ਮਾਰੂ ਮਹਲਾ

Maaroo, Fifth Mehl:

ਮਾਰੂ ਪੰਜਵੀਂ ਪਾਤਿਸ਼ਾਹੀ।

ਮੋਹਨੀ ਮੋਹਿ ਲੀਏ ਤ੍ਰੈ ਗੁਨੀਆ

Maya, the enticer, has enticed the world of the three gunas, the three qualities.

(ਉਸ ਪਰਮਾਤਮਾ ਦੀ ਪੈਦਾ ਕੀਤੀ ਹੋਈ) ਮੋਹਨੀ ਮਾਇਆ ਦੇ ਸਾਰੇ ਤ੍ਰਿ-ਗੁਣੀ ਜੀਵਾਂ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ, ਮੋਹਨੀ = ਮੋਹ ਲੈਣ ਵਾਲੀ (ਮਾਇਆ) ਨੇ। ਮੋਹਿ ਲੀਏ = ਭਰਮਾ ਲਏ ਹਨ। ਤ੍ਰੈਗੁਨੀਆ = ਮਾਇਆ ਦੇ ਤਿੰਨ ਗੁਣਾਂ ਵਾਲੇ ਜੀਵ।

ਲੋਭਿ ਵਿਆਪੀ ਝੂਠੀ ਦੁਨੀਆ

The false world is engrossed in greed.

ਸਾਰੀ ਲੁਕਾਈ ਨਾਸਵੰਤ ਦੁਨੀਆ ਦੇ ਲੋਭ ਵਿਚ ਫਸੀ ਹੋਈ ਹੈ। ਲੋਭਿ = ਲੋਭ ਵਿਚ। ਵਿਆਪੀ = ਫਸੀ ਹੋਈ ਹੈ। ਝੂਠੀ ਦੁਨੀਆ ਲੋਭਿ = ਨਾਸਵੰਤ ਜਗਤ ਦੇ ਲੋਭ ਵਿਚ।

ਮੇਰੀ ਮੇਰੀ ਕਰਿ ਕੈ ਸੰਚੀ ਅੰਤ ਕੀ ਬਾਰ ਸਗਲ ਲੇ ਛਲੀਆ ॥੧॥

Crying out, "Mine, mine!" they collect possessions, but in the end, they are all deceived. ||1||

ਸਾਰੇ ਜੀਵ (ਇਸ ਮਾਇਆ ਦੀ) ਮਮਤਾ ਵਿਚ ਫਸ ਕੇ (ਇਸ ਨੂੰ) ਇਕੱਠੀ ਕਰਦੇ ਹਨ, ਪਰ ਅਖ਼ੀਰਲੇ ਵੇਲੇ ਇਹ ਸਭ ਨੂੰ ਧੋਖਾ ਦੇ ਜਾਂਦੀ ਹੈ ॥੧॥ ਸੰਚੀ = ਇਕੱਠੀ ਕੀਤੀ। ਸਗਲ = ਸਾਰੇ। ਛਲੀਆ = ਠੱਗ ਲਏ ॥੧॥

ਨਿਰਭਉ ਨਿਰੰਕਾਰੁ ਦਇਅਲੀਆ

The Lord is fearless, formless and merciful.

ਜਿਹੜਾ ਪਰਮਾਤਮਾ ਡਰ-ਰਹਿਤ ਹੈ, ਜਿਸ ਦਾ ਕੋਈ ਖ਼ਾਸ ਸਰੂਪ ਦੱਸਿਆ ਨਹੀਂ ਜਾ ਸਕਦਾ, ਜੋ ਦਇਆ ਦਾ ਘਰ ਹੈ, ਦਇਅਲੀਆ = ਦਇਆਲ।

ਜੀਅ ਜੰਤ ਸਗਲੇ ਪ੍ਰਤਿਪਲੀਆ ॥੧॥ ਰਹਾਉ

He is the Cherisher of all beings and creatures. ||1||Pause||

ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ ਹੈ ॥੧॥ ਰਹਾਉ ॥ ਪ੍ਰਤਿਪਲੀਆ = ਪਾਲਦਾ ਹੈ ॥੧॥ ਰਹਾਉ ॥

ਏਕੈ ਸ੍ਰਮੁ ਕਰਿ ਗਾਡੀ ਗਡਹੈ

Some collect wealth, and bury it in the ground.

