ਚੌਪਈ

ਚੌਪਈ:

ਪਰਬਤੀਸ ਪਾਚੋ ਨ੍ਰਿਪ ਧਾਏ

ਪੰਜੇ ਪਹਾੜੀ ਰਾਜੇ (ਯੁੱਧ ਲਈ) ਤੁਰ ਪਏ।

ਖਸੀਯਾ ਅਧਿਕ ਸੰਗ ਲੈ ਆਏ

ਬਹੁਤ ਸਾਰੇ ਬਕਰੇ ਨਾਲ ਲੈ ਕੇ ਆਏ।

ਪਾਹਨ ਬ੍ਰਿਸਟਿ ਕੋਪ ਕਰਿ ਕਰੀ

ਉਨ੍ਹਾਂ ਨੇ ਗੁੱਸੇ ਨਾਲ ਪੱਥਰਾਂ ਦੀ ਬਰਖਾ ਕੀਤੀ

ਮਾਰਿ ਮਾਰਿ ਮੁਖ ਤੇ ਉਚਰੀ ॥੪੬॥

ਅਤੇ ਮੂੰਹ ਤੋਂ 'ਮਾਰੋ ਮਾਰੋ' ਦਾ ਉਚਾਰਨ ਕੀਤਾ ॥੪੬॥

ਦੁੰਦਭ ਢੋਲ ਦੁਹੂੰ ਦਿਸਿ ਬਾਜੇ

ਦੋਹਾਂ ਪਾਸਿਓਂ ਢੋਲ ਅਤੇ ਨਗਾਰੇ ਵਜੇ

ਸਾਜੇ ਸਸਤ੍ਰ ਸੂਰਮਾ ਗਾਜੇ

ਅਤੇ ਸ਼ਸਤ੍ਰ ਨਾਲ ਸਜੇ ਹੋਏ ਸੂਰਮੇ ਗਜੇ।

ਕੁਪਿ ਕੁਪਿ ਅਧਿਕ ਹ੍ਰਿਦਨ ਮੈ ਲਰੇ

ਹਿਰਦਿਆਂ ਵਿਚ ਬਹੁਤ ਗੁੱਸੇ ਹੋ ਹੋ ਕੇ ਲੜੇ

ਕਟਿ ਕਟਿ ਮਰੇ ਬਰੰਗਨਿ ਬਰੇ ॥੪੭॥

ਅਤੇ ਕਟ ਕਟ ਕੇ ਮਰਦੇ ਹੋਏ ਅਪੱਛਰਾਵਾਂ ਨੂੰ ਵਰਨ ਲਗੇ ॥੪੭॥

ਭੂਪ ਪਾਚਉ ਬਾਨ ਚਲਾਵੈਂ

ਪੰਜੇ ਰਾਜੇ ਬਾਣ ਚਲਾ ਰਹੇ ਸਨ

ਬਾਧੇ ਗੋਲ ਸਾਮੁਹੇ ਆਵੈਂ

ਅਤੇ ਗੋਲ ਘੇਰੇ ਬੰਨ੍ਹ ਕੇ ਸਾਹਮਣੇ ਆ ਰਹੇ ਸਨ।

ਤਬ ਬਚਿਤ੍ਰ ਦੇ ਸਸਤ੍ਰ ਪ੍ਰਹਾਰੇ

ਤਦ ਬਚਿਤ੍ਰ ਦੇਈ ਨੇ ਸ਼ਸਤ੍ਰਾਂ ਦਾ ਪ੍ਰਹਾਰ ਕੀਤਾ

ਛਿਨਿਕ ਬਿਖੈ ਸਕਲੇ ਹਨਿ ਡਾਰੇ ॥੪੮॥

ਅਤੇ ਛਿਣ ਭਰ ਵਿਚ ਸਾਰੇ ਮਾਰ ਸੁਟੇ ॥੪੮॥

ਦੇਇ ਬਚਿਤ੍ਰ ਪਾਚ ਨ੍ਰਿਪ ਮਾਰੇ

ਬਚਿਤ੍ਰ ਦੇਈ ਨੇ ਪੰਜ ਰਾਜਿਆਂ ਨੂੰ ਮਾਰ ਦਿੱਤਾ

ਔਰ ਸੁਭਟ ਚੁਨਿ ਚੁਨਿ ਹਨਿ ਡਾਰੇ

ਅਤੇ ਹੋਰ ਵੀ ਸੂਰਮੇ ਚੁਣ ਚੁਣ ਕੇ ਸੰਘਾਰ ਦਿੱਤੇ।

ਸਾਤ ਨ੍ਰਿਪਤਿ ਅਵਰੈ ਤਬ ਚਲੇ

