ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ

One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਰਾਗੁ ਜੈਜਾਵੰਤੀ ਮਹਲਾ

Raag Jaijaavantee, Ninth Mehl:

ਰਾਗ ਜੈਜਾਵੰਤੀ ਵਿੱਚ ਗੁਰੂ ਤੇਗਬਹਾਦਰ ਜੀ ਦੀ ਬਾਣੀ।

ਰਾਮੁ ਸਿਮਰਿ ਰਾਮੁ ਸਿਮਰਿ ਇਹੈ ਤੇਰੈ ਕਾਜਿ ਹੈ

Meditate in remembrance on the Lord - meditate on the Lord; this alone shall be of use to you.

ਪਰਮਾਤਮਾ (ਦਾ ਨਾਮ) ਸਿਮਰਿਆ ਕਰ, ਪਰਮਾਤਮਾ ਦਾ ਨਾਮ ਸਿਮਰਿਆ ਕਰ! ਇਹ (ਸਿਮਰਨ) ਹੀ ਤੇਰੇ ਕੰਮ ਵਿਚ (ਆਉਣ ਵਾਲਾ) ਹੈ। ਸਿਮਰਿ = ਸਿਮਰਿਆ ਕਰ। ਇਹੈ = ਇਹ (ਸਿਮਰਨ) ਹੀ। ਤੇਰੈ ਕਾਜਿ = ਤੇਰੇ ਕੰਮ ਵਿਚ (ਆਉਣ ਵਾਲਾ)।

ਮਾਇਆ ਕੋ ਸੰਗੁ ਤਿਆਗੁ ਪ੍ਰਭ ਜੂ ਕੀ ਸਰਨਿ ਲਾਗੁ

Abandon your association with Maya, and take shelter in the Sanctuary of God.

ਮਾਇਆ ਦਾ ਮੋਹ ਛੱਡ ਦੇਹ, ਪਰਮਾਤਮਾ ਦੀ ਸਰਨ ਪਿਆ ਰਹੁ। ਕੋ = ਦਾ। ਸੰਗੁ = ਸਾਥ, ਮੋਹ। ਲਾਗੁ = ਪਿਆ ਰਹੁ।

ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥੧॥ ਰਹਾਉ

Remember that the pleasures of the world are false; this whole show is just an illusion. ||1||Pause||

ਦੁਨੀਆ ਦੇ ਸੁਖਾਂ ਨੂੰ ਨਾਸਵੰਤ ਸਮਝ! ਜਗਤ ਦਾ ਇਹ ਸਾਰਾ ਪਸਾਰਾ (ਹੀ) ਸਾਥ ਛੱਡ ਜਾਣ ਵਾਲਾ ਹੈ ॥੧॥ ਰਹਾਉ ॥ ਮਾਨੁ = ਮੰਨ, ਸਮਝ ਲੈ। ਮਿਥਿਆ = ਨਾਸਵੰਤ। ਸਾਜੁ = ਜਗਤ-ਪਸਾਰਾ ॥੧॥ ਰਹਾਉ ॥

ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ

You must understand that this wealth is just a dream. Why are you so proud?

ਇਸ ਧਨ ਨੂੰ ਸੁਪਨੇ (ਵਿਚ ਮਿਲੇ ਪਦਾਰਥਾਂ) ਵਾਂਗ ਸਮਝ, ਤੂੰ ਕਾਹਦੇ ਉੱਤੇ ਅਹੰਕਾਰ ਕਰਦਾ ਹੈਂ? ਕਾਹੇ ਪਰਿ = ਕਾਹਦੇ ਉੱਤੇ? ਮਾਨੁ = ਅਹੰਕਾਰ।

ਬਾਰੂ ਕੀ ਭੀਤਿ ਜੈਸੇ ਬਸੁਧਾ ਕੋ ਰਾਜੁ ਹੈ ॥੧॥

The empires of the earth are like walls of sand. ||1||

(ਸਾਰੀ) ਧਰਤੀ ਦਾ ਰਾਜ (ਭੀ) ਰੇਤ ਦੀ ਕੰਧ ਵਰਗਾ ਹੀ ਹੈ ॥੧॥ ਬਾਰੂ = ਰੇਤ। ਭੀਤਿ = ਕੰਧ। ਬਸੁਧਾ = ਧਰਤੀ। ਕੋ = ਦਾ ॥੧॥

ਨਾਨਕੁ ਜਨੁ ਕਹਤੁ ਬਾਤ ਬਿਨਸਿ ਜੈਹੈ ਤੇਰੋ ਗਾਤੁ

Servant Nanak speaks the Truth: your body shall perish and pass away.

ਦਾਸ ਨਾਨਕ (ਤੈਨੂੰ ਇਹ) ਗੱਲ ਦੱਸਦਾ ਹੈ ਕਿ ਤੇਰਾ (ਤਾਂ ਇਹ ਆਪਣਾ ਮਿਥਿਆ ਹੋਇਆ) ਸਰੀਰ (ਭੀ) ਨਾਸ ਹੋ ਜਾਇਗਾ। ਨਾਨਕੁ ਕਹਤ = ਨਾਨਕ ਆਖਦਾ ਹੈ। ਬਾਤ = ਗੱਲ। ਬਿਨਸਿ ਜੈ ਹੈ = ਨਾਸ ਹੋ ਜਾਇਗਾ। ਗਾਤੁ = ਸਰੀਰ।

ਛਿਨੁ ਛਿਨੁ ਕਰਿ ਗਇਓ ਕਾਲੁ ਤੈਸੇ ਜਾਤੁ ਆਜੁ ਹੈ ॥੨॥੧॥

Moment by moment, yesterday passed. Today is passing as well. ||2||1||

(ਵੇਖ, ਜਿਵੇਂ ਤੇਰੀ ਉਮਰ ਦਾ) ਕੱਲ (ਦਾ ਦਿਨ) ਛਿਨ ਛਿਨ ਕਰ ਕੇ ਬੀਤ ਗਿਆ ਹੈ, ਤਿਵੇਂ ਅੱਜ (ਦਾ ਦਿਨ ਭੀ) ਲੰਘਦਾ ਜਾ ਰਿਹਾ ਹੈ ॥੨॥੧॥ ਕਾਲੁ = ਕੱਲ (ਦਾ ਦਿਨ)। ਆਜੁ = ਅੱਜ ਦਾ ਦਿਨ ॥੨॥੧॥