ਗਉੜੀ ਕਬੀਰ ਜੀ ॥
Gauree, Kabeer Jee:
ਗਉੜੀ ਮਾਨਣੀਯ ਕਬੀਰ।
ਮਾਧਉ ਜਲ ਕੀ ਪਿਆਸ ਨ ਜਾਇ ॥
O Lord, my thirst for the Water of Your Name will not go away.
ਹੇ ਮਾਇਆ ਦੇ ਪਤੀ ਪ੍ਰਭੂ! ਤੇਰੇ ਨਾਮ-ਅੰਮ੍ਰਿਤ ਦੀ ਤ੍ਰੇਹ ਮਿਟਦੀ ਨਹੀਂ (ਭਾਵ, ਤੇਰਾ ਨਾਮ ਜਪ ਜਪ ਕੇ ਮੈਂ ਰੱਜਦਾ ਨਹੀਂ ਹਾਂ।) ਮਾਧਉ = ਹੇ ਮਾਧਵ! ਹੇ ਮਾਇਆ ਦੇ ਪਤੀ ਪ੍ਰਭੂ! {ਮਾ = ਮਾਇਆ; ਧਵ = ਪਤੀ}। ਪਿਆਸ = ਤ੍ਰੇਹ। ਨ ਜਾਇ = ਮੁੱਕਦੀ ਨਹੀਂ।
ਜਲ ਮਹਿ ਅਗਨਿ ਉਠੀ ਅਧਿਕਾਇ ॥੧॥ ਰਹਾਉ ॥
The fire of my thirst burns even more brightly in that Water. ||1||Pause||
ਤੇਰਾ ਨਾਮ-ਅੰਮ੍ਰਿਤ ਪੀਂਦਿਆਂ ਪੀਂਦਿਆਂ ਵਧੀਕ ਤਾਂਘ ਪੈਦਾ ਹੋ ਰਹੀ ਹੈ ॥੧॥ ਰਹਾਉ ॥ ਜਲ ਮਹਿ = ਨਾਮ-ਰੂਪ ਪਾਣੀ ਵਿਚ; ਨਾਮ-ਰੂਪ ਪਾਣੀ ਪੀਂਦਿਆਂ ਪੀਂਦਿਆਂ, ਨਾਮ ਜਪਦਿਆਂ ਜਪਦਿਆਂ। ਅਗਨਿ = ਤਾਂਘ-ਰੂਪ ਅੱਗ। ਉਠੀ = ਪੈਦਾ ਹੋ ਗਈ ਹੈ। ਅਧਿਕਾਇ = ਵਧੀਕ ॥੧॥ ਰਹਾਉ ॥
ਤੂੰ ਜਲਨਿਧਿ ਹਉ ਜਲ ਕਾ ਮੀਨੁ ॥
You are the Ocean of Water, and I am just a fish in that Water.
ਹੇ ਪ੍ਰਭੂ! ਤੂੰ ਜਲ ਦਾ ਖ਼ਜ਼ਾਨਾ (ਸਮੁੰਦਰ) ਹੈਂ, ਤੇ ਮੈਂ ਉਸ ਜਲ ਦਾ ਮੱਛ ਹਾਂ। ਜਲ ਨਿਧਿ = ਸਮੁੰਦਰ {ਨਿਧਿ = ਖ਼ਜ਼ਾਨਾ}। ਮੀਨੁ = ਮੱਛ।
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥੧॥
In that Water, I remain; without that Water, I would perish. ||1||
ਜਲ ਵਿਚ ਹੀ ਮੈਂ ਜੀਊਂਦਾ ਰਹਿ ਸਕਦਾ ਹਾਂ; ਜਲ ਤੋਂ ਬਿਨਾ ਮੈਂ ਮਰ ਜਾਂਦਾ ਹਾਂ ॥੧॥ ਰਹਉ = ਰਹਉਂ, ਮੈਂ ਰਹਿੰਦਾ ਹਾਂ। ਜਲਹਿ ਬਿਨੁ = ਜਲ ਤੋਂ ਬਿਨਾ। ਖੀਨੁ = ਕਮਜ਼ੋਰ, ਮੁਰਦਾ ॥੧॥
ਤੂੰ ਪਿੰਜਰੁ ਹਉ ਸੂਅਟਾ ਤੋਰ ॥
You are the cage, and I am Your parrot.
