ਸੂਹੀ ਲਲਿਤ ਕਬੀਰ ਜੀਉ

Soohee, Lalit, Kabeer Jee:

ਸੂਹੀ ਲਲਿਤ ਕਬੀਰ ਜੀ।

ਏਕੁ ਕੋਟੁ ਪੰਚ ਸਿਕਦਾਰਾ ਪੰਚੇ ਮਾਗਹਿ ਹਾਲਾ

In the one fortress of the body, there are five rulers, and all five demand payment of taxes.

(ਮਨੁੱਖ ਦਾ ਇਹ ਸਰੀਰ, ਮਾਨੋ,) ਇਕ ਕਿਲ੍ਹਾ ਹੈ, (ਇਸ ਵਿਚ) ਪੰਜ (ਕਾਮਾਦਿਕ) ਚੌਧਰੀ (ਵੱਸਦੇ ਹਨ), ਪੰਜੇ ਹੀ (ਇਸ ਮਨੁੱਖ ਪਾਸੋਂ) ਮਾਮਲਾ ਮੰਗਦੇ ਹਨ (ਭਾਵ, ਇਹ ਪੰਜੇ ਵਿਕਾਰ ਇਸ ਨੂੰ ਖ਼ੁਆਰ ਕਰਦੇ ਫਿਰਦੇ ਹਨ)। ਕੋਟੁ = ਕਿਲ੍ਹਾ। ਸਿਕਦਾਰ = ਚੌਧਰੀ। ਪੰਚ = ਕਾਮਾਦਿਕ ਪੰਜ ਵਿਕਾਰ। ਹਾਲਾ = ਹਲ ਦੀ ਕਮਾਈ ਉੱਤੇ ਸਰਕਾਰੀ ਵਸੂਲੀ, ਮਾਮਲਾ।

ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥੧॥

I have not farmed anyone's land, so such payment is difficult for me to pay. ||1||

(ਪਰ ਆਪਣੇ ਸਤਿਗੁਰੂ ਦੀ ਕਿਰਪਾ ਨਾਲ) ਮੈਂ (ਇਹਨਾਂ ਪੰਜਾਂ ਵਿਚੋਂ) ਕਿਸੇ ਦਾ ਭੀ ਮੁਜ਼ਾਰਿਆ ਨਹੀਂ ਬਣਿਆ (ਭਾਵ, ਮੈਂ ਕਿਸੇ ਦੇ ਭੀ ਦਬਾ ਵਿਚ ਨਹੀਂ ਆਇਆ), ਇਸ ਵਾਸਤੇ ਕਿਸੇ ਦਾ ਮਾਮਲਾ ਭਰਨਾ ਮੇਰੇ ਲਈ ਔਖਾ ਹੈ (ਭਾਵ, ਇਹਨਾਂ ਵਿਚੋਂ ਕੋਈ ਵਿਕਾਰ ਮੈਨੂੰ ਕੁਰਾਹੇ ਨਹੀਂ ਪਾ ਸਕਿਆ) ॥੧॥ ਦੁਖਾਲਾ = ਦੁਖਦਾਈ, ਔਖਾ ॥੧॥

ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ

O people of the Lord, the tax-collector is constantly torturing me!

ਹੇ ਸੰਤ ਜਨੋ! ਮੈਨੂੰ ਮਾਮਲੇ ਦਾ ਹਿਸਾਬ ਬਣਾਉਣ ਵਾਲੇ ਦਾ ਹਰ ਵੇਲੇ ਸਹਿਮ ਰਹਿੰਦਾ ਹੈ (ਭਾਵ, ਮੈਨੂੰ ਹਰ ਵੇਲੇ ਡਰ ਰਹਿੰਦਾ ਹੈ ਕਿ ਕਾਮਾਦਿਕ ਵਿਕਾਰਾਂ ਦਾ ਕਿਤੇ ਜ਼ੋਰ ਪੈ ਕੇ ਮੇਰੇ ਅੰਦਰ ਭੀ ਕੁਕਰਮਾਂ ਦਾ ਲੇਖਾ ਨਾਹ ਬਣਨ ਲੱਗ ਪਏ)। ਹਰਿ ਕੇ ਲੋਗਾ = ਹੇ ਸੰਤ ਜਨੋ! ਮੋ ਕਉ = ਮੈਨੂੰ। ਨੀਤਿ = ਸਦਾ। ਡਸੈ = ਡੰਗ ਮਾਰਦਾ ਹੈ, ਡਰਾਉਂਦਾ ਹੈ। ਪਟਵਾਰੀ = ਮਾਮਲੇ ਦਾ ਹਿਸਾਬ ਬਣਾਉਣ ਵਾਲਾ, ਕੀਤੇ ਕਰਮਾਂ ਦਾ ਲੇਖਾ ਰੱਖਣ ਵਾਲਾ, ਧਰਮ-ਰਾਜ।

