ਚੌਪਈ

ਚੌਪਈ:

ਚਟਪਟ ਸੁਭਟ ਬਿਕਟ ਕਟਿ ਗਏ

ਝਟਪਟ ਵਿਕਟ ਸੂਰਮੇ ਕਟੇ ਗਏ

ਕੇਤੇ ਕਰੀ ਕਰਨ ਬਿਨੁ ਭਏ

ਅਤੇ ਕਿਤਨੇ ਹਾਥੀ ਕੰਨਾਂ ਤੋਂ ਵਾਂਝੇ ਗਏ।

ਟੂਟੈ ਰਥ ਕੂਟੰ ਭਟ ਡਾਰੇ

ਰਥ ਟੁਟ ਗਏ ਅਤੇ ਸੂਰਮੇ ਕੁਟ ਸੁਟੇ।

ਨਾਚੇ ਭੂਤ ਪ੍ਰੇਤ ਮਤਵਾਰੇ ॥੩੧॥

ਭੂਤ ਅਤੇ ਪ੍ਰੇਤ ਮਸਤ ਹੋ ਕੇ ਨਚਣ ਲਗੇ ॥੩੧॥

ਮੁਨਿ ਨਾਰਦ ਕਹੂੰ ਬੇਨੁ ਬਜਾਵੈ

ਕਿਤੇ ਨਾਰਦ ਮੁਨੀ ਬੀਨ ਵਜਾ ਰਿਹਾ ਸੀ

ਕਹੂੰ ਰੁਦ੍ਰ ਡਮਰੂ ਡਮਕਾਵੈ

ਅਤੇ ਕਿਤੇ ਰੁਦ੍ਰ ਡਮਰੂ ਡਮਕਾ ਰਿਹਾ ਸੀ।

ਰੁਧਿਰ ਖਪਰ ਜੁਗਿਨ ਭਰਿ ਭਾਰੀ

(ਕਿਤੇ) ਜੋਗਣਾਂ ਨੇ ਲਹੂ ਨਾਲ ਵੱਡੇ ਖੱਪਰ ਭਰੇ ਹੋਏ ਸਨ

ਮਾਰਹਿ ਭੂਤ ਪ੍ਰੇਤ ਕਿਲਕਾਰੀ ॥੩੨॥

ਅਤੇ (ਕਿਤੇ) ਭੂਤ ਅਤੇ ਪ੍ਰੇਤ ਕਿਲਕਾਰੀਆਂ ਮਾਰ ਰਹੇ ਸਨ ॥੩੨॥

ਰਨ ਅਗੰਮ ਕੋਊ ਜਾਨ ਪਾਵੈ

ਅਗੰਮੀ ਯੁੱਧ ਨੂੰ ਕੋਈ ਸਮਝ ਨਹੀਂ ਰਿਹਾ ਸੀ

ਡਹ ਡਹ ਡਹ ਸਿਵ ਡਮਰੁ ਬਜਾਵੈ

ਅਤੇ ਸ਼ਿਵ ਡਹਿ ਡਹਿ ਕਰਦਾ ਡਮਰੂ ਵਜਾ ਰਿਹਾ ਸੀ।

ਕਹ ਕਹ ਕਹੂੰ ਕਾਲਿਕਾ ਕਹਕੈ

ਕਿਤੇ ਕਾਲਿਕਾ ਕਹ ਕਹ ਕਰ ਕੇ ਬੋਲ ਰਹੀ ਸੀ।

ਜਾਨੁਕ ਧੁਜਾ ਕਾਲ ਕੀ ਲਹਕੈ ॥੩੩॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਕਾਲ ਦਾ ਝੰਡਾ ਲਹਿਰਾ ਰਿਹਾ ਹੋਵੇ ॥੩੩॥

ਹਸਤ ਪਾਰਬਤੀ ਨੈਨ ਬਿਸਾਲਾ

ਵਡਿਆਂ ਨੈਣਾਂ ਵਾਲੀ ਪਾਰਬਤੀ ਹਸ ਰਹੀ ਸੀ

ਨਾਚਤ ਭੂਪ ਪ੍ਰੇਤ ਬੈਤਾਲਾ

ਅਤੇ ਭੂਤ, ਪ੍ਰੇਤ ਤੇ ਬੈਤਾਲ ਨਚ ਰਹੇ ਸਨ।

ਕਹ ਕਹਾਟ ਕਹੂੰ ਕਾਲ ਸੁਨਾਵੈ

ਕਿਤੇ ਕਾਲੀ 'ਕਹ ਕਹਾਟ' ਸ਼ਬਦ ਸੁਣਾਉਂਦੀ ਸੀ।

ਭੀਖਨ ਸੁਨੇ ਨਾਦ ਭੈ ਆਵੈ ॥੩੪॥

ਭਿਆਨਕ ਨਾਦ ਨੂੰ ਸੁਣ ਕੇ ਡਰ ਲਗਦਾ ਸੀ ॥੩੪॥

ਬਿਨੁ ਸੀਸਨ ਕੇਤਿਕ ਭਟ ਡੋਲਹਿ

ਕਿਤਨੇ ਹੀ ਸੂਰਮੇ ਬਿਨਾ ਸਿਰਾਂ ਦੇ ਘੁੰਮ ਰਹੇ ਸਨ

ਕੇਤਿਨ ਮਾਰਿ ਮਾਰਿ ਕਰਿ ਬੋਲਹਿ

ਅਤੇ ਕਿਤਨੇ 'ਮਾਰੋ-ਮਾਰੋ' ਪੁਕਾਰ ਰਹੇ ਸਨ।

ਕਿਤੇ ਤਮਕਿ ਰਨ ਤੁਰੈ ਨਚਾਵੈ

ਕਿਤਨੇ ਕ੍ਰੋਧਿਤ ਹੋ ਕੇ ਘੋੜੇ ਨਚਾ ਰਹੇ ਸਨ

ਜੂਝਿ ਕਿਤਕ ਜਮ ਲੋਕ ਸਿਧਾਵੈ ॥੩੫॥

ਅਤੇ ਕਿਤਨੇ ਹੀ ਜੂਝ ਕੇ ਯਮ-ਲੋਕ ਸਿਧਾਰ ਗਏ ਸਨ ॥੩੫॥

ਕਟਿ ਕਟਿ ਪਰੇ ਸੁਭਟ ਛਿਤ ਭਾਰੇ

ਕਈ ਵੱਡੇ ਸੂਰਮੇ ਕਟ ਕਟ ਕੇ ਧਰਤੀ ਉਤੇ ਡਿਗ ਪਏ ਸਨ

ਭੂਪ ਸੁਤਾ ਕਰਿ ਕੋਪ ਪਛਾਰੇ

ਅਤੇ (ਕਈਆਂ ਨੂੰ) ਰਾਜ ਕੁਮਾਰੀ ਨੇ ਕ੍ਰੋਧਿਤ ਹੋ ਕੇ ਪਛਾੜ ਦਿੱਤਾ ਸੀ।

ਜਿਨ ਕੇ ਪਰੀ ਹਾਥ ਨਹਿ ਪ︀ਯਾਰੀ

ਜਿਨ੍ਹਾਂ ਦੇ ਹੱਥ ਰਾਜ ਕੁਮਾਰੀ ਨਹੀਂ ਲਗੀ,

ਬਿਨੁ ਮਾਰੇ ਹਨਿ ਮਰੇ ਕਟਾਰੀ ॥੩੬॥

ਉਹ ਬਿਨਾ ਮਾਰਿਆਂ ਹੀ ਕਟਾਰ ਮਾਰ ਕੇ ਮਰ ਗਏ ॥੩੬॥