ਤੂੰ ਮੇਰਾ ਪਿੰਜਰਾ ਹੈਂ, ਮੈਂ ਤੇਰਾ ਕਮਜ਼ੋਰ ਜਿਹਾ ਤੋਤਾ ਹਾਂ। ਪਿੰਜਰੁ = ਪਿੰਜਰਾ। ਹਉ = ਮੈਂ। ਸੂਅਟਾ = ਕਮਜ਼ੋਰ ਜਿਹਾ ਤੋਤਾ {ਸੂਅ = ਸ਼ੁਕ, ਤੋਤਾ। ਪਿਛੇਤਰ = 'ਟਾ' ਛੋਟਾ-ਪਣ ਜ਼ਾਹਰ ਕਰਨ ਵਾਸਤੇ ਹੈ, ਜਿਵੇਂ 'ਚਮਰੇਟਾ' ਦਾ ਭਾਵ ਹੈ ਗ਼ਰੀਬ ਚਮਾਰ}। ਤੋਰ = ਤੇਰਾ।
ਜਮੁ ਮੰਜਾਰੁ ਕਹਾ ਕਰੈ ਮੋਰ ॥੨॥
So what can the cat of death do to me? ||2||
(ਤੇਰੇ ਆਸਰੇ ਰਿਹਾਂ) ਜਮ-ਰੂਪ ਬਿੱਲਾ ਮੇਰਾ ਕੀਹ ਵਿਗਾੜ ਸਕਦਾ ਹੈ? ॥੨॥ ਮੰਜਾਰੁ = ਬਿੱਲਾ। ਕਹਾ ਕਰੈ = ਕੀਹ ਕਰ ਸਕਦਾ ਹੈ? ਕੀਹ ਵਿਗਾੜ ਸਕਦਾ ਹੈ? ਮੋਰ = ਮੇਰਾ ॥੨॥
ਤੂੰ ਤਰਵਰੁ ਹਉ ਪੰਖੀ ਆਹਿ ॥
You are the tree, and I am the bird.
ਹੇ ਪ੍ਰਭੂ! ਤੂੰ ਸੋਹਣਾ ਰੁੱਖ ਹੈਂ ਤੇ ਮੈਂ (ਉਸ ਰੁੱਖ ਦੇ ਆਸਰੇ ਰਹਿਣ ਵਾਲਾ) ਪੰਛੀ ਹਾਂ। ਤਰਵਰੁ = ਸੋਹਣਾ ਰੁੱਖ {ਤਰ = ਰੁੱਖ। ਵਰ = ਸੋਹਣਾ, ਸ੍ਰੇਸ਼ਟ}। ਆਹਿ = ਹਾਂ।
ਮੰਦਭਾਗੀ ਤੇਰੋ ਦਰਸਨੁ ਨਾਹਿ ॥੩॥
I am so unfortunate - I cannot see the Blessed Vision of Your Darshan! ||3||
(ਮੈਨੂੰ) ਮੰਦ-ਭਾਗੀ ਨੂੰ (ਅਜੇ ਤਕ) ਤੇਰਾ ਦਰਸ਼ਨ ਨਸੀਬ ਨਹੀਂ ਹੋਇਆ ॥੩॥ ਮੰਦ ਭਾਗੀ = ਮੰਦੇ ਭਾਗਾਂ ਵਾਲੇ ਨੂੰ। ਨਾਹਿ = ਨਹੀਂ ॥੩॥
ਤੂੰ ਸਤਿਗੁਰੁ ਹਉ ਨਉਤਨੁ ਚੇਲਾ ॥
You are the True Guru, and I am Your new disciple.
ਹੇ ਪ੍ਰਭੂ! ਤੂੰ (ਮੇਰਾ) ਗੁਰੂ ਹੈਂ, ਮੈਂ ਤੇਰਾ ਨਵਾਂ ਸਿੱਖ ਹਾਂ (ਭਾਵ, ਤੇਰੇ ਨਾਲ ਉਸੇ ਤਰ੍ਹਾਂ ਪਿਆਰ ਹੈ ਜਿਵੇਂ ਨਵਾਂ ਨਵਾਂ ਸਿੱਖ ਆਪਣੇ ਗੁਰੂ ਨਾਲ ਕਰਦਾ ਹੈ)। ਨਉਤਨੁ = ਨਵਾਂ। ਚੇਲਾ = ਸਿੱਖ।
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥੪॥੨॥
Says Kabeer, O Lord, please meet me - this is my very last chance! ||4||2||
ਕਬੀਰ ਆਖਦਾ ਹੈ-ਹੁਣ ਤਾਂ (ਮਨੁੱਖਾ-ਜਨਮ) ਅਖ਼ੀਰ ਦਾ ਵੇਲਾ ਹੈ, ਮੈਨੂੰ ਜ਼ਰੂਰ ਮਿਲ ॥੪॥੨॥ ਕਹਿ = ਕਹੈ, ਆਖਦਾ ਹੈ। ਅੰਤ ਕੀ ਬੇਲਾ = ਅਖ਼ੀਰ ਦੇ ਵੇਲੇ (ਭਾਵ, ਇਸ ਮਨੁੱਖਾ ਜਨਮ ਵਿਚ ਜੋ ਕਈ ਜੂਨਾਂ ਵਿਚ ਭਟਕ ਕੇ ਅਖ਼ੀਰ ਵਿਚ ਮਿਲਿਆ ਹੈ)।੪ ॥੪॥੨॥