ਸ੍ਵੈਯਾ

ਦਾਨਵ ਸੈਨ ਲਖੈ ਬਲਵਾਨ ਸੁ ਬਾਹਨਿ ਚੰਡਿ ਪ੍ਰਚੰਡ ਭ੍ਰਮਾਨੋ

ਚਕ੍ਰ ਅਲਾਤ ਕੀ ਬਾਤ ਬਘੂਰਨ ਛਤ੍ਰ ਨਹੀ ਸਮ ਅਉ ਖਰਸਾਨੋ

ਤਾਰਿਨ ਮਾਹਿ ਸੁ ਐਸੋ ਫਿਰਿਓ ਜਨ ਭਉਰ ਨਹੀ ਸਰਤਾਹਿ ਬਖਾਨੋ

ਅਉਰ ਨਹੀ ਉਪਮਾ ਉਪਜੈ ਸੁ ਦੁਹੂੰ ਰੁਖ ਕੇਹਰਿ ਕੇ ਮੁਖ ਮਾਨੋ ॥੨੧੧॥

ਜੁਧੁ ਮਹਾ ਅਸੁਰੰਗਨਿ ਸਾਥਿ ਭਇਓ ਤਬ ਚੰਡਿ ਪ੍ਰਚੰਡਹਿ ਭਾਰੀ

ਸੈਨ ਅਪਾਰ ਹਕਾਰਿ ਸੁਧਾਰਿ ਬਿਦਾਰਿ ਸੰਘਾਰਿ ਦਈ ਰਨਿ ਕਾਰੀ

ਖੇਤ ਭਇਓ ਤਹਾ ਚਾਰ ਸਉ ਕੋਸ ਲਉ ਸੋ ਉਪਮਾ ਕਵਿ ਦੇਖਿ ਬਿਚਾਰੀ

ਪੂਰਨ ਏਕ ਘਰੀ ਪਰੀ ਜਿ ਗਿਰੇ ਧਰਿ ਪੈ ਥਰ ਜਿਉ ਪਤਝਾਰੀ ॥੨੧੨॥

ਮਾਰਿ ਚਮੂੰ ਚਤੁਰੰਗ ਲਈ ਤਬ ਲੀਨੋ ਹੈ ਸੁੰਭ ਚਮੁੰਡ ਕੋ ਆਗਾ

ਚਾਲ ਪਰਿਓ ਅਵਨੀ ਸਿਗਰੀ ਹਰ ਜੂ ਹਰਿ ਆਸਨ ਤੇ ਉਠਿ ਭਾਗਾ

ਸੂਖ ਗਇਓ ਤ੍ਰਸ ਕੈ ਹਰਿ ਹਾਰਿ ਸੁ ਸੰਕਤਿ ਅੰਕ ਮਹਾ ਭਇਓ ਜਾਗਾ

ਲਾਗ ਰਹਿਓ ਲਪਟਾਇ ਗਰੇ ਮਧਿ ਮਾਨਹੁ ਮੁੰਡ ਕੀ ਮਾਲ ਕੋ ਤਾਗਾ ॥੨੧੩॥

ਚੰਡਿ ਕੇ ਸਾਮੁਹਿ ਆਇ ਕੈ ਸੁੰਭ ਕਹਿਓ ਮੁਖਿ ਸੋ ਇਹ ਮੈ ਸਭ ਜਾਨੀ

ਕਾਲੀ ਸਮੇਤ ਸਭੈ ਸਕਤੀ ਮਿਲਿ ਦੀਨੋ ਖਪਾਇ ਸਭੈ ਦਲੁ ਬਾਨੀ

ਚੰਡਿ ਕਹਿਓ ਮੁਖ ਤੇ ਉਨ ਕੋ ਤੇਊ ਤਾ ਛਿਨ ਗਉਰ ਕੇ ਮਧਿ ਸਮਾਨੀ

ਜਿਉ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੇ ਬਰਖਾ ਬਹੁ ਬੂੰਦਨ ਪਾਨੀ ॥੨੧੪॥