ਕੋਈ ਤਾਂ ਐਸਾ ਹੈ ਜੋ ਬੜੀ ਮਿਹਨਤ ਨਾਲ ਕਮਾ ਕੇ ਧਰਤੀ ਵਿਚ ਦੱਬ ਰੱਖਦਾ ਹੈ; ਏਕੈ = ਇਕ (ਜੀਵ) ਨੇ। ਸ੍ਰਮੁ = ਮਿਹਨਤ। ਗਾਡੀ = ਦੱਬ ਦਿੱਤੀ। ਗਡਹੈ = ਗੜ੍ਹੇ ਵਿਚ, ਟੋਏ ਵਿਚ।

ਏਕਹਿ ਸੁਪਨੈ ਦਾਮੁ ਛਡਹੈ

Some cannot abandon wealth, even in their dreams.

ਕੋਈ ਐਸਾ ਹੈ ਜੋ ਸੁਪਨੇ ਵਿਚ (ਭੀ, ਭਾਵ, ਕਦੇ ਭੀ ਇਸ ਨੂੰ) ਹੱਥੋਂ ਨਹੀਂ ਛੱਡਦਾ। ਸੁਪਨੈ = ਸੁਪਨੇ ਵਿਚ (ਭੀ)। ਦਾਮੁ = ਪੈਸਾ, ਧਨ।

ਰਾਜੁ ਕਮਾਇ ਕਰੀ ਜਿਨਿ ਥੈਲੀ ਤਾ ਕੈ ਸੰਗਿ ਚੰਚਲਿ ਚਲੀਆ ॥੨॥

The king exercises his power, and fills his money-bags, but this fickle companion will not go along with him. ||2||

ਜਿਸ ਮਨੁੱਖ ਨੇ ਹਕੂਮਤ ਕਰ ਕੇ ਖ਼ਜ਼ਾਨਾ ਜੋੜ ਲਿਆ; ਇਹ ਕਦੇ ਇੱਕ ਥਾਂ ਨਾਹ ਟਿਕਣ ਵਾਲੀ ਮਾਇਆ ਉਸ ਦੇ ਨਾਲ ਭੀ ਨਹੀਂ ਜਾਂਦੀ ॥੨॥ ਜਿਨਿ = ਜਿਸ ਨੇ। ਸੰਗਿ = ਨਾਲ। ਚੰਚਲਿ = ਕਿਸੇ ਇੱਕ ਥਾਂ ਟਿਕ ਨਾ ਸਕਣ ਵਾਲੀ ॥੨॥

ਏਕਹਿ ਪ੍ਰਾਣ ਪਿੰਡ ਤੇ ਪਿਆਰੀ

Some love this wealth even more than their body and breath of life.

ਕੋਈ ਅਜਿਹਾ ਮਨੁੱਖ ਹੈ ਜਿਸ ਨੂੰ ਇਹ ਮਾਇਆ ਜਿੰਦ ਨਾਲੋਂ ਸਰੀਰ ਨਾਲੋਂ ਭੀ ਵਧੀਕ ਪਿਆਰੀ ਲੱਗਦੀ ਹੈ। ਪ੍ਰਾਣ ਪਿੰਡ ਤੇ = ਪ੍ਰਾਣ ਤੇ ਪਿੰਡ ਤੇ, ਜਿੰਦ ਤੋਂ ਸਰੀਰ ਤੋਂ।

ਏਕ ਸੰਚੀ ਤਜਿ ਬਾਪ ਮਹਤਾਰੀ

Some collect it, forsaking their fathers and mothers.

ਕੋਈ ਐਸਾ ਹੈ ਜੋ ਮਾਪਿਆਂ ਦਾ ਸਾਥ ਛੱਡ ਕੇ ਇਕੱਠੀ ਕਰਦਾ ਹੈ; ਤਜਿ = ਛੱਡ ਕੇ। ਮਹਤਾਰੀ = ਮਾਂ।

ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਹੋਈ ਖਲੀਆ ॥੩॥

Some hide it from their children, friends and siblings, but it will not remain with them. ||3||

ਪੁੱਤਰਾਂ ਮਿੱਤਰਾਂ ਭਰਾਵਾਂ ਤੋਂ ਲੁਕਾ ਕੇ ਰੱਖਦਾ ਹੈ, ਪਰ ਇਹ ਉਸ ਦੇ ਕੋਲ ਭੀ ਨਹੀਂ ਖਲੋਂਦੀ ॥੩॥ ਸੁਤ = ਪੁੱਤਰ। ਭ੍ਰਾਤ = ਭਰਾ। ਤੇ = ਤੋਂ। ਗੁਹਜੀ = ਲੁਕਾ ਰੱਖੀ। ਨਿਕਟਿ = ਨੇੜੇ ॥੩॥

ਹੋਇ ਅਉਧੂਤ ਬੈਠੇ ਲਾਇ ਤਾਰੀ

Some become hermits, and sit in meditative trances.

