ਅੜਿਲ ॥

ਅੜਿਲ:

ਬਹੁਰਿ ਕ੍ਰਿਸਨ ਜੀ ਬਾਨ ਚਲਾਏ ਕੋਪ ਕਰਿ ॥

ਫਿਰ ਕ੍ਰਿਸ਼ਨ ਨੇ ਕ੍ਰੋਧ ਵਿਚ ਆ ਕੇ ਤੀਰ ਚਲਾਏ।

ਬਾਣਾਸੁਰ ਕੇ ਚਰਮ ਬਰਮ ਸਰਬਾਸਤ੍ਰ ਹਰਿ ॥

ਜੋ ਬਾਣਾਸੁਰ ਦੀ ਢਾਲ, ਕਵਚ ਅਤੇ ਸਾਰਿਆਂ ਅਸਤ੍ਰਾਂ ਨੂੰ ਪਾਰ ਕਰ ਗਏ।

ਸੂਤ ਮਾਰਿ ਹੈ ਚਾਰੋ ਦਏ ਗਿਰਾਇ ਕੈ ॥

(ਉਸ ਦੇ) ਚੌਹਾਂ ਰਥਵਾਨਾਂ ਨੂੰ ਮਾਰ ਕੇ ਡਿਗਾ ਦਿੱਤਾ

ਹੋ ਰਥੀ ਮਹਾਰਥ ਅਤਿ ਰਥਿਯਨ ਕੋ ਘਾਇ ਕੈ ॥੬੨॥

ਅਤੇ ਰਥੀਆਂ, ਮਹਾਰਥੀਆਂ ਨਿਕੇ ਵੱਡੇ ਰਥਵਾਨਾਂ ਨੂੰ ਮਾਰ ਦਿੱਤਾ ॥੬੨॥

ਚਮਕਿ ਠਾਢ ਭੂਅ ਭਯੋ ਅਯੁਧਨ ਧਾਰਿ ਕੈ ॥

ਉਤੇਜਿਤ ਹੋ ਕੇ ਅਤੇ ਸ਼ਸਤ੍ਰਾਂ ਨੂੰ ਧਾਰ ਕੇ (ਉਹ) ਧਰਤੀ ਉਤੇ ਫਿਰ ਖੜੋ ਗਿਆ।

ਗਰੁੜ ਗਰੁੜ ਨਾਯਕ ਕੋ ਬਿਸਿਖ ਪ੍ਰਹਾਰਿ ਕੈ ॥

(ਉਸ ਨੇ) ਗਰੁੜ ਅਤੇ ਗਰੁੜ ਦੇ ਨਾਇਕ (ਸ੍ਰੀ ਕ੍ਰਿਸ਼ਨ) ਨੂੰ ਬਹੁਤ ਬਾਣ ਮਾਰੇ।

ਸਾਤ ਸਾਤਕਹਿ ਆਠ ਅਰੁਜਨਹਿ ਮਾਰਿ ਕਰਿ ॥

ਸੱਤ ਬਾਣ ਸਾਤਕਿ ('ਯੁਯੂਧਾਨ') ਅਤੇ ਅੱਠ ਬਾਣ ਅਰਜਨ ਨੂੰ ਮਾਰੇ।

ਹੋ ਕੋਟਿ ਕਰੀ ਕੁਰਰਾਇ ਹਨੇ ਰਿਸਿ ਧਾਰਿ ਕਰਿ ॥੬੩॥

ਕ੍ਰੋਧਿਤ ਹੋ ਕੇ ਕਰੋੜਾਂ ਹਾਥੀ ਅਤੇ ਕੌਰਵਾਂ ਨੂੰ ਵੀ ਮਾਰਿਆ ॥੬੩॥

ਕੋਪ ਕ੍ਰਿਸਨ ਕੇ ਜਗ︀ਯੋ ਧੁਜਾ ਕਾਟਤ ਭਯੋ ॥

ਕ੍ਰਿਸ਼ਨ ਨੂੰ ਕ੍ਰੋਧ ਆ ਗਿਆ ਅਤੇ (ਉਸ ਦੀ) ਧੁਜਾ ਨੂੰ ਕਟ ਸੁਟਿਆ

ਛਿਪ੍ਰਛਟਾ ਕਰ ਛਤ੍ਰ ਛਿਤਹਿ ਡਾਰਤ ਭਯੋ ॥

ਅਤੇ ਛੇਤੀ ਨਾਲ ਛਤ੍ਰ ਨੂੰ ਧਰਤੀ ਉਤੇ ਡਿਗਾ ਦਿੱਤਾ।

ਚਰਮ ਬਰਮ ਰਿਪੁ ਚਰਮ ਕੋਪ ਕਰਿ ਕਾਟਿਯੋ ॥

ਵੈਰੀ ਦੀਆਂ ਢਾਲਾਂ, ਕਵਚਾਂ ਅਤੇ ਚਮੜੀ ਨੂੰ ਕ੍ਰੋਧ ਕਰ ਕੇ ਕਟ ਦਿੱਤਾ

ਹੋ ਰਥ ਰਥਿਯਨ ਰਨ ਭੀਤਰ ਤਿਲ ਤਿਲ ਬਾਟਿਯੋ ॥੬੪॥

ਅਤੇ ਰਥਾਂ ਅਤੇ ਰਥਾਂ ਵਾਲਿਆਂ ਨੂੰ ਯੁੱਧ-ਭੂਮੀ ਵਿਚ ਕਟ ਵਢ ਕੇ ਤਿਲ ਤਿਲ ਕਰ ਕੇ (ਖੇਰੂੰ ਖੇਰੂੰ) ਕਰ ਦਿੱਤਾ ॥੬੪॥

