ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
Kabeer, the robe of the stranger-soul has caught fire on all four sides.
ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਪਰਦੇਸੀ = ਇਹ ਜੀਵ ਜੋ ਇਸ ਜਗਤ ਵਿਚ ਮੁਸਾਫ਼ਿਰ ਵਾਂਗ ਚਾਰ ਦਿਨ ਲਈ ਰਹਿਣ ਆਇਆ ਹੈ, ਜਿਵੇਂ ਕੋਈ ਜੋਗੀ ਕਿਸੇ ਬਸਤੀ ਵਿਚ ਦੋ ਚਾਰ ਦਿਨ ਵਾਸਤੇ ਆ ਟਿਕਦਾ ਹੈ। ਘਾਘਰਾ = (Skt. घर्घर ਘਰਘਰਾ a gate, a door) ਦਰਵਾਜ਼ਾ, (ਭਾਵ, ਗਿਆਨ-ਇੰਦ੍ਰਾ)। ਘਾਘਰੈ = ਦਰਵਾਜ਼ੇ ਨੂੰ, ਗਿਆਨ-ਇੰਦ੍ਰੇ ਨੂੰ। ਚਹੁ ਦਿਸਿ = ਚਹੁੰਆਂ ਪਾਸਿਆਂ ਵਲੋਂ, (ਭਾਵ, ਹਰੇਕ ਗਿਆਨ-ਇੰਦ੍ਰੇ ਨੂੰ)। ਆਗਿ = ਅੱਗ, ਵਿਕਾਰਾਂ ਦੀ ਅੱਗ (ਅੱਖਾਂ ਨੂੰ 'ਪਰ-ਦ੍ਰਿਸਟਿ ਵਿਕਾਰ', ਕੰਨਾਂ ਨੂੰ ਪਰ ਨਿੰਦਾ; ਜੀਭ ਨੂੰ 'ਮਿੱਠ ਸੁਆਦ' ਇਤਿਆਦਿਕ)।
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥੪੭॥
The cloth of the body has been burnt and reduced to charcoal, but the fire did not touch the thread of the soul. ||47||
(ਜੋ ਪਰਦੇਸੀ ਜੋਗੀ ਬੇ-ਪਰਵਾਹ ਹੋ ਕੇ ਇਸ ਅੱਗ ਦਾ ਨਿੱਘ ਮਾਣਦਾ ਰਿਹਾ, ਉਸ ਦੀ) ਸਰੀਰ-ਗੋਦੜੀ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਕੋਲੇ ਹੋ ਗਈ, (ਪਰ ਜਿਸ ਪਰਦੇਸੀ ਜੋਗੀ ਨੇ ਇਸ ਗੋਦੜੀ ਦੇ ਧਾਗੇ ਦਾ, ਇਸ ਸਰੀਰ ਵਿਚ ਵੱਸਦੀ ਜਿੰਦ ਦਾ, ਖ਼ਿਆਲ ਰੱਖਿਆ ਤੇ ਵਿਕਾਰ-ਅਗਨੀ ਦੇ ਨਿੱਘ ਦਾ ਸੁਆਦ ਮਾਣਨ ਤੋਂ ਸੰਕੋਚ ਕੀਤੀ ਰੱਖਿਆ, ਉਸ ਦੀ) ਆਤਮਾ ਨੂੰ (ਇਹਨਾਂ ਵਿਕਾਰਾਂ ਦੀ ਅੱਗ ਦਾ) ਸੇਕ ਭੀ ਨਾਹ ਲੱਗਾ (ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਗਿਆ) ॥੪੭॥ ਖਿੰਥਾ = ਗੋਦੜੀ, ਇਸ ਪਰਦੇਸੀ ਜੋਗੀ ਦਾ ਸਰੀਰ-ਰੂਪ ਗੋਦੜੀ। ਤਾਗਾ = ਇਸ ਸਰੀਰ-ਗੋਦੜੀ ਦੀਆਂ ਟਾਕੀਆਂ ਨੂੰ ਜੋੜ ਕੇ ਰੱਖਣ ਵਾਲਾ ਧਾਗਾ, ਜਿੰਦ-ਆਤਮਾ। ਆਂਚ = ਸੇਕ, ਵਿਕਾਰਾਂ ਦੀ ਅੱਗ ਦਾ ਸੇਕ ॥੪੭॥