ਕਬੀਰ ਸੂਤਾ ਕਿਆ ਕਰਹਿ ਜਾਗੁ ਰੋਇ ਭੈ ਦੁਖ

Kabeer, what are you doing sleeping? Wake up and cry in fear and pain.

ਹੇ ਕਬੀਰ! (ਮਾਇਆ ਦੇ ਮੋਹ ਵਿਚ) ਸੁੱਤਾ ਹੋਇਆ (ਮਸਤ ਹੋਇਆ) ਕੀਹ ਕਰ ਰਿਹਾ ਹੈਂ (ਕਿਉਂ ਅਜਾਈਂ ਉਮਰ ਗਵਾ ਰਿਹਾ ਹੈਂ?) ਪ੍ਰਭੂ ਦੀ ਯਾਦ ਵਿਚ ਹੁਸ਼ਿਆਰ ਹੋ ਅਤੇ (ਇਸ ਯਾਦ ਦੀ ਬਰਕਤਿ ਨਾਲ ਉਹਨਾਂ ਸੰਸਾਰਕ) ਸਹਿਮਾਂ ਤੇ ਕਲੇਸ਼ਾਂ ਤੋਂ ਖ਼ਲਾਸੀ ਹਾਸਲ ਕਰ (ਜੋ ਪ੍ਰਭੂ-ਚਰਨਾਂ ਤੋਂ ਵਿਛੁੜਿਆਂ ਆ ਘੇਰਦੇ ਹਨ। ਤੂੰ ਸਮਝਦਾ ਹੈਂ ਕਿ ਮੋਹ ਦੀ ਨੀਂਦ ਮਿੱਠੀ ਨੀਂਦ ਹੈ, ਪਰ ਇਹ ਮੋਹ ਤੋਂ ਪੈਦਾ ਹੋਏ ਦੁੱਖਾਂ ਕਲੇਸ਼ਾਂ ਤੇ ਸਹਿਮਾਂ ਹੇਠ ਦੱਬੇ ਰਹਿਣਾ ਕਬਰ ਵਿਚ ਪੈਣ ਸਮਾਨ ਹੈ। ਇਹ ਦੁੱਖਾਂ ਕਲੇਸ਼ਾਂ ਸਹਿਮਾਂ ਭਰਿਆ ਜੀਵਨ ਸੁਖੀ ਜੀਵਨ ਨਹੀਂ ਹੈ)। ਸੂਤਾ = (ਮਾਇਆ ਦੀ ਮਮਤਾ ਦੀ ਨੀਂਦਰ ਵਿਚ) ਸੁੱਤਾ ਹੋਇਆ। ਭੈ = (ਦੁਨੀਆ ਦੇ) ਡਰ-ਸਹਿਮ। ਰੋਇ ਭੈ ਦੁਖ = (ਨੋਟ: ਵੇਖੋ ਸਲੋਕ ਨੰ: ੭੨) ਦੁਨੀਆ ਦੇ ਡਰਾਂ-ਸਹਿਮਾਂ ਤੇ ਦੁੱਖਾਂ ਨੂੰ ਦੂਰ ਕਰ। (ਨੋਟ: ਕਿਸੇ ਨੂੰ ਰੋ ਬੈਠਣ ਤੋਂ ਭਾਵ ਹੈ ਕਿਸੇ ਨਾਲੋਂ ਸੰਬੰਧ ਤੋੜ ਲੈਣਾ)।

ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥੧੨੭॥

Those who live in the grave - how can they sleep in peace? ||127||

ਜਿਸ ਮਨੁੱਖ ਦਾ ਵਾਸ ਸਦਾ (ਅਜੇਹੀ) ਕਬਰ ਵਿਚ ਰਹੇ, ਉਹ ਕਦੇ ਸੁਖੀ ਜੀਵਨ ਜਿਊਂਦਾ ਨਹੀਂ ਕਿਹਾ ਜਾ ਸਕਦਾ ॥੧੨੭॥ ਬਾਸਾ = ਵਾਸ, ਨਿਵਾਸ। ਗੋਰ = ਕਬਰ, ਹਨੇਰੀ ਡੂੰਘੀ ਥਾਂ, ਦੁਨੀਆ ਦੇ ਦੁੱਖਾਂ ਤੇ ਸਹਿਮਾਂ ਦੀ ਭਰੀ ਹੋਈ ਜ਼ਿੰਦਗੀ। ਕਿਉਂ = ਕਿਵੇਂ? ਕਿਉ ਸੋਵੈ ਸੁਖ = ਸੁਖ ਨਾਲ ਸੌਂ ਨਹੀਂ ਸਕਦਾ, ਸੁਖੀ ਹੋ ਨਹੀਂ ਸਕਦਾ ॥੧੨੭॥