ਊਪਰਿ ਭੁਜਾ ਕਰਿ ਮੈ ਗੁਰ ਪਹਿ ਪੁਕਾਰਿਆ ਤਿਨਿ ਹਉ ਲੀਆ ਉਬਾਰੀ ॥੧॥ ਰਹਾਉ

Raising my arms up, I complained to my Guru, and He has saved me. ||1||Pause||

ਸੋ ਮੈਂ ਆਪਣੀ ਬਾਂਹ ਉੱਚੀ ਕਰ ਕੇ (ਆਪਣੇ) ਗੁਰੂ ਅੱਗੇ ਪੁਕਾਰ ਕੀਤੀ ਤੇ ਉਸ ਨੇ ਮੈਨੂੰ (ਇਹਨਾਂ ਤੋਂ) ਬਚਾ ਲਿਆ ॥੧॥ ਰਹਾਉ ॥ ਭੁਜਾ = ਬਾਂਹ। ਪਹਿ = ਪਾਸ, ਕੋਲ। ਤਿਨਿ = ਉਸ (ਗੁਰੂ) ਨੇ। ਹਉ = ਮੈਨੂੰ ॥੧॥ ਰਹਾਉ ॥

ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਦੇਹੀ

The nine tax-assessors and the ten magistrates go out; they do not allow their subjects to live in peace.

(ਮਨੁੱਖਾ-ਸਰੀਰ ਦੇ) ਨੌ (ਸੋਤਰ-) ਜਰੀਬ ਕਸ਼ ਤੇ ਦਸ (ਇੰਦ੍ਰੇ) ਨਿਆਂ ਕਰਨ ਵਾਲੇ (ਮਨੁੱਖ ਦੇ ਜੀਵਨ ਉੱਤੇ ਇਤਨੇ) ਹੱਲਾ ਕਰ ਕੇ ਪੈਂਦੇ ਹਨ ਕਿ (ਮਨੁੱਖ ਦੇ ਅੰਦਰ ਭਲੇ ਗੁਣਾਂ ਦੀ) ਪਰਜਾ ਨੂੰ ਵੱਸਣ ਨਹੀਂ ਦੇਂਦੇ। ਨਉ = ਕੰਨ ਨੱਕ ਆਦਿਕ ਨੌ ਸੋਤਰ। ਡਾਡੀ = ਜਰੀਬ-ਕਸ਼ (ਜ਼ਮੀਨ ਨੂੰ ਮਾਪਣ ਵਾਲੇ)। ਦਸ = ਪੰਜ ਗਿਆਨ-ਇੰਦ੍ਰੇ ਤੇ ਪੰਜ ਕਰਮ-ਇੰਦ੍ਰੇ। ਮੁੰਸਫ = ਨਿਆਂ ਕਰਨ ਵਾਲੇ। ਧਾਵਹਿ = ਦੌੜ ਕੇ ਆਉਂਦੇ ਹਨ। ਰਈਅਤਿ = ਪਰਜਾ, ਭਲੇ ਗੁਣ।

ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥੨॥

They do not measure with a full tape, and they take huge amounts in bribes. ||2||

