ਆਸਾ

Aasaa:

ਆਸਾ।

ਗਗਨ ਨਗਰਿ ਇਕ ਬੂੰਦ ਬਰਖੈ ਨਾਦੁ ਕਹਾ ਜੁ ਸਮਾਨਾ

From the city of the Tenth Gate, the sky of the mind, not even a drop rains down. Where is the music of the sound current of the Naad, which was contained in it?

ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ। ਗਗਨ = ਅਕਾਸ਼, ਚਿਦਾਕਾਸ਼, ਚਿੱਤ-ਰੂਪ ਅਕਾਸ਼; ਦਿਮਾਗ਼, ਦਸਵਾਂ-ਦੁਆਰ। ਗਗਨ ਨਗਰਿ = ਗਗਨ-ਰੂਪ ਨਗਰ ਵਿਚ, ਦਸਵੇਂ ਦੁਆਰ-ਰੂਪ ਨਗਰ ਵਿਚ, ਦਿਮਾਗ਼ ਵਿਚ। ਇਕ ਬੂੰਦ = ਰਤਾ ਭੀ। ਨਾਦੁ = ਆਵਾਜ਼, ਰੌਲਾ, ਜ਼ੋਰ, ਮਾਇਆ ਦਾ ਰੌਲਾ, ਲੋਭ ਦਾ ਰੌਲਾ। ਨਾਦੁ ਜੁ = ਜੋ (ਚਿੱਤ ਵਿਚ) ਲੋਭਾਦਿਕ ਮਾਇਆ ਦਾ ਰੌਲਾ ਸੀ। ਕਹਾ ਸਮਾਨਾ = ਪਤਾ ਨਹੀਂ ਕਿੱਥੇ ਲੀਨ ਹੋ ਗਿਆ ਹੈ, ਕਿਤੇ ਮੁੱਕ ਹੀ ਗਿਆ ਹੈ।

ਪਾਰਬ੍ਰਹਮ ਪਰਮੇਸੁਰ ਮਾਧੋ ਪਰਮ ਹੰਸੁ ਲੇ ਸਿਧਾਨਾ ॥੧॥

The Supreme Lord God, the Transcendent Lord, the Master of wealth has taken away the Supreme Soul. ||1||

(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥ ਪਰਮ ਹੰਸੁ = ਸਭ ਤੋਂ ਉੱਚਾ ਹੰਸ, ਸਭ ਤੋਂ ਉੱਚਾ ਪਵਿੱਤਰ ਆਤਮਾ, ਪਰਮਾਤਮਾ। ਲੇ ਸਿਧਾਨਾ = ਲੈ ਕੇ ਚਲਾ ਗਿਆ ਹੈ, (ਉਸ 'ਨਾਦ' ਨੂੰ) ਲੈ ਗਿਆ ਹੈ (ਕਿਉਂਕਿ ਹੁਣ ਉਸ 'ਨਾਦ' ਦੀ ਇਕ ਬੂੰਦ ਭੀ 'ਗਗਨ ਨਗਰ' ਵਿਚ ਵਰ੍ਹਦੀ ਨਹੀਂ) ॥੧॥

ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ

O Father, tell me: where has it gone? It used to dwell within the body,

ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ? ਬਾਬਾ = ਹੇ ਬਾਬਾ! ਹੇ ਭਾਈ! ਤੇ ਬੋਲਤੇ = ('ਨਾਦ' ਦੇ) ਉਹ ਬੋਲ, ਲੋਭਾਦਿਕ ਮਾਇਆ ਦੇ ਰੌਲੇ ਦੇ ਉਹ ਬੋਲ-ਬੁਲਾਰੇ। ਦੇਹੀ = ਸਰੀਰ। ਦੇਹੀ ਕੇ ਸੰਗਿ ਰਹਤੇ = ਜੋ 'ਬੋਲਤੇ' ਦੇਹੀ ਕੇ ਸੰਗਿ ਰਹਤੇ, ਜੋ ਬੋਲ-ਬੁਲਾਰੇ ਸਰੀਰ ਦੇ ਨਾਲ ਹੀ ਰਹਿੰਦੇ ਸਨ, ਜੋ ਖ਼ਿਆਲ ਸਰੀਰ ਸੰਬੰਧੀ ਹੀ ਬਣੇ ਰਹਿੰਦੇ ਸਨ। ਕਹਾ ਗਏ = ਪਤਾ ਨਹੀਂ ਕਿੱਥੇ ਚਲੇ ਗਏ ਹਨ, ਕਿਤੇ ਗੁੰਮ ਹੀ ਹੋ ਗਏ ਹਨ।

ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥੧॥ ਰਹਾਉ

and dance in the mind, teaching and speaking. ||1||Pause||

ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ ॥ ਜੋ = ਜੋ 'ਬੋਲਤੇ', ਜੋ ਬੋਲ-ਬਲਾਰੇ, ਜੋ ਫੁਰਨੇ। ਨਿਰਤੇ = ਨਾਚ। ਜੋ ਨਿਰਤੇ ਕਰਤੇ = ਮਾਇਆ ਦੇ ਜੋ ਫੁਰਨੇ ਸਦਾ ਨਾਚ ਕਰਦੇ ਰਹਿੰਦੇ ਸਨ। ਕਥਾ ਬਾਰਤਾ = ਗੱਲ-ਬਾਤ। ਕਥਾ ਬਾਰਤਾ ਕਹਤੇ = ਜੋ ਨਿਰੇ ਮਾਇਆ ਦੇ ਹੀ ਬੋਲ-ਬੁਲਾਰੇ ਸਨ, ਜੋ ਨਿਰੀਆਂ ਮਾਇਆ ਦੀਆਂ ਹੀ ਗੱਲਾਂ ਸਨ ॥੧॥ ਰਹਾਉ ॥

ਬਜਾਵਨਹਾਰੋ ਕਹਾ ਗਇਓ ਜਿਨਿ ਇਹੁ ਮੰਦਰੁ ਕੀਨੑਾ

Where has the player gone - he who made this temple his own?

(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ। ਜਿਨਿ = ਜਿਸ (ਮਨ) ਨੇ। ਮੰਦਰੁ = ਮਾਂਦਲ, ਢੋਲ, ਸਰੀਰ ਦੇ ਮੋਹ ਦਾ ਢੋਲ, ਦੇਹ-ਅਧਿਆਸ ਦਾ ਢੋਲ। ਜਿਨਿ ਮੰਦਰੁ ਕੀਨ੍ਹ੍ਹਾ = ਜਿਸ ਮਨ ਨੇ ਦੇਹ-ਅਧਿਆਸ ਦਾ ਢੋਲ ਬਣਾਇਆ ਹੋਇਆ ਸੀ। ਬਜਾਵਨਹਾਰੋ = ਵਜਾਣ ਵਾਲਾ, ਢੋਲ ਨੂੰ ਵਜਾਣ ਵਾਲਾ, ਦੇਹ-ਅਧਿਆਸ ਦੇ ਢੋਲ ਨੂੰ ਵਜਾਣ ਵਾਲਾ, ਜੋ ਮਨ ਸਰੀਰ-ਦਾ = ਮੋਹ-ਰੂਪ ਢੋਲ ਵਜਾ ਰਿਹਾ ਸੀ।

ਸਾਖੀ ਸਬਦੁ ਸੁਰਤਿ ਨਹੀ ਉਪਜੈ ਖਿੰਚਿ ਤੇਜੁ ਸਭੁ ਲੀਨੑਾ ॥੨॥

No story, word or understanding is produced; the Lord has drained off all the power. ||2||

(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥ ਸਾਖੀ ਸਬਦੁ ਸੁਰਤਿ = (ਸਰੀਰਕ ਮੋਹ ਦੀ) ਕੋਈ ਗੱਲ ਕੋਈ ਬੋਲ ਕੋਈ ਫੁਰਨਾ। ਤੇਜੁ = (ਉਸ ਬਜਾਵਨਹਾਰ ਮਨ ਦਾ) ਤੇਜ-ਪ੍ਰਤਾਪ। ਖਿੰਚਿ ਲੀਨ੍ਹ੍ਹਾ = (ਪਾਰ-ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਨੇ) ਖਿੱਚ ਲਿਆ ਹੈ ॥੨॥

ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ

The ears, your companions, have gone deaf, and the power of your organs is exhausted.

ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ। ਸੰਗਿ = (ਦੇਹੀ ਕੇ) ਸੰਗਿ, ਦੇਹ-ਅਧਿਆਸ ਦੇ ਨਾਲ, ਸਰੀਰਕ ਮੋਹ ਵਿਚ। ਬਿਕਲ = ਵਿਆਕੁਲ। ਤੇਰੇ ਸ੍ਰਵਨਨ = ਤੇਰੇ ਕੰਨਾਂ ਦਾ। ਇੰਦ੍ਰੀ = (ਭਾਵ,) ਕਾਮ-ਚੇਸ਼ਟਾ।

ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨਿਕਸੈ ਬਾਤਾ ॥੩॥

Your feet have failed, your hands have gone limp, and no words issue forth from your mouth. ||3||

ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥ ਚਰਨ = ਪੈਰ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਕਰ = ਹਥ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਬਾਤਾ = ਗੱਲ (ਸਰੀਰਕ ਮੋਹ ਦੀ) ॥੩॥

ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ

Having grown weary, the five enemies and all the thieves have wandered away according to their own will.

ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ। ਪੰਜ ਦੂਤ = ਕਾਮ ਆਦਿ ਪੰਜੇ ਵੈਰੀ। ਤਸਕਰ = ਚੋਰ (ਜੋ ਭਲੇ ਗੁਣਾਂ ਨੂੰ ਚੁਰਾਈ ਜਾ ਰਹੇ ਸਨ)। ਭ੍ਰਮ = ਭਟਕਣਾ। ਤੇ = ਤੋਂ। ਆਪ ਆਪਣੈ = ਆਪੋ ਆਪਣੀ।

ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥੪॥

The elephant of the mind has grown weary, and the heart has grown weary as well; through its power, it used to pull the strings. ||4||

ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥ ਕੁੰਚਰ = ਹਾਥੀ। ਉਰੁ = ਹਿਰਦਾ, ਮਨ (ਜੋ ਪਹਿਲਾਂ "ਦੇਹੀ ਕੇ ਸੰਗਿ ਰਹਤੇ")। ਤੇਜੁ ਸੂਤੁ ਧਰਿ = (ਜਿਸ 'ਮਨ' ਅਤੇ 'ਉਰ' ਦਾ) ਤੇਜ ਸੂਤ ਧਾਰਨ ਕਰ ਕੇ। ਸੂਤੁ = ਧਾਗਾ, ਸੂਤਰ (ਨੋਟ: ਮਾਲਾ ਦੇ ਮਣਕਿਆਂ ਲਈ ਧਾਗਾ, ਮਾਨੋ, ਆਸਰਾ ਹੈ, ਜਿਸ ਦੀ ਰਾਹੀਂ ਮਣਕੇ ਮਾਲਾ ਵਿਚ ਟਿਕੇ ਰਹਿੰਦੇ ਹਨ), ਆਸਰਾ। ਰਮਤੇ = ("ਪੰਚ ਦੂਤ") ਰਮਤੇ, (ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ ॥੪॥

ਮਿਰਤਕ ਭਏ ਦਸੈ ਬੰਦ ਛੂਟੇ ਮਿਤ੍ਰ ਭਾਈ ਸਭ ਛੋਰੇ

He is dead, and the bonds of the ten gates are opened; he has left all his friends and brothers.

(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ। ਮਿਰਤਕ = ਮੋਏ ਹੋਏ, ਦੇਹ-ਅਧਿਆਸ ਵਲੋਂ ਮੋਏ ਹੋਏ, ਸਰੀਰਕ ਮੋਹ ਵਲੋਂ ਮੋਏ ਹੋਏ। ਦਸੈ ਬੰਦ = ਦਸ ਇੰਦ੍ਰੇ। ਛੂਟੇ = ਢਿੱਲੇ ਹੋ ਗਏ, 'ਦੇਹੀ ਕੇ ਸੰਗ' ਤੋਂ ਛੁੱਟ ਗਏ, ਸਰੀਰਕ ਮੋਹ ਤੋਂ ਆਜ਼ਾਦ ਹੋ ਗਏ। ਮਿਤ੍ਰ ਭਾਈ = ਇੰਦ੍ਰਿਆਂ ਦੇ ਮਿੱਤਰ ਭਰਾ (ਆਸਾ ਤ੍ਰਿਸ਼ਨਾ ਆਦਿਕ ਵਿਕਾਰ)।

ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥੫॥੫॥੧੮॥

Says Kabeer, one who meditates on the Lord, breaks his bonds, even while yet alive. ||5||5||18||

ਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥ ਜੀਵਤ = ਜੀਊਂਦਾ ਹੀ, ਇਸੇ ਸਰੀਰ ਵਿਚ। ਬੰਧਨ = ਦੇਹ-ਅਧਿਆਸ ਵਾਲੇ ਬੰਧਨ, ਸਰੀਰਕ ਮੋਹ ਦੇ ਜੰਜਾਲ ॥੫॥੫॥੧੮॥