ਸਵੈਯਾ ॥
ਸਵੈਯਾ:
ਏਕ ਦਿਨਾ ਮ੍ਰਿਗ ਮਾਰਿ ਕੈ ਢੌਲਨ ਯੌ ਅਪਨੇ ਮਨ ਬੀਚ ਬੀਚਾਰਿਯੋ ॥
ਇਕ ਦਿਨ ਹਿਰਨ (ਨੂੰ ਸ਼ਿਕਾਰ ਵਿਚ) ਮਾਰ ਕੇ ਢੋਲੇ ਨੇ ਆਪਣੇ ਮਨ ਵਿਚ ਇਸ ਤਰ੍ਹਾਂ ਵਿਚਾਰ ਕੀਤਾ
ਬੈਸ ਬਿਤੀ ਬਸਿ ਬਾਮਨ ਕੇ ਅਬਿਬੇਕ ਬਿਬੇਕ ਕਛੂ ਨ ਬਿਚਾਰਿਯੋ ॥
ਕਿ (ਮੇਰੀ) ਉਮਰ ਇਸਤਰੀਆਂ ਦੇ ਵਸ ਵਿਚ ਹੀ ਬੀਤੀ ਜਾ ਰਹੀ ਹੈ, (ਕਦੇ) ਵਿਵੇਕ ਅਵਿਵੇਕ ਦਾ ਕੁਝ ਵਿਚਾਰ ਹੀ ਨਹੀਂ ਕੀਤਾ।
ਬ︀ਯਾਹ ਕਿਯੋ ਲਰਿਕਾਪਨ ਮੈ ਹਮ ਜੋ ਤਿਹ ਕੋ ਕਬਹੂ ਨ ਸੰਭਾਰਿਯੋ ॥
ਜੋ ਮੈਂ ਬਚਪਨ ਵਿਚ ਵਿਆਹ ਕੀਤਾ ਸੀ, ਉਸ ਦੀ ਕਦੀ ਖ਼ਬਰ ਸਾਰ ਨਹੀਂ ਲਈ।
ਆਵਤ ਭਯੋ ਨਿਜੁ ਧਾਮ ਨਹੀ ਤਿਹ ਮਾਰਗ ਹੀ ਸਸੁਰਾਰਿ ਸਿਧਾਰਿਯੋ ॥੧੫॥
ਉਹ ਘਰ ਨੂੰ ਆ ਰਿਹਾ ਸੀ (ਪਰ ਇਹ ਸੋਚ ਕੇ) ਨਹੀਂ ਆਇਆ ਅਤੇ ਰਸਤੇ ਵਿਚੋਂ ਹੀ ਸੌਹਰੇ ਘਰ ਨੂੰ ਚਲਾ ਗਿਆ ॥੧੫॥
ਕੰਬਰ ਬਾਧਿ ਅਡੰਬਰ ਕੈ ਕਰਿ ਬੋਲਿ ਸੁ ਬੀਰ ਬਰਾਤ ਬਨਾਈ ॥
ਕਮਰ ਕਸੇ ਕਰ ਕੇ ਅਤੇ ਸਾਜ ਸਜਾਵਟ ਕਰ ਕੇ ਸੂਰਮਿਆਂ ਨੂੰ ਬੁਲਾ ਕੇ ਬਰਾਤ ਤਿਆਰ ਕੀਤੀ।
ਭੂਖਨ ਚਾਰੁ ਦਿਪੈ ਸਭ ਅੰਗਨ ਆਨੰਦ ਆਜੁ ਹਿਯੇ ਨ ਸਮਾਈ ॥
ਸੁੰਦਰ ਗਹਿਣੇ ਸਾਰਿਆਂ ਅੰਗਾਂ ਉਤੇ ਚਮਕ ਰਹੇ ਸਨ ਅਤੇ ਅਜ ਆਨੰਦ ਹਿਰਦੇ ਵਿਚ ਨਹੀਂ ਸਮਾਉਂਦਾ ਸੀ।
ਰੂਪ ਅਨੂਪ ਬਿਰਾਜਤ ਸੁੰਦਰ ਨੈਨਨ ਕੀ ਕਹਿ ਕ੍ਰਾਤਿ ਨ ਜਾਈ ॥
(ਉਸ ਦਾ) ਰੂਪ ਬਹੁਤ ਹੀ ਸੁੰਦਰਤਾ ਨਾਲ ਫਬ ਰਿਹਾ ਸੀ ਅਤੇ ਨੈਣਾਂ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।
ਚਾਰੁ ਛਕੇ ਛਬਿ ਹੇਰਿ ਚਰਾਚਰ ਦੇਵ ਅਦੇਵ ਰਹੈ ਉਰਝਾਈ ॥੧੬॥
ਸਾਰੇ ਜੜ ਚੇਤਨ, ਦੇਵਤੇ-ਦੈਂਤ (ਉਸ ਦੀ) ਸੁੰਦਰਤਾ ਨੂੰ ਚੰਗੀ ਤਰ੍ਹਾਂ ਵੇਖ ਕੇ ਉਲਝ ਗਏ ਹਨ (ਅਰਥਾਤ ਮਸਤ ਹੋ ਗਏ ਹਨ) ॥੧੬॥