ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥
Make silence your ear-rings, and compassion your wallet; let meditation be your begging bowl.
ਹੇ ਜੋਗੀ! (ਮਨ ਨੂੰ ਵਿਕਾਰਾਂ ਵਲੋਂ) ਸ਼ਾਂਤੀ (ਦੇਣੀ, ਇਹ ਕੰਨਾਂ ਦੀ) ਮੁੰਦ੍ਰਾ ਬਣਾ, ਅਤੇ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਨੂੰ ਖੱਪਰ ਬਣਾ। ਮੋਨਿ = ਚੁੱਪ, ਮਨ ਦੀ ਚੁੱਪ, ਮਨ ਦੀ ਸ਼ਾਂਤੀ। ਝੋਲੀ = ਜਿਸ ਵਿਚ ਜੋਗੀ ਆਟਾ ਮੰਗ ਕੇ ਪਾਂਦਾ ਹੈ। ਪਤ੍ਰਕਾ = ਸੁਹਣਾ ਖੱਪਰ {ਪਾਤ੍ਰ = ਖੱਪਰ}। ਰੇ = ਹੇ ਜੋਗੀ!
ਖਿੰਥਾ ਇਹੁ ਤਨੁ ਸੀਅਉ ਅਪਨਾ ਨਾਮੁ ਕਰਉ ਆਧਾਰੁ ਰੇ ॥੧॥
Sew this body as your patched coat, and take the Lord's Name as your support. ||1||
(ਮੈਂ ਭੀ ਤੇਰੇ ਵਾਂਗ ਇਕ ਜੋਗੀ ਹਾਂ, ਪਰ) ਮੈਂ ਆਪਣੇ ਸਰੀਰ ਨੂੰ ਵਿਕਾਰਾਂ ਵਲੋਂ ਬਚਾਉਂਦਾ ਹਾਂ, ਇਹ ਮੈਂ ਗੋਦੜੀ ਸੀਤੀ ਹੋਈ ਹੈ, ਜੋਗੀ! ਮੈਂ ਪ੍ਰਭੂ ਦੇ ਨਾਮ ਨੂੰ (ਆਪਣੀ ਜਿੰਦ ਦਾ) ਆਸਰਾ ਬਣਾਇਆ ਹੋਇਆ ਹੈ (ਇਹ ਮੇਰਾ ਸੁਆਹ ਦਾ ਬਟੂਆ ਹੈ) ॥੧॥ ਖਿੰਥਾ = ਗੋਦੜੀ। ਇਹੁ ਤਨੁ ਸੀਅਉ = ਇਸ ਸਰੀਰ ਨੂੰ ਸੀਊਂਦਾ ਹਾਂ, ਵਿਕਾਰਾਂ ਵਲੋਂ ਬਚਾਈ ਰੱਖਦਾ ਹਾਂ ॥੧॥
ਐਸਾ ਜੋਗੁ ਕਮਾਵਹੁ ਜੋਗੀ ॥
Practice such Yoga, O Yogi.
ਹੇ ਜੋਗੀ! ਇਹ ਜੋਗ-ਅੱਭਿਆਸ ਕਰੋ-
ਜਪ ਤਪ ਸੰਜਮੁ ਗੁਰਮੁਖਿ ਭੋਗੀ ॥੧॥ ਰਹਾਉ ॥
As Gurmukh, enjoy meditation, austerities and self-discipline. ||1||Pause||
(ਕਿ) ਗ੍ਰਿਹਸਤ ਵਿਚ ਰਹਿੰਦੇ ਹੋਏ ਹੀ ਸਤਿਗੁਰੂ ਦੇ ਸਨਮੁਖ ਰਹੋ, ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਜਪ ਹੈ, ਇਹੀ ਤਪ ਹੈ, ਤੇ ਇਹੀ ਸੰਜਮ ਹੈ ॥੧॥ ਰਹਾਉ ॥ ਗੁਰਮੁਖਿ = ਗੁਰੂ ਦੇ ਸਨਮੁਖ। ਭੋਗੀ = ਗ੍ਰਿਹਸਤੀ ॥੧॥ ਰਹਾਉ ॥
ਬੁਧਿ ਬਿਭੂਤਿ ਚਢਾਵਉ ਅਪੁਨੀ ਸਿੰਗੀ ਸੁਰਤਿ ਮਿਲਾਈ ॥
Apply the ashes of wisdom to your body; let your horn be your focused consciousness.
