ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥
Kabeer, what can the poor creature do, if the Lord does not give him assistance?
ਹੇ ਕਬੀਰ! (ਇਹ ਤਾਂ ਠੀਕ ਹੈ ਕਿ ਮਨ ਦੀ ਸ਼ਾਂਤੀ ਦਾ 'ਠੌਰ' ਸਾਧ ਸੰਗਤ ਹੀ ਹੈ, ਪ੍ਰਭੂ ਦੇ ਚਰਨਾਂ ਵਿਚ ਟਿਕੇ ਰਹਿਣ ਲਈ 'ਸੰਗਤ ਕਰੀਐ ਸਾਧ ਕੀ' ਸਾਧ ਸੰਗਤ ਹੀ ਇਕੋ-ਇਕ ਵਸੀਲਾ ਹੈ; ਪਰ) ਜੇ ਪਰਮਾਤਮਾ ਆਪ ਸਹੈਤਾ ਨਾਹ ਕਰੇ (ਜੇ 'ਸਾਧ' ਦੇ ਅੰਦਰ ਪਰਮਾਤਮਾ ਆਪ ਨ ਆ ਵਸੇ, ਜੇ 'ਸਾਧ' ਖ਼ੁਦਿ ਪ੍ਰਭੂ-ਚਰਨਾਂ ਵਿਚ ਨਾਹ ਜੁੜਿਆ ਹੋਵੇ) ਤਾਂ ਇਹ ਵਸੀਲਾ ਕਮਜ਼ੋਰ ਹੋ ਜਾਣ ਦੇ ਕਾਰਨ ਕੋਈ ਲਾਭ ਨਹੀਂ ਪੁਚਾਂਦਾ। ਕਾਰਨੁ = ਵਸੀਲਾ, ਸਬਬ, ਹਰਿ ਮਿਲਨ' ਦਾ ਵਸੀਲਾ। ਬਪੁਰਾ = ਵਿਚਾਰਾ, ਕਮਜ਼ੋਰ। ਸਹਾਇ = ਸਹੈਤਾ।
ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥੯੭॥
Whatever branch he steps on breaks and collapses. ||97||
(ਇਨਸਾਨੀ ਉੱਚ ਜੀਵਨ-ਰੂਪ ਰੁੱਖ ਦੀ ਚੋਟੀ ਤੇ ਅਪੜਾਣ ਲਈ 'ਸਾਧ', ਮਾਨੋ, ਡਾਲੀਆਂ ਹਨ, ਪਰ ਭੇਖੀ ਤੇ ਚੇਲੇ-ਚਾਟੜੇ ਹੀ ਬਨਾਣ ਵਾਲੇ 'ਸਾਧ' ਕਮਜ਼ੋਰ ਟਹਿਣੀਆਂ ਹਨ) ਮੈਂ ਤਾਂ (ਅਜੇਹੀ) ਜਿਸ ਜਿਸ ਡਾਲੀ ਉੱਤੇ ਪੈਰ ਧਰਦਾ ਹਾਂ ਉਹ (ਸੁਆਰਥ ਵਿਚ ਕਮਜ਼ੋਰ ਹੋਣ ਕਰਕੇ) ਟੁੱਟਦੀ ਜਾ ਰਹੀ ਹੈ ॥੯੭॥ ਜਿਹ ਜਿਹ = ਜਿਸ ਜਿਸ। ਧਰਉ = ਮੈਂ ਧਰਦਾ ਹਾਂ। ਪਗੁ = ਪੈਰ। ਪਗੁ ਧਰਉ = ਮੈਂ ਪੈਰ ਧਰਦਾ ਹਾਂ, ਮੈਂ ਸਹਾਰਾ ਲੈਂਦਾ ਹਾਂ। ਮੁਰਿ ਮੁਰਿ ਜਾਇ = ਲਿਫਦੀ ਜਾ ਰਹੀ ਹੈ, ਟੁੱਟਦੀ ਜਾ ਰਹੀ ਹੈ, ਕਿਸੇ ਨ ਕਿਸੇ ਵਿਕਾਰ ਦੇ ਹੇਠ ਖ਼ੁਦਿ ਦੱਬਿਆ ਜਾ ਰਿਹਾ ਹੈ ॥੯੭॥