ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
This body is all blood; without blood, this body could not exist.
ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ (ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਸਭੋ = ਸਾਰਾ ਹੀ। ਰਤੁ ਬਿਨੁ = ਰੱਤ ਤੋਂ ਬਿਨਾ (ਜੋ ਲਫ਼ਜ਼ ਆਪਣੀ ਬਣਤਰ ਅਨੁਸਾਰ ਸਦਾ '(ੁ) ਅੰਤ' ਹੁੰਦੇ ਹਨ, ਉਹਨਾਂ ਦਾ ਅਖ਼ੀਰਲਾ (ੁ) 'ਸੰਬੰਧਕ' ਦੇ ਨਾਲ ਭੀ ਟਿਕਿਆ ਰਹਿੰਦਾ ਹੈ। ਇਥੇ ਲਫ਼ਜ਼ 'ਰਤੁ' ਦਾ (ੁ) 'ਸੰਬੰਧਕ' 'ਬਿਨੁ' ਦੇ ਹੁੰਦਿਆਂ ਭੀ ਕਾਇਮ ਹੈ)। ਤੰਨੁ = ਤਨ, ਸਰੀਰ।
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥
Those who are imbued with their Lord, do not have the blood of greed in their bodies.
ਜੋ ਬੰਦੇ ਆਪਣੇ ਖਸਮ (ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ (ਉਹਨਾਂ ਦੇ) ਇਸ ਸਰੀਰ ਵਿਚ ਲਾਲਚ-ਰੂਪ ਲਹੂ ਨਹੀਂ ਹੁੰਦਾ। ਸਹ = ਖਸਮ। ਸਹ ਰਤੇ = ਖਸਮ ਨਾਲ ਰੰਗੇ ਹੋਏ। ਤਿਤੁ ਤਨਿ = ਉਸ ਸਰੀਰ ਵਿਚ। ਤਿਤੁ = ਉਸ ਵਿਚ।
ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥
When the Fear of God fills the body, it becomes thin; the blood of greed departs from within.
ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ, ਤਾਂ ਸਰੀਰ (ਇਸ ਤਰ੍ਹਾਂ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ-ਰੂਪ ਰੱਤ ਨਿਕਲ ਜਾਂਦੀ ਹੈ। ਭੈ ਪਇਐ = ਡਰ ਵਿਚ ਪਿਆਂ, ਡਰ ਵਿਚ ਰਿਹਾਂ। ਖੀਣੁ = ਪਤਲਾ, ਲਿੱਸਾ। ਜਾਇ = ਦੂਰ ਹੋ ਜਾਂਦੀ ਹੈ।
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥
Just as metal is purified by fire, the Fear of God removes the filthy residues of evil-mindedness.
ਜਿਵੇਂ ਅੱਗ ਵਿਚ (ਪਾਇਆ ਸੋਨਾ ਆਦਿਕ) ਧਾਤ ਸਾਫ਼ ਹੋ ਜਾਂਦੀ ਹੈ; ਇਸੇ ਤਰ੍ਹਾਂ ਪਰਮਾਤਮਾ ਦਾ ਡਰ (ਮਨੁੱਖ ਦੀ) ਭੈੜੀ ਮੱਤ-ਰੂਪ ਮੈਲ ਨੂੰ ਕੱਟ ਦੇਂਦਾ ਹੈ। ਬੈਸੰਤਰਿ = ਅੱਗ ਵਿਚ। ਸੁਧੁ = ਸਾਫ਼।
ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥੫੨॥
O Nanak, those humble beings are beautiful, who are imbued with the Lord's Love. ||52||
ਹੇ ਨਾਨਕ! ਉਹ ਬੰਦੇ ਸੋਹਣੇ ਹਨ ਜੋ ਪਰਮਾਤਮਾ ਨਾਲ ਨਿਹੁਂ ਲਾ ਕੇ (ਉਸ ਦੇ ਨਿਹੁਂ ਵਿਚ) ਰੰਗੇ ਹੋਏ ਹਨ ॥੫੨॥ ਜਿ = ਜੇਹੜੇ। ਰੰਗੁ = ਪਿਆਰ ॥੫੨॥