ਕੈ ਬਲਿ ਚੰਡਿ ਮਹਾ ਰਨ ਮਧਿ ਸੁ ਲੈ ਜਮਦਾੜ ਕੀ ਤਾ ਪਰਿ ਲਾਈ

ਬੈਠ ਗਈ ਅਰਿ ਕੇ ਉਰ ਮੈ ਤਿਹ ਸ੍ਰਉਨਤ ਜੁਗਨਿ ਪੂਰਿ ਅਘਾਈ

ਦੀਰਘ ਜੁਧ ਬਿਲੋਕ ਕੈ ਬੁਧਿ ਕਵੀਸ੍ਵਰ ਕੇ ਮਨ ਮੈ ਇਹ ਆਈ

ਲੋਥ ਪੈ ਲੋਥ ਗਈ ਪਰ ਇਉ ਸੁ ਮਨੋ ਸੁਰ ਲੋਗ ਕੀ ਸੀਢੀ ਬਨਾਈ ॥੨੧੫॥

ਸੁੰਭ ਚਮੂੰ ਸੰਗ ਚੰਡਿਕਾ ਕ੍ਰੁਧ ਕੈ ਜੁਧ ਅਨੇਕਨਿ ਵਾਰਿ ਮਚਿਓ ਹੈ

ਜੰਬੁਕ ਜੁਗਨਿ ਗ੍ਰਿਝ ਮਜੂਰ ਰਕਤ੍ਰ ਕੀ ਕੀਚ ਮੈ ਈਸ ਨਚਿਓ ਹੈ

ਲੁਥ ਪੈ ਲੁਥ ਸੁ ਭੀਤੈ ਭਈ ਸਿਤ ਗੂਦ ਅਉ ਮੇਦ ਲੈ ਤਾਹਿ ਗਚਿਓ ਹੈ

ਭਉਨ ਰੰਗੀਨ ਬਨਾਇ ਮਨੋ ਕਰਿਮਾਵਿਸੁ ਚਿਤ੍ਰ ਬਚਿਤ੍ਰ ਰਚਿਓ ਹੈ ॥੨੧੬॥

ਸ੍ਵੈਯਾ

ਦੁੰਦ ਸੁ ਜੁਧ ਭਇਓ ਰਨ ਮੈ ਉਤ ਸੁੰਭ ਇਤੈ ਬਰ ਚੰਡਿ ਸੰਭਾਰੀ

ਘਾਇ ਅਨੇਕ ਭਏ ਦੁਹੂੰ ਕੈ ਤਨਿ ਪਉਰਖ ਗਯੋ ਸਭ ਦੈਤ ਕੋ ਹਾਰੀ

ਹੀਨ ਭਈ ਬਲ ਤੇ ਭੁਜ ਕਾਪਤ ਸੋ ਉਪਮਾ ਕਵਿ ਐਸਿ ਬਿਚਾਰੀ

ਮਾਨਹੁ ਗਾਰੜੂ ਕੇ ਬਲ ਤੇ ਲਈ ਪੰਚ ਮੁਖੀ ਜੁਗ ਸਾਪਨਿ ਕਾਰੀ ॥੨੧੭॥

ਕੋਪ ਭਈ ਬਰ ਚੰਡਿ ਮਹਾ ਬਹੁ ਜੁਧੁ ਕਰਿਓ ਰਨ ਮੈ ਬਲ ਧਾਰੀ

ਲੈ ਕੈ ਕ੍ਰਿਪਾਨ ਮਹਾ ਬਲਵਾਨ ਪਚਾਰ ਕੈ ਸੁੰਭ ਕੇ ਊਪਰ ਝਾਰੀ

ਸਾਰ ਸੋ ਸਾਰ ਕੀ ਸਾਰ ਬਜੀ ਝਨਕਾਰ ਉਠੀ ਤਿਹ ਤੇ ਚਿਨਗਾਰੀ

ਮਾਨਹੁ ਭਾਦਵ ਮਾਸ ਕੀ ਰੈਨਿ ਲਸੈ ਪਟਬੀਜਨ ਕੀ ਚਮਕਾਰੀ ॥੨੧੮॥

ਘਾਇਨ ਤੇ ਬਹੁ ਸ੍ਰਉਨ ਪਰਿਓ ਬਲ ਛੀਨ ਭਇਓ ਨ੍ਰਿਪ ਸੁੰਭ ਕੋ ਕੈਸੇ

ਜੋਤਿ ਘਟੀ ਮੁਖ ਕੀ ਤਨ ਕੀ ਮਨੋ ਪੂਰਨ ਤੇ ਪਰਿਵਾ ਸਸਿ ਜੈਸੇ

ਚੰਡਿ ਲਇਓ ਕਰਿ ਸੁੰਭ ਉਠਾਇ ਕਹਿਓ ਕਵਿ ਨੇ ਮੁਖਿ ਤੇ ਜਸੁ ਐਸੇ

ਰਛਕ ਗੋਧਨ ਕੇ ਹਿਤ ਕਾਨ੍ਰਹ ਉਠਾਇ ਲਇਓ ਗਿਰਿ ਗੋਧਨੁ ਜੈਸੇ ॥੨੧੯॥

ਦੋਹਰਾ

ਕਰ ਤੇ ਗਿਰਿ ਧਰਨੀ ਪਰਿਓ ਧਰਿ ਤੇ ਗਇਓ ਅਕਾਸਿ

ਸੁੰਭ ਸੰਘਾਰਨ ਕੇ ਨਮਿਤ ਗਈ ਚੰਡਿ ਤਿਹ ਪਾਸ ॥੨੨੦॥