ਚੌਪਈ ॥

ਚੌਪਈ:

ਦਰਪ ਕਲਾ ਇਹ ਭਾਤ ਉਚਾਰੀ ॥

ਦਰਪ ਕਲਾ ਨੇ (ਆਪਣੇ ਮਿਤਰ ਨੂੰ) ਇਸ ਤਰ੍ਹਾਂ ਕਿਹਾ,

ਸੁਨੋ ਮੀਤ ਤੁਮ ਬਾਤ ਹਮਾਰੀ ॥

ਹੇ ਮਿਤਰ! ਮੇਰੀ ਗੱਲ ਸੁਣੋ। (ਜਦੋਂ ਤੈਨੂੰ ਰਾਜੇ ਦੇ ਪੇਸ਼ ਕਰਨਗੇ ਤਾਂ)

ਸੋਨਾ ਬੋਵਤ ਮੁਹਿ ਤੁਮ ਕਹਿਯਹੁ ॥

ਕਹਿਣਾ ਕਿ ਤੂੰ ਮੈਨੂੰ ਸੋਨਾ ਬੀਜ ਕੇ (ਵਿਖਾ ਰਿਹਾ ਸੈਂ)।

ਯੌ ਕਹਿ ਨੈਨ ਨੀਚ ਕਰਿ ਰਹਿਯਹੁ ॥੯॥

ਇਹ ਕਹਿ ਕੈ ਨੈਣ ਹੇਠਾਂ ਕਰ ਲਈਂ ॥੯॥

ਨ੍ਰਿਪ ਪਹਿ ਬਾਧ ਤਾਹਿ ਲੈ ਗਏ ॥

ਉਸ ਨੂੰ ਬੰਨ੍ਹ ਕੇ ਰਾਜੇ ਕੋਲ ਲੈ ਗਏ।

ਤੇ ਵੈ ਬੈਨ ਬਖਾਨਤ ਭਏ ॥

ਉਥੇ ਉਸ ਨੇ ਉਹੀ ਗੱਲ ਕਹੀ।

ਏਕ ਬਾਤ ਮੈ ਤੁਮੈ ਦਿਖਾਊ ॥

ਜੇ ਮੈਂ ਇਕ ਗੱਲ ਤੁਹਾਨੂੰ ਵਿਖਾਵਾਂ ਤਾਂ ਦਸੋ,

ਤੁਮ ਤੇ ਕਹੋ ਕਹਾ ਤਬ ਪਾਊਾਂ ॥੧੦॥

ਤੁਹਾਡੇ ਤੋਂ ਕੀ ਪ੍ਰਾਪਤ ਕਰਾਂਗਾ ॥੧੦॥

ਜਾ ਪੈ ਬੈਠੇ ਮੁਹਿ ਗਹਿ ਆਨੋ ॥

ਜਿਥੋਂ ਮੈਨੂੰ ਬੈਠੇ ਨੂੰ ਤੁਸੀਂ ਪਕੜ ਲਿਆਂਦਾ ਸੀ,

ਉਨ ਮੋ ਸੋ ਇਹ ਭਾਤਿ ਬਖਾਨੋ ॥

ਉਸ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ।

ਜੌ ਮੈ ਕੰਚਨ ਬੀਜਿ ਦਿਖਾਊ ॥

ਜੇ ਮੈਂ ਸੋਨਾ ਬੀਜ ਕੇ ਵਿਖਾਵਾਂ,

ਤਬ ਮੈ ਕਹੋ ਕਹਾ ਬਰ ਪਾਊ ॥੧੧॥

ਦਸੋ, ਤਦ ਮੈਂ ਕੀ ਵਰ ਪ੍ਰਾਪਤ ਕਰਾਂਗਾ ॥੧੧॥

ਜਦ ਯੌ ਬਚਨ ਰਾਵ ਸੁਨਿ ਪਾਯੋ ॥

ਜਦ ਰਾਜੇ ਨੇ ਇਹ ਬੋਲ ਸੁਣਿਆ

ਦਰਪ ਕਲਾ ਕੌ ਬੋਲਿ ਪਠਾਯੋ ॥

ਤਾਂ ਦਰਪ ਕਲਾ ਨੂੰ ਬੁਲਵਾ ਲਿਆ।

ਤਾ ਕੋ ਏਕ ਧਾਮ ਮੈ ਰਾਖਿਯੋ ॥

ਉਸ (ਵਿਅਕਤੀ) ਨੂੰ ਇਕ ਮਹੱਲ ਵਿਚ ਰਖਿਆ

ਕੰਚਨ ਕੇ ਬੀਜਨ ਕਹ ਭਾਖਿਯੋ ॥੧੨॥

ਅਤੇ ਸੋਨਾ ਬੀਜਣ ਲਈ ਕਿਹਾ ॥੧੨॥

ਮੋਹਿ ਇਹ ਏਕ ਸਦਨ ਮੈ ਰਾਖੋ ॥

ਮੈਨੂੰ ਅਤੇ ਇਸ ਨੂੰ ਇਕ ਘਰ ਵਿਚ ਰਖੋ

ਭਲੀ ਬੁਰੀ ਕਛੁ ਬਾਤ ਨ ਭਾਖੋ ॥

ਅਤੇ ਕੋਈ ਮਾੜੀ ਚੰਗੀ ਗੱਲ ਨਾ ਕਹੋ।

ਜਬ ਮੈ ਮਾਸ ਇਕਾਦਸ ਲਹਿਹੌ ॥

ਜਦ ਗਿਆਰਾਂ ਮਹੀਨੇ ਬੀਤ ਜਾਣਗੇ

ਤੁਮ ਸੌ ਆਇ ਆਪ ਹੀ ਕਹਿਹੌ ॥੧੩॥

ਤਾਂ ਮੈਂ ਤੁਹਾਨੂੰ ਆਪ ਹੀ ਆ ਕੇ ਕਹਾਂਗਾ ॥੧੩॥

ਜਬ ਵੈ ਦੋਊ ਏਕ ਗ੍ਰਿਹ ਰਾਖੈ ॥

ਜਦ ਉਨ੍ਹਾਂ ਦੋਹਾਂ ਨੂੰ ਇਕ ਘਰ ਵਿਚ ਰਖਿਆ ਗਿਆ

ਤਬ ਤ੍ਰਿਯ ਯੌ ਤਾ ਸੌ ਬਚ ਭਾਖੈ ॥

ਤਾਂ ਇਸਤਰੀ ਨੇ ਮਿਤਰ ਨੂੰ ਇਸ ਤਰ੍ਹਾਂ ਕਿਹਾ,

ਮੋ ਸੌ ਭੋਗ ਮੀਤ ਅਬ ਕਰਿਯੈ ॥

ਹੇ ਮਿਤਰ! ਹੁਣ ਮੇਰੇ ਨਾਲ ਭੋਗ ਕਰੋ

ਯਾ ਚਿੰਤ ਤੇ ਨੈਕੁ ਨ ਡਰਿਯੈ ॥੧੪॥

ਅਤੇ ਇਸ ਤਰ੍ਹਾਂ ਦੀ ਚਿੰਤਾ ਤੋਂ ਨਾ ਡਰੋ ॥੧੪॥