ਤਦ ਸੱਤ ਰਾਜੇ ਹੋਰ ਚਲ ਪਏ

ਜੋਧਾ ਜੋਰ ਜੁਧ ਕਰਿ ਭਲੇ ॥੪੯॥

ਜੋ ਯੁੱਧ ਕਰਨ ਵਿਚ ਬਹੁਤ ਸ਼ਕਤੀਸ਼ਾਲੀ ਸਨ ॥੪੯॥

ਕਾਸਿ ਰਾਜ ਮਘਧੇਸ੍ਵਰ ਕੋਪੇ

ਕਾਸ਼ੀ ਅਤੇ ਮਗਧ ਦੇ ਰਾਜੇ ਕ੍ਰੋਧਿਤ ਹੋਏ ਅਤੇ

ਅੰਗ ਬੰਗ ਰਾਜਨ ਪਗ ਰੋਪੇ

ਅੰਗ ਤੇ ਬੰਗ (ਬੰਗਾਲ) ਦੇ ਰਾਜਿਆਂ ਨੇ ਪੈਰ ਗਡ ਲਏ।

ਔਰ ਕੁਲਿੰਗ ਦੇਸ ਪਤਿ ਧਾਯੋ

ਇਸ ਤੋਂ ਇਲਾਵਾ ਕੁਲਿੰਗ ਦੇਸ ਦਾ ਰਾਜਾ ਵੀ ਤੁਰ ਪਿਆ

ਤ੍ਰਿਗਤਿ ਦੇਸ ਏਸ੍ਵਰ ਹੂੰ ਆਯੋ ॥੫੦॥

ਅਤੇ ਤ੍ਰਿਗਤਿ ਦੇਸ ਦਾ ਰਾਜਾ ਵੀ ਆ ਪਹੁੰਚਿਆ ॥੫੦॥

ਰਾਜਾ ਕਾਮਰੂਪ ਕੋ ਧਾਯੋ

ਕਾਮਰੂਪ ਦਾ ਰਾਜਾ

ਅਮਿਤ ਕਟਕ ਲੀਨੇ ਸੰਗ ਆਯੋ

ਅਮਿਤ ਸੈਨਾ ਨਾਲ ਲੈ ਕੇ ਆ ਗਿਆ।

ਦਾਰੁਣ ਰਣ ਸੂਰਣ ਤਹ ਕਰਿਯੋ

ਇਨ੍ਹਾਂ ਸੂਰਮਿਆਂ ਨੇ ਉਥੇ ਭਿਆਨਕ ਯੁੱਧ ਕੀਤਾ

ਰਵਿ ਸਸਿ ਚਕ੍ਰਯੋ ਇੰਦ੍ਰ ਥਰਹਰਿਯੋ ॥੫੧॥

(ਜਿਸ ਨੂੰ ਵੇਖ ਕੇ) ਸੂਰਜ ਅਤੇ ਚੰਦ੍ਰਮਾ ਹੈਰਾਨ ਹੋ ਗਏ ਅਤੇ ਇੰਦਰ ਕੰਬਣ ਲਗ ਗਿਆ ॥੫੧॥

ਅੰਗ ਕਟੇ ਤਰਫੈ ਕਹੂੰ ਅੰਗਰੀ

ਕਿਤੇ ਕਟੇ ਹੋਏ ਅੰਗ ਅਤੇ ਕਿਤੇ ਉਂਗਲੀਆਂ ਤੜਪ ਰਹੀਆਂ ਹਨ।

ਬੀਰ ਪਰੇ ਉਛਰਤ ਕਹੂੰ ਟੰਗਰੀ

ਕਿਤੇ ਸੂਰਮੇ ਪਏ ਹਨ ਅਤੇ ਕਿਤੇ (ਉਨ੍ਹਾਂ ਦੀਆਂ) ਟੰਗਾਂ ਤੜਪ ਰਹੀਆਂ ਹਨ।

ਹਠਿ ਹਠਿ ਭਿਰੇ ਸੁਭਟ ਰਨ ਮਾਹੀ

(ਉਹ) ਸੂਰਮੇ ਹਠ ਪੂਰਵਕ ਯੁੱਧ ਵਿਚ ਲੜ ਰਹੇ ਹਨ

ਜੰਬਕ ਗੀਧ ਮਾਸੁ ਲੈ ਜਾਹੀ ॥੫੨॥

ਅਤੇ ਗਿਦੜ ਅਤੇ ਗਿਰਝਾਂ ਮਾਸ ਲੈ ਕੇ ਜਾ ਰਹੀਆਂ ਹਨ ॥੫੨॥