ਕਉਨੁ ਕੋ ਪੂਤੁ ਪਿਤਾ ਕੋ ਕਾ ਕੋ ॥
Whose son is he? Whose father is he?
ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)। ਕਉਨ ਕੋ = ਕਿਸ ਦਾ? ਕਾ ਕੋ = ਕਿਸ ਦਾ? ਕੋ = ਕੌਣ?
ਕਉਨੁ ਮਰੈ ਕੋ ਦੇਇ ਸੰਤਾਪੋ ॥੧॥
Who dies? Who inflicts pain? ||1||
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥ ਦੇਇ = ਦੇਂਦਾ ਹੈ। ਸੰਤਾਪੋ = ਕਲੇਸ਼ ॥੧॥
ਹਰਿ ਠਗ ਜਗ ਕਉ ਠਗਉਰੀ ਲਾਈ ॥
The Lord is the thug, who has drugged and robbed the whole world.
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ), ਕਉ = ਨੂੰ। ਠਗਉਰੀ = ਠਗ-ਮੂਰੀ, ਠਗ-ਬੂਟੀ, ਧਤੂਰਾ ਆਦਿਕ, ਉਹ ਬੂਟੀ ਜੋ ਠੱਗ ਲੋਕ ਵਰਤਦੇ ਹਨ ਕਿਸੇ ਨੂੰ ਠੱਗਣ ਲਈ।
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥੧॥ ਰਹਾਉ ॥
I am separated from the Lord; how can I survive, O my mother? ||1||Pause||
ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥ ਬਿਓਗ = ਵਿਛੋੜਾ। ਜੀਅਉ = ਮੈਂ ਜੀਵਾਂ। ਮੇਰੀ ਮਾਈ = ਹੇ ਮੇਰੀ ਮਾਂ! ॥੧॥ ਰਹਾਉ ॥
ਕਉਨ ਕੋ ਪੁਰਖੁ ਕਉਨ ਕੀ ਨਾਰੀ ॥
Whose husband is he? Whose wife is she?
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)। ਪੁਰਖੁ = ਮਨੁੱਖ, ਮਰਦ, ਖਸਮ। ਨਾਰੀ = ਇਸਤ੍ਰੀ, ਵਹੁਟੀ।
ਇਆ ਤਤ ਲੇਹੁ ਸਰੀਰ ਬਿਚਾਰੀ ॥੨॥
Contemplate this reality within your body. ||2||
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥ ਇਆ = ਇਸ ਦਾ। ਇਆ ਤਤ = ਇਸ ਅਸਲੀਅਤ ਦਾ। ਸਰੀਰ-ਮਨੁੱਖਾ ਜਨਮ ॥੨॥
ਕਹਿ ਕਬੀਰ ਠਗ ਸਿਉ ਮਨੁ ਮਾਨਿਆ ॥
Says Kabeer, my mind is pleased and satisfied with the thug.
ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ, ਕਹਿ = ਕਹੈ, ਆਖਦਾ ਹੈ। ਮਾਨਿਆ = ਮੰਨ ਗਿਆ, ਪਤੀਜ ਗਿਆ, ਇਕ-ਮਿਕ ਹੋ ਗਿਆ।
ਗਈ ਠਗਉਰੀ ਠਗੁ ਪਹਿਚਾਨਿਆ ॥੩॥੩੯॥
The effects of the drug have vanished, since I recognized the thug. ||3||39||
(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