਾਨੋ ਪੁੰਜ ਪੰਖਨ ਸੁ ਧਾਰ ਕੈ ॥੨੧੦॥