ਬਡੇ ਦੁਬਹਿਯਾ ਮਾਰੇ ਕ੍ਰਿਸਨ ਰਿਸਾਇ ਕੈ ॥

ਕ੍ਰਿਸ਼ਨ ਨੇ ਰੋਹ ਵਿਚ ਆ ਕੇ ਦੋਹਾਂ ਬਾਂਹਵਾਂ ਨਾਲ ਯੁੱਧ ਕਰਨ ਵਾਲਿਆਂ ਨੂੰ ਮਾਰ ਦਿੱਤਾ।

ਤਿਲ ਤਿਲ ਪਾਇ ਪ੍ਰਹਾਰੇ ਰਥਿਯਨ ਘਾਇ ਕੈ ॥

ਰਥਾਂ ਵਾਲਿਆਂ ਨੂੰ ਮਾਰ ਕੇ ਟੁਕੜੇ ਟੁਕੜੇ ਕਰ ਦਿੱਤਾ।

ਛੈਲ ਚਿਕਨਿਯਾ ਕਾਟੇ ਭੁਜਾ ਸਹਸ੍ਰ ਹਰਿ ॥

(ਸਹਸ੍ਰਬਾਹੂ ਦੀਆਂ) ਹਜ਼ਾਰ ਭੁਜਾਵਾਂ ਅਤੇ ਸੂਰਮਿਆਂ ਨੂੰ ਸ੍ਰੀ ਕ੍ਰਿਸ਼ਨ ('ਹਰਿ') ਨੇ ਕਟ ਕੇ ਸੁਟ ਦਿੱਤਾ।

ਹੋ ਤਵ ਸਿਵ ਪਹੁਚੇ ਆਇ ਸੁ ਭਗਤ ਬਿਚਾਰਿ ਕਰਿ ॥੬੫॥

ਤਦ ਸ਼ਿਵ (ਸਹਸ੍ਰਬਾਹੂ ਨੂੰ) ਆਪਣਾ ਭਗਤ ਸਮਝ ਕੇ (ਉਸ ਦੀ ਸਹਾਇਤਾ ਲਈ) ਆ ਪਹੁੰਚੇ ॥੬੫॥

ਬੀਸ ਬਾਨ ਬਿਸੁਇਸ ਕਹ ਬ੍ਰਿਜਪਤਿ ਮਾਰਿਯੋ ॥

ਬ੍ਰਜਪਤੀ ਸ੍ਰੀ ਕ੍ਰਿਸ਼ਨ ਨੇ (ਸ਼ਿਵ ਨੂੰ) ਵਿਸ਼੍ਵਪਤੀ ਕਹਿ ਕੇ ਵੀਹ ਤੀਰ ਮਾਰੇ।

ਬਹੁਰਿ ਬਾਨ ਬਤੀਸ ਸੁ ਵਾਹਿ ਪ੍ਰਹਾਰਿਯੋ ॥

ਫਿਰ ਬਤੀ ਬਾਣ ਸ਼ਿਵ ਨੇ ਕ੍ਰਿਸ਼ਨ ਨੂੰ ਮਾਰੇ।

ਨਿਰਖਿ ਜੁਧ ਕੋ ਜਛ ਰਹੈ ਚਿਤ ਲਾਇ ਕੈ ॥

ਯੁੱਧ ਨੂੰ ਵੇਖਣ ਲਈ ਯਕਸ਼ਾਂ ਨੇ ਵੀ ਚਿਤ ਲਗਾ ਲਿਆ।

ਹੋ ਦੇਵ ਅਦੇਵਨ ਦੇਵ ਰਹੇ ਉਰਝਾਇ ਕੈ ॥੬੬॥

(ਯੁੱਧ ਨੂੰ ਵੇਖ ਕੇ) ਦੇਵਤੇ ਅਤੇ ਦੈਂਤ ਉਲਝ ਕੇ ਰਹਿ ਗਏ ॥੬੬॥

ਰੁਦ੍ਰ ਕ੍ਰੁਧ ਅਤਿ ਭਯੋ ਤਪਤ ਤਪ ਛੋਰਿਯੋ ॥

ਰੁਦ੍ਰ ਨੇ ਅਤਿ ਕ੍ਰੋਧਿਤ ਹੋ ਕੇ ਤਪਦੇ ਤਾਪ ਨੂੰ ਛਡਿਆ।

ਸੀਤ ਤਾਪ ਤਜਿ ਕ੍ਰਿਸਨ ਬਕਤ੍ਰ ਤਿਹ ਮੋਰਿਯੋ ॥

ਕ੍ਰਿਸ਼ਨ ਨੇ ਠੰਡੇ ਤਾਪ ਨੂੰ ਛਡ ਕੇ ਉਸ ਦਾ ਮੂੰਹ ਮੋੜ ਦਿੱਤਾ।

ਐਸ ਗੌਰਿ ਸੌ ਗਾਹ ਗਗਨ ਸਰ ਲਾਇ ਕੈ ॥

ਇਸ ਤਰ੍ਹਾਂ ਸਾਵਧਾਨੀ ਨਾਲ ਸ਼ਿਵ ਨਾਲ ਆਕਾਸ਼ ਵਿਚ ਬਾਣ ਯੁੱਧ ਕੀਤਾ

ਹੋ ਤੁਮਲ ਜੁਧ ਕਰਿ ਲੀਨੋ ਖੇਤ ਛਿਨਾਇ ਕੈ ॥੬੭॥

ਅਤੇ ਘਮਸਾਨ ਯੁੱਧ ਕਰ ਕੇ ਮੈਦਾਨ ਜਿਤ ਲਿਆ ॥੬੭॥