ਚੌਪਈ

ਚੌਪਈ:

ਤੇ ਨ੍ਰਿਪ ਜੋਰਿ ਸੈਨ ਦ੍ਵੈ ਧਾਏ

ਉਹ ਦੋਵੇਂ ਰਾਜੇ ਸੈਨਾ ਇਕੱਠੀ ਕਰ ਕੇ ਤੁਰ ਪਏ

ਭਾਤਿ ਭਾਤਿ ਬਾਜਿਤ੍ਰ ਬਜਾਏ

ਅਤੇ ਕਈ ਤਰ੍ਹਾਂ ਦੇ (ਜੰਗੀ) ਵਾਜੇ ਵਜਾਏ।

ਰਾਜ ਸੁਤਾ ਜਬ ਨੈਨ ਨਿਹਾਰੇ

ਜਦ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਅੱਖਾਂ ਨਾਲ ਵੇਖਿਆ

ਸੈਨਾ ਸਹਿਤ ਮਾਰ ਹੀ ਡਾਰੇ ॥੩੯॥

ਤਾਂ ਸੈਨਾ ਸਮੇਤ ਉਨ੍ਹਾਂ ਨੂੰ ਮਾਰ ਹੀ ਸੁਟਿਆ ॥੩੯॥

ਜਬ ਅਬਲਾ ਨ੍ਰਿਪ ਦੋਊ ਸੰਘਾਰੇ

ਜਦ ਰਾਜ ਕੁਮਾਰੀ ਨੇ ਦੋਵੇਂ ਰਾਜੇ ਮਾਰ ਦਿੱਤੇ,

ਠਟਕੇ ਸੁਭਟ ਸਕਲ ਤਬ ਭਾਰੇ

ਤਦ ਸਾਰੇ ਵੱਡੇ ਰਾਜੇ ਚੁਪ ਕਰ ਕੇ ਖੜੋ ਗਏ।

ਖੇਤ ਛਾਡਿ ਯਹ ਤਰੁਨਿ ਟਰਿਹੈ

(ਉਹ ਮਨ ਵਿਚ ਸੋਚਣ ਲਗੇ) ਕਿ ਯੁੱਧ-ਭੂਮੀ ਨੂੰ ਛਡ ਕੇ ਇਹ ਰਾਜ ਕੁਮਾਰੀ ਨਹੀਂ ਟਲੇਗੀ

ਸਭਹਿਨ ਕੋ ਪ੍ਰਾਨਨ ਬਿਨੁ ਕਰਿ ਹੈ ॥੪੦॥

ਅਤੇ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦੇਵੇਗੀ ॥੪੦॥

ਬੂੰਦੀ ਨਾਥ ਰਣੁਤ ਕਟ ਧਾਯੋ

ਬੂੰਦੀ (ਰਿਆਸਤ) ਦਾ ਰਾਜਾ ਰਣੁਤ ਕਟ ਚਲ ਪਿਆ

ਅਧਿਕ ਮਦੁਤ ਕਟ ਸਿੰਘ ਰਿਸਾਯੋ

ਅਤੇ ਮਦੁਤ ਕਟ ਸਿੰਘ ਵੀ ਬਹੁਤ ਕ੍ਰੋਧਿਤ ਹੋ ਗਿਆ।

ਨਾਥ ਉਜੈਨ ਜਿਸੇ ਜਗ ਕਹਈ

ਜਿਸ ਨੂੰ ਲੋਕੀਂ ਉਜੈਨ ਦਾ ਰਾਜਾ ਕਹਿੰਦੇ ਸਨ,

ਵਾ ਕਹਿ ਜੀਤੈ ਜਗ ਕੋ ਰਹਈ ॥੪੧॥

ਉਸ ਨੂੰ ਜਿਤੇ ਬਿਨਾ ਜਗਤ ਵਿਚ ਕੌਣ ਰਹਿ ਸਕਦਾ ਸੀ ॥੪੧॥

ਜਬ ਅਬਲਾ ਆਵਤ ਵਹੁ ਲਹੇ

ਜਦੋਂ ਰਾਜ ਕੁਮਾਰੀ ਨੇ ਉਨ੍ਹਾਂ ਨੂੰ ਆਉਂਦਿਆਂ ਵੇਖਿਆ

ਹਾਥ ਹਥਯਾਰ ਆਪਨੇ ਗਹੇ

(ਤਾਂ ਉਸ ਨੇ) ਆਪਣੇ ਹੱਥਾਂ ਵਿਚ ਹਥਿਆਰ ਪਕੜ ਲਏ।

ਅਧਿਕ ਕੋਪ ਕਰਿ ਕੁਵਤਿ ਪ੍ਰਹਾਰੇ

(ਰਾਜ ਕੁਮਾਰੀ ਨੇ) ਅਧਿਕ ਕ੍ਰੋਧ ਕਰ ਕੇ ਬਲ ਪੂਰਵਕ ('ਕੁਵਤਿ') ਚਲਾਏ

ਛਿਨਿਕ ਬਿਖੈ ਦਲ ਸਹਿਤ ਸੰਘਾਰੇ ॥੪੨॥

ਅਤੇ ਛਿਣ ਭਰ ਵਿਚ (ਉਨ੍ਹਾਂ ਨੂੰ) ਦਲ ਸਹਿਤ ਮਾਰ ਦਿੱਤਾ ॥੪੨॥

ਗੰਗਾਦ੍ਰੀ ਜਮੁਨਾਦ੍ਰੀ ਹਠੇ

ਗੰਗਾ ਵਾਲੇ ਪਹਾੜੀ ਰਾਜੇ ਅਤੇ ਯਮੁਨਾ ਦੇ ਪਹਾੜ ਵਿਚ ਰਹਿਣ ਵਾਲੇ ਰਾਜੇ

ਸਾਰਸ੍ਵਤੀ ਹ੍ਵੈ ਚਲੇ ਇਕਠੇ

ਅਤੇ ਸਾਰਸਵਤੀ ਵਾਲੇ ਰਾਜੇ ਹਠ ਪੂਰਵਕ ਇਕੱਠੇ ਹੋ ਕੇ ਚਲੇ ਹਨ।

ਸਤੁਦ੍ਰਵਾਦਿ ਅਤਿ ਦ੍ਰਿੜ ਪਗ ਰੋਪੇ

ਸਤਲੁਜ ਅਤੇ ਬਿਆਸ ਆਦਿ ਦੇ ਰਾਜਿਆਂ ਨੇ ਆਪਣੇ ਪੈਰ ਜਮਾਏ

ਬ੍ਰਯਾਹਾਦ੍ਰੀ ਸਿਗਰੇ ਮਿਲਿ ਕੋਪੇ ॥੪੩॥

ਅਤੇ ਸਾਰੇ ਮਿਲ ਕੇ ਕ੍ਰੋਧਿਤ ਹੋ ਗਏ ॥੪੩॥