(ਇਹ ਜਰੀਬ-ਕਸ਼) ਜਰੀਬ ਪੂਰੀ ਨਹੀਂ ਮਾਪਦੇ, ਵਧੀਕ ਵੱਢੀ ਲੈਂਦੇ ਹਨ (ਭਾਵ ਮਨੁੱਖ ਨੂੰ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ, ਜਾਇਜ਼ ਹੱਦ ਤੋਂ ਵਧੀਕ ਕਾਮ ਆਦਿਕ ਵਿਚ ਫਸਾ ਦੇਂਦੇ ਹਨ) ॥੨॥ ਡੋਰੀ = ਜਰੀਬ। ਬਹੁ = ਬਹੁਤੀ। ਬਿਸਟਾਲਾ = {विष्टा} ਗੰਦ ਦੀ ਕਮਾਈ, ਵੱਢੀ। ਬਹੁ...ਲੇਹੀ = ਆਪਣੇ ਵਿਤੋਂ ਵਧੀਕ ਵਿਸ਼ਿਆਂ ਵਿਚ ਫਸਾਉਂਦੇ ਹਨ (ਇਹਨਾਂ ਗਿਆਨ-ਇੰਦ੍ਰਿਆਂ ਨੂੰ ਕਿਸੇ ਖ਼ਾਸ ਹੱਦ ਵਿਚ ਰਹਿਣ ਲਈ ਹਿਦਾਇਤ ਹੈ। ਪਰ ਇਸ ਹੱਦ ਅੰਦਰ ਰਹਿਣ ਦੇ ਥਾਂ, ਇਨਸਾਫ਼ ਦੀ ਗੱਲ ਦੇ ਥਾਂ ਉਲਟੀ ਬੇਇਨਸਾਫ਼ੀ ਕਰਦੇ ਹਨ) ॥੨॥

ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ

The One Lord is contained in the seventy-two chambers of the body, and He has written off my account.

(ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ। ਬਹਤਰਿ ਘਰ = ਬਹੱਤਰ ਕੋਠੜੀਆਂ ਵਾਲਾ ਸਰੀਰ। ਉਨਿ = ਉਸ (ਗੁਰੂ) ਨੇ। ਨਾਮੁ = ਪ੍ਰਭੂ ਦਾ ਨਾਮ। ਲਿਖਾਈ = (ਰਾਹਦਾਰੀ) ਲਿਖ ਕੇ ਦੇ ਦਿੱਤੀ ਹੈ।

ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਕਾਈ ॥੩॥

The records of the Righteous Judge of Dharma have been searched, and I owe absolutely nothing. ||3||

(ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ (ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ) ॥੩॥ ਸੋਧਿਆ = ਪੜਤਾਲ ਕੀਤੀ ਹੈ। ਬਾਕੀ = (ਮੇਰੇ ਜ਼ਿੰਮੇ) ਦੇਣ ਵਾਲੀ ਰਕਮ। ਰਿਜਮ = ਰਤਾ ਭੀ ॥੩॥

ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋੁ

Let no one slander the Saints, because the Saints and the Lord are as one.

(ਸੋ, ਹੇ ਭਾਈ! ਇਹ ਬਰਕਤਿ ਸੰਤ ਜਨਾਂ ਦੀ ਸੰਗਤ ਦੀ ਹੈ) ਤੁਸੀ ਕੋਈ ਧਿਰ ਸੰਤਾਂ ਦੀ ਕਦੇ ਨਿੰਦਿਆ ਨਾਹ ਕਰਿਓ, ਸੰਤ ਤੇ ਪਰਮਾਤਮਾ ਇੱਕ-ਰੂਪ ਹਨ। ਏਕ = (ਨੋਟ: ਅੱਖਰ 'ਕ' ਦੇ ਨਾਲ (ੋ) ਅਤੇ (ੁ) ਦੋਵੇਂ ਲਗਾਂ ਹਨ। ਅਸਲੀ ਲਫ਼ਜ਼ 'ਏਕੁ' ਹੈ, ਇੱਥੇ ਪੜ੍ਹਨਾ ਹੈ 'ਏਕੋ')।

ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋੁ ॥੪॥੫॥

Says Kabeer, I have found that Guru, whose Name is Clear Understanding. ||4||5||

ਕਬੀਰ ਆਖਦਾ ਹੈ- ਮੈਨੂੰ ਭੀ ਉਹੀ ਗੁਰੂ-ਸੰਤ ਹੀ ਮਿਲਿਆ ਹੈ ਜੋ ਪੂਰਨ ਗਿਆਨਵਾਨ ਹੈ ॥੪॥੫॥ ਬਿਬੇਕ = ਬਿਬੇਕ-ਰੂਪ, ਪੂਰਨ ਬਿਬੇਕ ਵਾਲਾ, ਪੂਰਨ ਗਿਆਨਵਾਨ ॥੪॥੫॥