ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥
What am I? Just a poor living being. I cannot even describe one of Your hairs, O Lord.
ਹੇ ਮੇਰੇ ਮਾਲਕ! (ਅਸੀਂ ਜੀਵ ਤੇਰੇ ਪੈਦਾ ਕੀਤੇ ਹੋਏ ਹਾਂ) ਅਸਾਂ ਵਿਚਾਰੇ ਜੀਵਾਂ ਦੀ ਕੋਈ ਪਾਂਇਆਂ ਹੀ ਨਹੀਂ ਕਿ ਤੇਰੀ ਬਾਬਤ ਇਕ ਰੋਮ ਜਿਤਨਾ ਭੀ ਕੁਝ ਕਹਿ ਸਕੀਏ। ਬਰਨਿ ਨ ਸਾਕਹ = ਅਸੀਂ ਬਿਆਨ ਨਹੀਂ ਕਰ ਸਕਦੇ। ਸਾਕਹ = {ਵਰਤਮਾਨ ਕਾਲ, ਉੱਤਮ ਪੁਰਖ, ਬਹੁ-ਵਚਨ}। ਰੋਮਾਈ = ਰੋਮ ਜਿਤਨਾ ਭੀ।
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਬੇਅੰਤ ਠਾਕੁਰ ਤੇਰੀ ਗਤਿ ਨਹੀ ਪਾਈ ॥੧॥
Even Brahma, Shiva, the Siddhas and the silent sages do not know Your State, O Infinite Lord and Master. ||1||
(ਅਸੀਂ ਸਾਧਾਰਨ ਜੀਵ ਤਾਂ ਕਿਸੇ ਗਿਣਤੀ ਵਿਚ ਹੀ ਨਹੀਂ) ਬ੍ਰਹਮਾ, ਸ਼ਿਵ, ਸਿੱਧ, ਮੁਨੀ, ਇੰਦ੍ਰ (ਆਦਿਕ ਵਰਗੇ) ਬੇਅੰਤ ਇਹ ਨਹੀਂ ਸਮਝ ਸਕੇ ਕਿ ਤੂੰ ਕਿਹੋ ਜਿਹਾ ਹੈਂ ॥੧॥ ਮਹੇਸ = ਸ਼ਿਵ। ਸਿਧ = ਜੋਗ-ਸਾਧਨਾਂ ਵਿਚ ਪੁੱਗੇ ਹੋਏ ਜੋਗੀ। ਮੁਨਿ = ਸਮਾਧੀਆਂ ਲਾਈ ਬੈਠੇ ਰਿਸ਼ੀ। ਠਾਕੁਰ = ਹੇ ਠਾਕੁਰ! ਗਤਿ = ਹਾਲਤ। ਤੇਰੀ ਗਤਿ ਨਹੀ ਪਾਈ = ਤੂੰ ਕਿਹੋ ਜਿਹਾ ਹੈਂ, ਇਸ ਗੱਲ ਦੀ ਸਮਝ ਨਹੀਂ ਆ ਸਕੀ ॥੧॥
ਕਿਆ ਕਥੀਐ ਕਿਛੁ ਕਥਨੁ ਨ ਜਾਈ ॥
What can I say? I cannot say anything.
ਹੇ ਭਾਈ! (ਪਰਮਾਤਮਾ ਕਿਹੋ ਜਿਹਾ ਹੈ?-ਇਹ ਗੱਲ) ਕੀਹ ਦੱਸੀਏ? ਦੱਸੀ ਨਹੀਂ ਜਾ ਸਕਦੀ। ਕਿਆ ਕਥੀਐ = ਕੀਹ ਦੱਸੀਏ?
ਜਹ ਜਹ ਦੇਖਾ ਤਹ ਰਹਿਆ ਸਮਾਈ ॥੧॥ ਰਹਾਉ ॥
Wherever I look, I see the Lord pervading. ||1||Pause||
ਮੈਂ ਤਾਂ ਜਿਧਰ ਤੱਕਦਾ ਹਾਂ, ਉਧਰ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ ॥੧॥ ਰਹਾਉ ॥ ਜਹ ਜਹ = ਜਿੱਥੇ ਜਿੱਥੇ, ਮੈਂ ਵੇਖਦਾ ਹਾਂ ॥੧॥ ਰਹਾਉ ॥
ਜਹ ਮਹਾ ਭਇਆਨ ਦੂਖ ਜਮ ਸੁਨੀਐ ਤਹ ਮੇਰੇ ਪ੍ਰਭ ਤੂਹੈ ਸਹਾਈ ॥
And there, where the most terrible tortures are heard to be inflicted by the Messenger of Death, You are my only help and support, O my God.
ਹੇ ਮੇਰੇ ਪ੍ਰਭੂ! ਜਿੱਥੇ ਇਹ ਸੁਣੀਦਾ ਹੈ ਕਿ ਜਮਾਂ ਦੇ ਬੜੇ ਹੀ ਭਿਆਨਕ ਦੁੱਖ ਮਿਲਦੇ ਹਨ, ਉਥੇ ਤੂੰ ਹੀ (ਬਚਾਣ ਵਾਸਤੇ) ਮਦਦਗਾਰ ਬਣਦਾ ਹੈਂ- ਜਹ = ਜਿੱਥੇ। ਭਇਆਨ = ਭਿਆਨਕ। ਦੂਖ ਜਮ = ਜਮ ਦੂਖ, ਜਮਾਂ ਦੇ ਦੁੱਖ। ਤਹ = ਉੱਥੇ। ਪ੍ਰਭ = ਹੇ ਪ੍ਰਭੂ!
ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥੨॥੫॥੯੧॥
I have sought His Sanctuary, and grasped hold of the Lord's Lotus Feet; God has helped Guru Nanak to understand this understanding. ||2||5||91||
ਹੇ ਪ੍ਰਭੂ! ਗੁਰੂ ਨੇ (ਮੈਨੂੰ) ਨਾਨਕ ਨੂੰ ਇਹ ਸਮਝ ਬਖ਼ਸ਼ੀ ਹੈ। ਤਾਹੀਏਂ ਮੈਂ ਨਾਨਕ ਤੇਰੀ ਸਰਨ ਆ ਪਿਆ ਹਾਂ, ਤੇਰੇ ਚਰਨ ਫੜ ਲਏ ਹਨ ॥੨॥੫॥੯੧॥ ਗਹੇ = ਫੜੇ। ਗੁਰਿ = ਗੁਰੂ ਨੇ। ਕਉ = ਨੂੰ। ਬੂਝ ਬੁਝਾਈ = ਸਮਝ ਬਖ਼ਸ਼ੀ ਹੈ ॥੨॥੫॥੯੧॥