ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥
Kabeer, those who have no guru are washed away. No one can help them.
ਹੇ ਕਬੀਰ! (ਇਹ ਸੰਸਾਰ, ਮਾਨੋ ਸਮੁੰਦਰ ਹੈ, ਜਿਸ ਵਿਚੋਂ ਦੀ ਜੀਵਾਂ ਦੇ ਜ਼ਿੰਦਗੀ ਦੇ ਬੇੜੇ ਤਰ ਕੇ ਲੰਘ ਰਹੇ ਹਨ, ਪਰ) ਜੋ ਬੇੜੇ ਨਿ-ਖਸਮੇ ਹੁੰਦੇ ਹਨ ਜਿਨ੍ਹਾਂ ਉਤੇ ਕੋਈ ਗੁਰੂ-ਮਲਾਹ ਨਹੀਂ ਹੁੰਦਾ ਉਹ ਡੁੱਬ ਜਾਂਦੇ ਹਨ। ਗੁਸਾਂਈ = ਗੋ-ਸਾਈਂ, ਧਰਤੀ ਦਾ ਸਾਈਂ, ਪ੍ਰਭੂ-ਖਸਮ। ਨਿਗੁਸਾਇਆ = ਨਿ-ਖਸਮਾ। ਨਿ ਗੁਸਾਂਏਂ = ਨਿ-ਖਸਮੇ। ਬਹਿ ਗਏ = ਰੁੜ੍ਹ ਗਏ। ਥਾਂਘੀ = ਮਲਾਹ, ਗੁਰੂ-ਮਲਾਹ।
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥੫੧॥
Be meek and humble; whatever happens is what the Creator Lord does. ||51||
ਜਿਨ੍ਹਾਂ ਬੰਦਿਆਂ ਨੇ (ਆਪਣੀ ਸਿਆਣਪ ਛੱਡ ਕੇ) ਨਿਮ੍ਰਤਾ ਤੇ ਗ਼ਰੀਬੀ ਧਾਰ ਕੇ (ਗੁਰੂ-ਮਲਾਹ ਦਾ ਆਸਰਾ ਲਿਆ ਹੈ, ਉਹ ਸੰਸਾਰ-ਸਮੁੰਦਰ ਦੀਆਂ ਠਿੱਲਾਂ ਵੇਖ ਕੇ) ਜੋ ਹੁੰਦਾ ਹੈ ਉਸ ਨੂੰ ਕਰਤਾਰ ਦੀ ਰਜ਼ਾ ਜਾਣ ਕੇ ਬੇ-ਫ਼ਿਕਰ ਰਹਿੰਦੇ ਹਨ (ਉਹਨਾਂ ਨੂੰ ਆਪਣੇ ਬੇੜੇ ਦੇ ਡੁੱਬਣ ਦਾ ਕੋਈ ਫ਼ਿਕਰ ਨਹੀਂ ਹੁੰਦਾ ਹੈ) ॥੫੧॥ ਦੀਨ = ਦੀਨਤਾ, ਨਿਮ੍ਰਤਾ। ਆਪੁਨੀ = (ਜਿਨ੍ਹਾਂ ਨੇ) ਆਪਣੀ (ਬਣਾਈ)। ਕਰਤੇ ਹੋਇ ਸੁ ਹੋਇ = ਕਰਤਾਰ ਵਲੋਂ ਜੋ ਹੁੰਦਾ ਹੈ ਸੋ (ਸਹੀ) ਹੁੰਦਾ ਹੈ, ਉਹਨਾਂ ਨੂੰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ ॥੫੧॥