(ਹੇ ਜੋਗੀ!) ਆਪਣੀ ਅਕਲ ਨੂੰ ਮੈਂ (ਉੱਚੇ ਟਿਕਾਣੇ ਪ੍ਰਭੂ-ਚਰਨਾਂ ਵਿਚ) ਚੜ੍ਹਾਈ ਰੱਖਦਾ ਹਾਂ, ਇਹ ਮੈਂ (ਪਿੰਡੇ ਉੱਤੇ) ਸੁਆਹ ਮਲੀ ਹੋਈ ਹੈ; ਮੈਂ ਆਪਣੇ ਮਨ ਦੀ ਸੁਰਤ ਨੂੰ (ਪ੍ਰਭੂ-ਚਰਨਾਂ ਵਿਚ) ਜੋੜਿਆ ਹੈ, ਇਹ ਮੇਰੀ ਸਿੰਙੀ ਹੈ। ਬਿਭੂਤਿ = ਸੁਆਹ। ਸਿੰਗੀ = ਛੋਟਾ ਜਿਹਾ ਸਿੰਙ ਜੋ ਜੋਗੀ ਵਜਾਂਦੇ ਹਨ।
ਕਰਿ ਬੈਰਾਗੁ ਫਿਰਉ ਤਨਿ ਨਗਰੀ ਮਨ ਕੀ ਕਿੰਗੁਰੀ ਬਜਾਈ ॥੨॥
Become detached, and wander through the city of your body; play the harp of your mind. ||2||
ਮਾਇਆ ਵਲੋਂ ਵੈਰਾਗ ਕਰ ਕੇ ਮੈਂ ਭੀ (ਸਾਧੂ ਬਣ ਕੇ) ਫਿਰਦਾ ਹਾਂ, ਪਰ ਮੈਂ ਆਪਣੇ ਹੀ ਸਰੀਰ-ਰੂਪ ਨਗਰ ਵਿਚ ਫਿਰਦਾ ਹਾਂ (ਭਾਵ, ਖੋਜ ਕਰਦਾ ਹਾਂ); ਮੈਂ ਆਪਣੇ ਮਨ ਦੀ ਹੀ ਕਿੰਗ ਵਜਾਉਂਦਾ ਹਾਂ (ਭਾਵ, ਮਨ ਵਿਚ ਪ੍ਰਭੂ ਦੀ ਲਗਨ ਲਾਈ ਰੱਖਦਾ ਹਾਂ) ॥੨॥ ਕਿੰਗੁਰੀ = ਛੋਟੀ ਕਿੰਗ ॥੨॥
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥
Enshrine the five tatvas - the five elements, within your heart; let your deep meditative trance be undisturbed.
(ਹੇ ਜੋਗੀ!) ਪ੍ਰਭੂ ਨੂੰ ਆਪਣੇ ਹਿਰਦੇ ਵਿਚ ਪ੍ਰੋ ਰੱਖੋ, ਇਸ ਤਰ੍ਹਾਂ ਦੀ ਸਮਾਧੀ ਇੱਕ-ਟਕ ਬਣੀ ਰਹਿੰਦੀ ਹੈ। ਪੰਚ ਤਤੁ = ਪੰਜਾਂ ਦਾ ਤੱਤ, ਪੰਜਾਂ ਦਾ ਮੂਲ, ਪੰਜਾਂ ਤੱਤਾਂ ਦਾ ਮੂਲ ਕਾਰਨ-ਪ੍ਰਭੂ। ਨਿਰਾਲਮ = {निरालम्ब} ਬਿਨਾ ਕਿਸੇ (ਬਾਹਰਲੇ) ਆਸਰੇ ਦੇ, ਇਕ-ਟਕ। ਤਾੜੀ = ਸਮਾਧੀ।
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ ॥੩॥੭॥
Says Kabeer, listen, O Saints: make righteousness and compassion your garden. ||3||7||
ਕਬੀਰ ਆਖਦਾ ਹੈ ਕਿ ਹੇ ਸੰਤ ਜਨੋ! ਸੁਣੋ, (ਪ੍ਰਭੂ-ਚਰਨਾਂ ਵਿਚ ਜੁੜ ਕੇ) ਧਰਮ ਤੇ ਦਇਆ ਦੀ (ਆਪਣੇ) ਮਨ ਵਿਚ ਸੋਹਣੀ ਬਗ਼ੀਚੀ ਬਣਾਓ ॥੩॥੭॥ ਬਾੜੀ = ਬਗ਼ੀਚੀ ॥੩॥੭॥