ਕਈ ਐਸੇ ਹਨ ਜੋ ਤਿਆਗੀ ਬਣ ਕੇ ਸਮਾਧੀ ਲਾ ਕੇ ਬੈਠਦੇ ਹਨ; ਅਉਧੂਤ = ਤਿਆਗੀ। ਤਾਰੀ = ਤਾੜੀ, ਸਮਾਧੀ।

ਜੋਗੀ ਜਤੀ ਪੰਡਿਤ ਬੀਚਾਰੀ

Some are Yogis, celibates, religious scholars and thinkers.

ਕਈ ਜੋਗੀ ਹਨ ਜਤੀ ਹਨ ਸਿਆਣੇ ਪੰਡਿਤ ਹਨ; ਬੀਚਾਰੀ = ਵਿਚਾਰਵਾਨ।

ਗ੍ਰਿਹਿ ਮੜੀ ਮਸਾਣੀ ਬਨ ਮਹਿ ਬਸਤੇ ਊਠਿ ਤਿਨਾ ਕੈ ਲਾਗੀ ਪਲੀਆ ॥੪॥

Some dwell in homes, graveyards, cremation grounds and forests; but Maya still clings to them there. ||4||

(ਪੰਡਿਤ) ਘਰ ਵਿਚ, (ਤਿਆਗੀ) ਮੜ੍ਹੀਆਂ ਮਸਾਣਾਂ ਵਿਚ ਜੰਗਲਾਂ ਵਿਚ ਟਿਕੇ ਰਹਿੰਦੇ ਹਨ, ਪਰ ਇਹ ਮਾਇਆ ਉੱਠ ਕੇ ਉਹਨਾਂ ਨੂੰ ਭੀ ਚੰਬੜ ਜਾਂਦੀ ਹੈ ॥੪॥ ਗ੍ਰਿਹਿ = ਘਰ ਵਿਚ। ਮਸਾਣੀ = ਮਸਾਣਾਂ ਵਿਚ। ਬਨ = ਜੰਗਲ। ਊਠਿ = ਉੱਠ ਕੇ। ਪਲੀਆ = ਪੱਲੇ ॥੪॥

ਕਾਟੇ ਬੰਧਨ ਠਾਕੁਰਿ ਜਾ ਕੇ

When the Lord and Master releases one from his bonds,

ਮਾਲਕ-ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ, ਠਾਕੁਰ = ਠਾਕੁਰ ਨੇ। ਜਾ ਕੇ = ਜਿਨ੍ਹਾਂ ਦੇ।

ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ

the Name of the Lord, Har, Har, comes to dwell in his soul.

ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਦਾ ਲਈ ਆ ਟਿਕਿਆ, ਜੀਅ ਤਾ ਕੈ = ਉਹਨਾਂ ਦੇ ਚਿੱਤ ਵਿਚ।

ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਲੀਆ ॥੫॥੨॥੧੮॥

In the Saadh Sangat, the Company of the Holy, His humble servants are liberated; O Nanak, they are redeemed and enraptured by the Lord's Glance of Grace. ||5||2||18||

ਉਹ ਮਨੁੱਖ ਗੁਰੂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੀਆਂ ਫਾਹੀਆਂ ਤੋਂ) ਆਜ਼ਾਦ ਹੋ ਗਏ। ਹੇ ਨਾਨਕ! ਪਰਮਾਤਮਾ ਨੇ ਉਹਨਾਂ ਵਲ ਮਿਹਰ ਦੀ ਨਿਗਾਹ ਕੀਤੀ, ਤੇ, ਉਹਨਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ॥੫॥੨॥੧੮॥ ਸਾਧ ਸੰਗਿ = ਗੁਰੂ ਦੀ ਸੰਗਤ ਵਿਚ। ਮੁਕਤ = ਮਾਇਆ ਦੇ ਬੰਧਨਾਂ ਤੋਂ ਆਜ਼ਾਦ। ਗਤਿ = ਉੱਚੀ ਆਤਮਕ ਅਵਸਥਾ। ਨਦਰਿ = ਮਿਹਰ ਦੀ ਨਿਗਾਹ ਨਾਲ। ਨਿਹਲੀਆ = ਵੇਖਦਾ ਹੈ ॥੫॥੨॥੧੮॥