ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਐਸੇ ਕਾਹੇ ਭੂਲਿ ਪਰੇ ॥
Why do you wander in delusion like this?
(ਹੇ ਭਾਈ! ਪਤਾ ਨਹੀਂ ਜੀਵ) ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ। ਐਸੇ = ਇਸ ਤਰ੍ਹਾਂ। ਕਾਹੇ = ਕਿਉਂ? ਭੂਲਿ ਪਰੇ = (ਜੀਵ) ਭੁੱਲੇ ਪਏ ਹਨ, ਕੁਰਾਹੇ ਪਏ ਹੋਏ ਹਨ।
ਕਰਹਿ ਕਰਾਵਹਿ ਮੂਕਰਿ ਪਾਵਹਿ ਪੇਖਤ ਸੁਨਤ ਸਦਾ ਸੰਗਿ ਹਰੇ ॥੧॥ ਰਹਾਉ ॥
You act, and incite others to act, and then deny it. The Lord is always with you; He sees and hears everything. ||1||Pause||
(ਜੀਵ ਸਾਰੇ ਮੰਦੇ ਕਰਮ) ਕਰਦੇ ਕਰਾਂਦੇ ਭੀ ਹਨ, (ਫਿਰ) ਮੁੱਕਰ ਭੀ ਜਾਂਦੇ ਹਨ (ਕਿ ਅਸਾਂ ਨਹੀਂ ਕੀਤੇ)। ਪਰ ਪਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਵੱਸਦਾ (ਸਭਨਾਂ ਦੀਆਂ ਕਰਤੂਤਾਂ) ਵੇਖਦਾ ਸੁਣਦਾ ਹੈ ॥੧॥ ਰਹਾਉ ॥ ਕਰਹਿ ਕਰਾਵਹਿ = (ਜੀਵ ਸਭ ਕੁਝ) ਕਰਦੇ ਕਰਾਂਦੇ ਹਨ। ਪੇਖਤ = ਵੇਖਦਾ। ਸੰਗਿ = ਨਾਲ ॥੧॥ ਰਹਾਉ ॥
ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥
You purchase glass, and discard gold; you are in love with your enemy, while you renounce your true friend.
ਹੇ ਭਾਈ! ਕੱਚ ਦਾ ਵਪਾਰ ਕਰਨਾ, ਸੋਨਾ ਛੱਡ ਦੇਣਾ, ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ-(ਇਹ ਹਨ ਜੀਵਾਂ ਦੀਆਂ ਕਰਤੂਤਾਂ)। ਕਾਜ = ਕੱਚ। ਬਿਹਾਝਨ = ਖ਼ਰੀਦਣਾ, ਵਪਾਰ ਕਰਨਾ। ਕੰਚਨ = ਸੋਨਾ। ਹੇਤੁ = ਪਿਆਰ। ਖਰੇ ਸਾਜਨ = ਸੱਚੇ ਮਿੱਤਰ।
ਹੋਵਨੁ ਕਉਰਾ ਅਨਹੋਵਨੁ ਮੀਠਾ ਬਿਖਿਆ ਮਹਿ ਲਪਟਾਇ ਜਰੇ ॥੧॥
That which exists, seems bitter; that which does not exist, seems sweet to you. Engrossed in corruption, you are burning away. ||1||
ਪਰਮਾਤਮਾ (ਦਾ ਨਾਮ) ਕੌੜਾ ਲੱਗਣਾ, ਮਾਇਆ ਦਾ ਮੋਹ ਮਿੱਠਾ ਲੱਗਣਾ (-ਇਹ ਹੈ ਨਿੱਤ ਦਾ ਸੁਭਾਉ ਜੀਵਾਂ ਦਾ। ਮਾਇਆ ਦੇ ਮੋਹ ਵਿਚ ਫਸ ਕੇ ਸਦਾ ਖਿੱਝਦੇ ਰਹਿੰਦੇ ਹਨ) ॥੧॥ ਹੋਵਨੁ = ਜੋ ਸਦਾ ਕਾਇਮ ਹੈ, ਪਰਮਾਤਮਾ। ਕਉਰਾ = ਕੌੜਾ। ਅਨਹੋਵਨੁ = ਜੋ ਸਦਾ ਰਹਿਣ ਵਾਲਾ ਨਹੀਂ, ਜਗਤ। ਬਿਖਿਆ = ਮਾਇਆ। ਜਰੇ = ਸੜਦੇ ਹਨ, ਖਿੱਝਦੇ ਹਨ ॥੧॥
ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥
The mortal has fallen into the deep, dark pit, and is entangled in the darkness of doubt, and the bondage of emotional attachment.
ਹੇ ਭਾਈ! ਜੀਵ (ਸਦਾ) ਮੋਹ ਦੇ ਅੰਨ੍ਹੇ (ਹਨੇਰੇ) ਖੂਹ ਵਿਚ ਪਏ ਰਹਿੰਦੇ ਹਨ, (ਜੀਵਾਂ ਨੂੰ ਸਦਾ) ਭਟਕਣਾ ਲੱਗੀ ਰਹਿੰਦੀ ਹੈ, ਮੋਹ ਦੇ ਹਨੇਰੇ ਜਕੜ ਵਿਚ ਫਸੇ ਰਹਿੰਦੇ ਹਨ (ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪਏ ਰਹਿੰਦੇ ਹਨ)। ਅੰਧ ਕੂਪ ਮਹਿ = ਅੰਨ੍ਹੇ ਖੂਹ ਵਿਚ। ਭਰਮੁ = ਭਟਕਣ। ਗੁਬਾਰ = ਹਨੇਰਾ। ਬੰਧਿ = ਬੰਧਨ ਵਿਚ।
ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥੨॥੧੦॥੯੬॥
Says Nanak, when God becomes merciful, one meets with the Guru, who takes him by the arm, and lifts him out. ||2||10||96||
ਨਾਨਕ ਆਖਦਾ ਹੈ- ਜਿਸ ਮਨੁੱਖ ਉੱਤੇ ਪ੍ਰਭੂ ਦਇਆਵਾਨ ਹੁੰਦਾ ਹੈ, ਉਸ ਨੂੰ ਗੁਰੂ ਮਿਲ ਪੈਂਦਾ ਹੈ (ਤੇ, ਗੁਰੂ ਉਸ ਦੀ) ਬਾਂਹ ਫੜ ਕੇ (ਉਸ ਨੂੰ ਹਨੇਰੇ ਖੂਹ ਵਿਚੋਂ) ਕੱਢ ਲੈਂਦਾ ਹੈ ॥੨॥੧੦॥੯੬॥ ਦਇਆਰਾ = ਦਇਆਲ। ਭੇਟੈ = ਮਿਲਦਾ ਹੈ। ਫਰੇ = ਫਰਿ, ਫੜ ਕੇ ॥੨॥੧੦॥੯੬॥