ਰਾਗੁ ਗਉੜੀ ਚੇਤੀ

Raag Gauree Chaytee:

ਰਾਗ ਗਉੜੀ ਚੇਤੀ।

ਦੇਖੌ ਭਾਈ ਗੵਾਨ ਕੀ ਆਈ ਆਂਧੀ

Behold, O Siblings of Destiny, the storm of spiritual wisdom has come.

ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ, ਗ੍ਯ੍ਯਾਨ = ਸਮਝ {ਨੋਟ: ਅੱਖਰ 'ਗ' ਦੇ ਹੇਠਾਂ ਅੱਧਾ ਅੱਖਰ 'ਯ' ਹੈ}। ਆਂਧੀ = ਹਨੇਰੀ, ਝੱਖੜ।

ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਮਾਇਆ ਬਾਂਧੀ ॥੧॥ ਰਹਾਉ

It has totally blown away the thatched huts of doubt, and torn apart the bonds of Maya. ||1||Pause||

ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥ ਸਭੈ = ਸਾਰੀ ਦੀ ਸਾਰੀ। ਟਾਟੀ = ਛੱਪਰ। ਰਹੈ ਨ = ਟਿਕੀ ਨਹੀਂ ਰਹਿ ਸਕਦੀ। ਮਾਇਆ ਬਾਂਧੀ = ਮਾਇਆ ਨਾਲ ਬੱਝੀ ਹੋਈ, ਮਾਇਆ ਦੇ ਆਸਰੇ ਖਲੋਤੀ ਹੋਈ ॥੧॥ ਰਹਾਉ ॥

ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ

The two pillars of double-mindedness have fallen, and the beams of emotional attachment have come crashing down.

(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ। ਦੁਇ = ਦ੍ਵੈਤ, ਪ੍ਰਭੂ ਤੋਂ ਬਿਨਾ ਕਿਸੇ ਹੋਰ ਦਾ ਆਸਰਾ ਤੱਕਣਾ। ਥੂਨਿ = ਥੰਮ੍ਹੀ। ਬਲੇਂਡਾ = ਵਲਾ।

ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ॥੧॥

The thatched roof of greed has caved in, and the pitcher of evil-mindedness has been broken. ||1||

(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥ ਛਾਨਿ = ਛੰਨ, ਛੱਪਰ, ਕੁੱਲੀ। ਧਰ = ਧਰਤੀ। ਫੂਟਾ = ਟੁੱਟ ਗਿਆ ॥੧॥

ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ

Your servant is drenched with the rain that has fallen in this storm.

(ਗਿਆਨ ਦੀ) ਹਨੇਰੀ ਦੇ ਪਿਛੋਂ ਜਿਹੜਾ ('ਨਾਮ' ਦਾ) ਮੀਂਹ ਵਰ੍ਹਦਾ ਹੈ, ਉਸ ਵਿਚ (ਹੇ ਪ੍ਰਭੂ! ਤੇਰੀ ਭਗਤੀ ਕਰਨ ਵਾਲਾ) ਤੇਰਾ ਭਗਤ ਭਿੱਜ ਜਾਂਦਾ ਹੈ (ਭਾਵ, ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜਪਦਾ ਹੈ, ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ)। ਬਰਖੈ = ਵਰ੍ਹਦਾ ਹੈ। ਤਿਹਿ = ਉਸ (ਮੀਂਹ) ਵਿਚ। ਭੀਨਾ = ਭਿੱਜ ਗਿਆ।

ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ॥੨॥੪੩॥

Says Kabeer, my mind became enlightened, when I saw the sun rise. ||2||43||

ਕਬੀਰ ਆਖਦਾ ਹੈ-ਜਦੋਂ (ਹੇ ਪ੍ਰਭੂ! ਤੇਰਾ ਸੇਵਕ) ਆਪਣੇ ਅੰਦਰ (ਤੇਰੇ ਨਾਮ ਦਾ) ਸੂਰਜ ਚੜ੍ਹਿਆ ਹੋਇਆ ਤੱਕਦਾ ਹੈ ਤਾਂ ਉਸ ਦੇ ਮਨ ਵਿਚ ਚਾਨਣ (ਹੀ ਚਾਨਣ) ਹੋ ਜਾਂਦਾ ਹੈ ॥੨॥੪੩॥ ਮਨਿ = ਮਨ ਵਿਚ। ਪ੍ਰਗਾਸਾ = ਪ੍ਰਕਾਸ਼, ਚਾਨਣ। ਉਦੈ = ਚੜ੍ਹਿਆ ਹੋਇਆ। ਚੀਨਾ = ਵੇਖ ਲਿਆ ॥੨॥੪੩॥