ਸੂਹੀ ਮਹਲਾ ੫ ॥
Soohee, Fifth Mehl:
ਸੂਹੀ ਪੰਜਵੀਂ ਪਾਤਿਸ਼ਾਹੀ।
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥
In the early hours of the morning, I chant the Lord's Name.
ਹੇ ਭਾਈ! ਅੰਮ੍ਰਿਤ ਵੇਲੇ (ਉੱਠ ਕੇ) ਪਰਮਾਤਮਾ ਦਾ ਨਾਮ ਸਿਮਰਿਆ ਕਰ, ਕਾਲਿ = ਸਮੇ ਵਿਚ। ਪ੍ਰਾਤਹ = ਪ੍ਰਭਾਤ, ਸਵੇਰ। ਪ੍ਰਾਤਹ ਕਾਲਿ = ਅੰਮ੍ਰਿਤ ਵੇਲੇ। ਉਚਾਰੀ = ਉਚਾਰਿ, ਉਚਾਰਿਆ ਕਰ।
ਈਤ ਊਤ ਕੀ ਓਟ ਸਵਾਰੀ ॥੧॥
I have fashioned a shelter for myself, hear and hereafter. ||1||
(ਇਸ ਤਰ੍ਹਾਂ) ਇਸ ਲੋਕ ਅਤੇ ਪਰਲੋਕ ਵਾਸਤੇ ਸੋਹਣਾ ਆਸਰਾ ਬਣਾਂਦਾ ਰਿਹਾ ਕਰ ॥੧॥ ਈਤ ਊਤ ਕੀ = ਇਸ ਲੋਕ ਤੇ ਪਰਲੋਕ ਦੀ। ਓਟ = ਆਸਰਾ। ਸਵਾਰੀ = ਸਵਾਰਿ, ਸੋਹਣਾ ਬਣਾ ਲੈ ॥੧॥
ਸਦਾ ਸਦਾ ਜਪੀਐ ਹਰਿ ਨਾਮ ॥
Forever and ever, I chant the Lord's Name,
ਹੇ ਭਾਈ! ਸਦਾ ਹੀ ਪਰਮਾਤਮਾ ਦਾ ਨਾਮ ਸਿਮਰਦੇ ਰਹਿਣਾ ਚਾਹੀਦਾ ਹੈ। ਜਪੀਐ = ਜਪਣਾ ਚਾਹੀਦਾ ਹੈ।
ਪੂਰਨ ਹੋਵਹਿ ਮਨ ਕੇ ਕਾਮ ॥੧॥ ਰਹਾਉ ॥
and the desires of my mind are fulfilled. ||1||Pause||
(ਸਿਮਰਨ ਦੀ ਬਰਕਤਿ ਨਾਲ) ਮਨ ਦੇ ਚਿਤਵੇ ਹੋਏ ਸਾਰੇ ਕੰਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥ ਹੋਵਹਿ = ਹੋ ਜਾਂਦੇ ਹਨ। ਮਨ ਕੇ ਕਾਮ = ਮਨ ਦੇ ਕਲਪੇ ਹੋਏ ਕੰਮ ॥੧॥ ਰਹਾਉ ॥
ਪ੍ਰਭੁ ਅਬਿਨਾਸੀ ਰੈਣਿ ਦਿਨੁ ਗਾਉ ॥
Sing the Praises of the Eternal, Imperishable Lord God, night and day.
ਹੇ ਭਾਈ! ਰਾਤ ਦਿਨ ਅਬਿਨਾਸ਼ੀ ਪ੍ਰਭੂ (ਦੀ ਸਿਫ਼ਤਿ-ਸਾਲਾਹ ਦੇ ਗੀਤ) ਗਾਇਆ ਕਰ। ਅਬਿਨਾਸੀ = ਨਾਸ-ਰਹਿਤ। ਰੈਣਿ = ਰਾਤ। ਗਾਉ = ਗਾਇਆ ਕਰ।
ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥੨॥
In life, and in death, you shall find your eternal, unchanging home. ||2||
(ਇਸ ਤਰ੍ਹਾਂ) ਦੁਨੀਆ ਦੀ ਕਾਰ ਕਰਦਾ ਹੋਇਆ ਨਿਰਮੋਹ ਰਹਿ ਕੇ ਤੂੰ (ਪ੍ਰਭੂ-ਚਰਨਾਂ ਵਿਚ) ਸਦਾ ਕਾਇਮ ਰਹਿਣ ਵਾਲੀ ਥਾਂ ਪ੍ਰਾਪਤ ਕਰ ਲਏਂਗਾ ॥੨॥ ਜੀਵਤ ਮਰਤ = ਦੁਨੀਆ ਦੀ ਕਾਰ ਕਰਦਿਆਂ, ਨਿਰਮੋਹ ਰਿਹਾਂ। ਪਾਵਹਿ = ਤੂੰ ਪ੍ਰਾਪਤ ਕਰ ਲਏਂਗਾ ॥੨॥
ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥
So serve the Sovereign Lord, and you shall never lack anything.
ਹੇ ਭਾਈ! ਨਾਮ-ਧਨ ਦੇ ਮਾਲਕ ਉਸ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰ, (ਉਸ ਪਾਸੋਂ ਐਸਾ ਧਨ ਮਿਲਦਾ ਹੈ) ਜਿਸ ਧਨ ਵਿਚ ਕਦੇ ਘਾਟਾ ਨਹੀਂ ਪੈਂਦਾ। ਸਾਹੁ = ਸ਼ਾਹ, ਨਾਮ-ਧਨ ਦਾ ਮਾਲਕ। ਸੇਵਿ = ਸਰਨ ਪਿਆ ਰਹੁ। ਜਿਤੁ = ਜਿਸ (ਧਨ) ਵਿਚ। ਤੋਟਿ = ਘਾਟਾ।
ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥੩॥
While eating and consuming, you shall pass your life in peace. ||3||
ਉਸ ਧਨ ਨੂੰ ਆਪ ਵਰਤਦਿਆਂ ਹੋਰਨਾਂ ਵਿਚ ਵਰਤਾਂਦਿਆਂ ਜ਼ਿੰਦਗੀ ਸੁਖ ਆਨੰਦ ਨਾਲ ਬੀਤਦੀ ਹੈ ॥੩॥ ਖਾਤ ਖਰਚਤ = ਵਰਤਦਿਆਂ ਤੇ ਵੰਡਦਿਆਂ। ਸੁਖਿ = ਸੁਖ ਵਿਚ। ਵਿਹਾਵੈ = ਉਮਰ ਬੀਤਦੀ ਹੈ ॥੩॥
ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥
O Life of the World, O Primal Being, I have found the Saadh Sangat, the Company of the Holy.
ਉਸ ਮਨੁੱਖ ਨੇ ਜਗਤ ਦੇ ਜੀਵਨ ਸਰਬ-ਵਿਆਪਕ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਪੁਰਖੁ = ਸਰਬ-ਵਿਆਪਕ ਪ੍ਰਭੂ। ਸੰਗਿ = ਸੰਗਤਿ ਵਿਚ।
ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥੪॥੨੪॥੩੦॥
By Guru's Grace, O Nanak, I meditate on the Naam, the Name of the Lord. ||4||24||30||
ਹੇ ਨਾਨਕ! ਜਿਸ ਨੇ ਸਾਧ ਸੰਗਤਿ ਵਿਚ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੪॥੨੪॥੩੦॥ ਪ੍ਰਸਾਦਿ = ਕਿਰਪਾ ਨਾਲ ॥੪॥੨੪॥੩੦॥